IND vs AUS

IND vs AUS: ਮੈਲਬੋਰਨ ਟੈਸਟ ਮੈਚ ਦੇ ਤੀਜੇ ਦਿਨ ਦੀ ਖੇਡ ਸਮਾਪਤ, ਨਿਤੀਸ਼ ਰੈੱਡੀ ਨੇ ਬਣਾਇਆ ਰਿਕਾਰਡ

ਚੰਡੀਗੜ੍ਹ, 28 ਦਸੰਬਰ 2024: IND vs AUS Test: ਮੈਲਬੋਰਨ ‘ਚ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਖੇਡੇ ਜਾ ਰਹੇ ਟੈਸਟ ਮੈਚ ‘ਚ ਇੱਕ ਵਾਰ ਫਿਰ ਮੀਂਹ ਰੁਕਾਵਟ ਬਣਿਆ | ਜਿਸਦੇ ਚੱਲਦੇ ਖਰਾਬ ਰੋਸ਼ਨੀ ਕਾਰਨ ਤੀਜੇ ਦਿਨ ਦੀ ਖੇਡ ਰੋਕ ਦਿੱਤੀ ਗਈ। ਇਸਦੇ ਨਾਲ ਹੀ ਚੌਥੇ ਟੈਸਟ ਮੈਚ ਦੇ ਤੀਜੇ ਦਿਨ ਦੀ ਖੇਡ ਸਮਾਪਤ ਕਰ ਦਿੱਤੀ |

ਤੀਜੇ ਦਿਨ ਦੀ ਖੇਡ ਸਮਾਪਤ ਹੋਣ ਤੱਕ ਭਾਰਤ ਨੇ ਆਪਣੀ ਪਹਿਲੀ ਪਾਰੀ ‘ਚ ਨੌਂ ਵਿਕਟਾਂ ਗੁਆ ਕੇ 358 ਦੌੜਾਂ ਬਣਾ ਲਈਆਂ ਹਨ। ਆਸਟਰੇਲੀਆ ਨੇ ਆਪਣੀ ਪਹਿਲੀ ਪਾਰੀ (IND vs AUS) ‘ਚ 474 ਦੌੜਾਂ ਬਣਾਈਆਂ ਸਨ। ਇਸ ਲਿਹਾਜ਼ ਨਾਲ ਭਾਰਤ ਅਜੇ 116 ਦੌੜਾਂ ਪਿੱਛੇ ਹੈ। ਨਿਤੀਸ਼ ਰੈੱਡੀ ਨੇ ਸ਼ਾਨਦਾਰ ਸੈਂਕੜਾ ਲਗਾਇਆ। ਉਹ ਫਿਲਹਾਲ 105 ਦੌੜਾਂ ਬਣਾ ਕੇ ਨਾਬਾਦ ਹੈ। ਹੁਣ ਤੱਕ ਉਹ 176 ਗੇਂਦਾਂ ਦੀ ਆਪਣੀ ਪਾਰੀ ‘ਚ 10 ਚੌਕੇ ਅਤੇ ਇੱਕ ਛੱਕਾ ਲਗਾ ਚੁੱਕੇ ਹਨ। ਮੁਹੰਮਦ ਸਿਰਾਜ ਵੀ ਦੋ ਦੌੜਾਂ ਬਣਾ ਕੇ ਨਾਬਾਦ ਹੈ।

