ਚੰਡੀਗੜ੍ਹ, 04 ਜਨਵਰੀ 2024: ਪੰਜਾਬ ਦੇ ਕੈਬਿਨਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਪੰਜਾਬ ਸਰਕਾਰ (Punjab government) ਚਾਰੇ ਦੇ ਉਤਪਾਦਨ ਨਾਲ ਸਬੰਧਤ ਚੁਣੌਤੀਆਂ ਨਾਲ ਨਜਿੱਠਣ ਲਈ ਐਲਫਾਲਫਾ ਨੂੰ ਸੂਬੇ ਦੀ ਚਾਰੇ ਪ੍ਰਣਾਲੀ ‘ਚ ਸ਼ਾਮਲ ਕਰਨ ਲਈ ਸਹਾਇਕ ਪਹਿਲਕਦਮੀਆਂ ਨੂੰ ਉਤਸ਼ਾਹਿਤ ਕਰੇਗੀ।
ਗੁਰਮੀਤ ਸਿੰਘ ਖੁੱਡੀਆਂ ਨੇ ਬੀਤੇ ਦਿਨ ਸੀ.ਆਈ.ਆਈ. ਦੇ ਖੇਤਰ ‘ਚ ਪੰਜਾਬ ਐਗਰੋ ਇੰਡਸਟਰੀਜ਼ ਕਾਰਪੋਰੇਸ਼ਨ ਲਿਮਟਿਡ (PAIC) ਦੁਆਰਾ ਨਮੋਸਟੂਟ ਇਨੋਵੇਟਰਜ਼ ਐਲ.ਐਲ.ਪੀ. (N.S.I) ਅਤੇ ਟੀਮ ਐਥੀਨਾ ਦੇ ਸਹਿਯੋਗ ਨਾਲ ਸਸਟੇਨੇਬਲ ਫੌਰੇਜ ਸਲਿਊਸ਼ਨ: ਐਲਫਾਲਫਾ-ਮੈਕਨਾਈਜ਼ੇਸ਼ਨ, ਪ੍ਰੋਡੱਕਸ਼ਨ ਅਤੇ ਮਾਰਕੀਟਿੰਗ ਬਾਰੇ ਕਰਵਾਈ ਸਟੇਕਹੋਲਡਰਜ਼ ਦੀ ਕਾਨਫਰੰਸ ਨੂੰ ਸੰਬੋਧਨ ਕੀਤਾ |
ਗੁਰਮੀਤ ਸਿੰਘ ਖੁੱਡੀਆਂ ਨੇ ਚਾਰੇ ਦੀ ਘਾਟ ਨਾਲ ਨਜਿੱਠਣ ਅਤੇ ਪਸ਼ੂਆਂ ਦੀ ਉਤਪਾਦਕਤਾ ਵਧਾਉਣ ਲਈ ਨਵੀਨਤਮ ਉਪਾਵਾਂ ਦੀ ਮਹੱਤਤਾ ‘ਤੇ ਜ਼ੋਰ ਦਿੱਤਾ ਹੈ | ਉਨ੍ਹਾਂ ਨੇ ਦੱਸਿਆ ਕਿ ਪੰਜਾਬ ਐਗਰੋ ਵੱਲੋਂ ਲਾਡੋਵਾਲ (ਲੁਧਿਆਣਾ) ਵਿਖੇ 60 ਏਕੜ ਰਕਬੇ ‘ਚ ਐਲਫਾਲਫਾ ਦੀ ਕਾਸ਼ਤ ਕੀਤੀ ਹੈ। ਇਸ ਖੇਤੀ ਨੂੰ ਉਤਸ਼ਾਹਿਤ ਕਰਨ ਪਿੱਛੇ ਪੰਜਾਬ ਸਰਕਾਰ ਦਾ ਉਦੇਸ਼ ਕਿਸਾਨਾਂ ਨੂੰ ਟਿਕਾਊ ਅਤੇ ਕਿਫ਼ਾਇਤੀ ਚਾਰਾ ਮੁਹੱਈਆ ਕਰਵਾਉਣਾ ਹੈ, ਜਿਸ ਨਾਲ ਪਸ਼ੂ ਸਿਹਤਮੰਦ ਹੋਣਗੇ ਅਤੇ ਦੁੱਧ ਉਤਪਾਦਨ ‘ਚ ਵਾਧਾ ਹੋਵੇਗਾ।
ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਪੰਜਾਬ ਐਗਰੋ ਨੇ ਕਿਸਾਨਾਂ ਨੂੰ ਪਸ਼ੂਆਂ ਦੇ ਸਹੀ ਪੋਸ਼ਣ ਬਾਰੇ ਜਾਣਕਾਰੀ ਦੇਣ ਲਈ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (ਪੀ.ਏ.ਯੂ.) ਅਤੇ ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਨਾਲ ਭਾਈਵਾਲੀ ਕੀਤੀ ਹੈ।
ਉਨ੍ਹਾਂ ਕਿਹਾ ਕਿ ਐਲਫਾਲਫਾ ਚਾਰਾ ਉਗਾਉਣ ਦੇ ਬਹੁਤ ਸਾਰੇ ਫਾਇਦੇ ਹਨ, ਜਿਸ ‘ਚ ਉੱਚ ਪੌਸ਼ਟਿਕ ਤੱਤ ਅਤੇ ਜਾਨਵਰਾਂ ਦੀ ਸਿਹਤ ‘ਚ ਸੁਧਾਰ ਸ਼ਾਮਲ ਹੈ। ਇਸ ਤੋਂ ਇਲਾਵਾ, ਇਹ ਨਾਈਟ੍ਰੋਜਨ ਨੂੰ ਜਜ਼ਬ ਕਰਕੇ ਮਿੱਟੀ ਦੀ ਉਪਜਾਊ ਸ਼ਕਤੀ ਵਧਾਉਂਦਾ ਹੈ ਅਤੇ ਇਸ ਦੀਆਂ ਡੂੰਘੀਆਂ ਜੜ੍ਹਾਂ ਰਾਹੀਂ ਮਿੱਟੀ ‘ਚ ਡੂੰਘਾਈ ਤੋਂ ਨਮੀ ਪ੍ਰਾਪਤ ਕਰਦੀ ਹੈ। ਉਨ੍ਹਾਂ ਨੇ ਕਿਹਾ ਕਿ ਇਹ ਵਿਸ਼ੇਸ਼ਤਾ ਐਲਫਾਲਫਾ ਨੂੰ ਸੋਕੇ ਦੀਆਂ ਸਥਿਤੀਆਂ ਲਈ ਵਧੇਰੇ ਅਨੁਕੂਲ ਬਣਾਉਂਦੀ ਹੈ, ਸੁੱਕੇ ਮੌਸਮ ‘ਚ ਵੀ ਚਾਰੇ ਦੀ ਨਿਰੰਤਰ ਸਪਲਾਈ ਨੂੰ ਯਕੀਨੀ ਬਣਾਉਂਦੀ ਹੈ।
ਖੇਤੀਬਾੜੀ ਸੈਕਟਰ ‘ਚ ਟਿਕਾਊ ਵਿਕਾਸ ਅਤੇ ਚਾਰੇ ਨਾਲ ਸਬੰਧਤ ਚੁਣੌਤੀਆਂ ਦੇ ਹੱਲ ਲਈ ਪੰਜਾਬ ਸਰਕਾਰ (Punjab government) ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ, ਪੀ.ਏ.ਆਈ.ਸੀ. ਐਡੀਸ਼ਨਲ ਮੈਨੇਜਿੰਗ ਡਾਇਰੈਕਟਰ, ਜਗਨੂਰ ਸਿੰਘ ਗਰੇਵਾਲ ਨੇ ਐਲਫਾਲਫਾ ਨੂੰ ਇੱਕ ਉੱਚ ਪੌਸ਼ਟਿਕ ਚਾਰੇ ਵਾਲੀ ਫਸਲ ਦੱਸਿਆ, ਜੋ ਸਾਲ ਭਰ ਪਸ਼ੂਆਂ ਲਈ ਚਾਰੇ ਦੀ ਉਪਲਬਧਤਾ ਨੂੰ ਯਕੀਨੀ ਬਣਾਉਣ ਲਈ ਸਾਈਲੇਜ ਦੀ ਪੂਰਤੀ ਕਰਦੀ ਹੈ।
ਉਨ੍ਹਾਂ ਨੇ ਕਿਹਾ ਕਿ ਐਲਫਾਲਫਾ ਆਪਣੇ ਉੱਚ ਪੌਸ਼ਟਿਕ ਮੁੱਲ ਲਈ ਜਾਣਿਆ ਜਾਂਦਾ ਹੈ, ਜੋ ਇਸਨੂੰ ਘੋੜਿਆਂ, ਪਸ਼ੂਆਂ, ਭੇਡਾਂ ਅਤੇ ਬੱਕਰੀਆਂ ਵਰਗੇ ਪਸ਼ੂਆਂ ਲਈ ਇੱਕ ਆਦਰਸ਼ ਚਾਰਾ ਬਣਾਉਂਦਾ ਹੈ। ਉਨ੍ਹਾਂ ਕਿਹਾ ਕਿ ਇਸ ਚਾਰੇ ਨੂੰ ਇੱਕ ਵਾਰ ਬੀਜਣ ਤੋਂ ਬਾਅਦ ਤਿੰਨ ਸਾਲਾਂ ‘ਚ ਛੇ ਤੋਂ ਅੱਠ ਵਾਰੀ ਇਸ ਚਾਰੇ ਦੀ ਕਟਾਈ ਕੀਤੀ ਜਾ ਸਕਦੀ ਹੈ ਅਤੇ ਇਸ ਨਾਲ ਖੇਤੀ ਪ੍ਰਣਾਲੀ ‘ਚ ਸਮੁੱਚੀ ਸੁਧਾਰ ਹੋ ਸਕਦਾ ਹੈ। ਇਹ ਕੀੜਿਆਂ ਅਤੇ ਬਿਮਾਰੀਆਂ ਦੇ ਚੱਕਰ ਨੂੰ ਤੋੜਨ ‘ਚ ਮਦਦ ਕਰਦੀ ਹੈ ਅਤੇ ਅਗਲੀ ਫਸਲ ਦੀ ਉਤਪਾਦਕਤਾ ਨੂੰ ਵਧਾਉਂਦਾ ਹੈ।
ਕੈਲੀਫੋਰਨੀਆ ਯੂਨੀਵਰਸਿਟੀ, ਡੇਵਿਸ ਵਿਖੇ ਅਲਫਾਲਫਾ ਅਤੇ ਚਾਰੇ ਦੇ ਵਿਸਥਾਰ ਮਾਹਰ ਡਾ. ਡੈਨੀਅਲ ਐਚ. ਪੁਟੰਮ ਨੇ ਐਲਫਾਲਫਾ ਚਾਰੇ ਦੀ ਕਾਸ਼ਤ ‘ਚ ਵਿਸ਼ਵ ਪੱਧਰ ‘ਤੇ ਅਪਣਾਏ ਵਧੀਆ ਅਭਿਆਸਾਂ ਬਾਰੇ ਜਾਣਕਾਰੀ ਸਾਂਝੀ ਕੀਤੀ। ਕਾਨਫਰੰਸ ‘ਚ ਡੇਅਰੀ ਫਾਰਮਾਂ, ਸਟੱਡ ਫਾਰਮਾਂ, ਬੱਕਰੀ ਫਾਰਮਾਂ, ਸੂਰ ਪਾਲਣ ਯੂਨਿਟਾਂ ਅਤੇ ਪੋਲਟਰੀ ਫਾਰਮਾਂ ਦੇ ਨੁਮਾਇੰਦਿਆਂ ਸਮੇਤ ਵੱਖ-ਵੱਖ ਹਿੱਸੇਦਾਰਾਂ ਨੇ ਭਾਗ ਲਿਆ। ਡੇਅਰੀ ਅਤੇ ਐਗਰੀ-ਫੂਡ ਉਦਯੋਗ ਜਿਵੇਂ ਕਿ ਨੈਸਲੇ, ਅਮੂਲ, ਮਿਲਕਫੈੱਡ, ਆਈਟੀਸੀ, ਯੂਨੀਲੀਵਰ ਅਤੇ ਬਾਨੀ ਮਿਲਕ ਦੇ ਪ੍ਰਮੁੱਖ ਖਿਡਾਰੀਆਂ ਨੇ ਵੀ ਕਾਨਫਰੰਸ ‘ਚ ਹਿੱਸਾ ਲਿਆ।