ਨਿਤੀਸ਼ ਰੈੱਡੀ ਦਾ ਪਹਿਲਾ ਅੰਤਰਰਾਸ਼ਟਰੀ ਸੈਂਕੜਾ

ਨਿਤੀਸ਼ ਰੈੱਡੀ ਨੇ ਬੋਲੈਂਡ ਦੀ ਗੇਂਦ ‘ਤੇ ਚੌਕਾ ਲਗਾ ਕੇ 171 ਗੇਂਦਾਂ ‘ਚ ਸੈਂਕੜਾ ਲਗਾਇਆ। ਇਹ ਉਨ੍ਹਾਂ ਦੇ ਅੰਤਰਰਾਸ਼ਟਰੀ ਕਰੀਅਰ ਦਾ ਪਹਿਲਾ ਸੈਂਕੜਾ ਹੈ। ਇਸ ਨਾਲ ਨਿਤੀਸ਼ ਆਸਟ੍ਰੇਲੀਆ ‘ਚ ਟੈਸਟ ‘ਚ ਸੈਂਕੜਾ ਲਗਾਉਣ ਵਾਲੇ ਤੀਜੇ ਸਭ ਤੋਂ ਨੌਜਵਾਨ ਭਾਰਤੀ ਬਣ ਗਏ ਹਨ। ਸਿਰਫ਼ ਸਚਿਨ ਤੇਂਦੁਲਕਰ ਅਤੇ ਰਿਸ਼ਭ ਪੰਤ ਹੀ ਉਸ ਤੋਂ ਅੱਗੇ ਹਨ। ਨਿਤੀਸ਼ ਲਈ ਇਹ ਸੈਂਕੜਾ ਇਸ ਲਈ ਵੀ ਖਾਸ ਹੈ ਕਿਉਂਕਿ ਉਨ੍ਹਾਂ ਦੇ ਪਿਤਾ ਮੁਤਿਆਲਾ ਰੈੱਡੀ ਦਰਸ਼ਕ ਗੈਲਰੀ ‘ਚ ਮੌਜੂਦ ਹਨ ਅਤੇ ਇਹ ਮੈਚ ਦੇਖ ਰਹੇ ਹਨ। ਪਿਤਾ ਦੇ ਸਾਹਮਣੇ ਸੈਂਕੜਾ ਜੜਨ ਤੋਂ ਬਾਅਦ ਨਿਤੀਸ਼ ਵੀ ਭਾਵੁਕ ਹੋ ਗਏ।

ਨਿਤੀਸ਼ ਨੇ ਨੌਵੇਂ ਨੰਬਰ ‘ਤੇ ਬੱਲੇਬਾਜ਼ੀ ਕਰਨ ਆਏ ਵਾਸ਼ਿੰਗਟਨ ਸੁੰਦਰ ਨਾਲ ਅੱਠਵੇਂ ਵਿਕਟ ਲਈ 127 ਦੌੜਾਂ ਦੀ ਸਾਂਝੇਦਾਰੀ ਕੀਤੀ। ਸੁੰਦਰ ਅਤੇ ਨਿਤੀਸ਼ ਦੋਵਾਂ ਨੇ 150-150 ਗੇਂਦਾਂ ਖੇਡੀਆਂ। ਟੈਸਟ ਕ੍ਰਿਕਟ ‘ਚ ਇਹ ਪਹਿਲਾ ਮੌਕਾ ਹੈ ਜਦੋਂ ਕਿਸੇ ਟੀਮ ਦੇ ਅੱਠਵੇਂ ਅਤੇ ਨੌਵੇਂ ਨੰਬਰ ਦੇ ਬੱਲੇਬਾਜ਼ਾਂ ਨੇ 150 ਤੋਂ ਵੱਧ ਗੇਂਦਾਂ ਖੇਡੀਆਂ ਹੋਣ। ਦੋਵਾਂ ਨੇ ਸਾਂਝੇ ਤੌਰ ‘ਤੇ 285 ਗੇਂਦਾਂ ਖੇਡੀਆਂ ਭਾਵ ਲਗਭਗ 48 ਓਵਰਾਂ ਦੀ ਬੱਲੇਬਾਜ਼ੀ ਕੀਤੀ। ਸੁੰਦਰ 162 ਗੇਂਦਾਂ ‘ਚ ਇਕ ਚੌਕੇ ਦੀ ਮਦਦ ਨਾਲ 50 ਦੌੜਾਂ ਬਣਾ ਕੇ ਆਊਟ ਹੋ ਗਏ।

ਇਸ ਤੋਂ ਪਹਿਲਾਂ ਯਸ਼ਸਵੀ ਜੈਸਵਾਲ 82 ਦੌੜਾਂ ਬਣਾ ਕੇ, ਰੋਹਿਤ ਸ਼ਰਮਾ ਤਿੰਨ ਦੌੜਾਂ ਬਣਾ ਕੇ, ਕੇਐੱਲ ਰਾਹੁਲ 24 ਦੌੜਾਂ ਬਣਾ ਕੇ, ਵਿਰਾਟ ਕੋਹਲੀ 36 ਦੌੜਾਂ ਬਣਾ ਕੇ, ਰਿਸ਼ਭ ਪੰਤ 28 ਦੌੜਾਂ ਬਣਾ ਕੇ ਅਤੇ ਰਵਿੰਦਰ ਜਡੇਜਾ 17 ਦੌੜਾਂ ਬਣਾ ਕੇ ਆਊਟ ਹੋਏ। ਜਸਪ੍ਰੀਤ ਬੁਮਰਾਹ ਅਤੇ ਆਕਾਸ਼ ਦੀਪ ਖਾਤਾ ਵੀ ਨਹੀਂ ਖੋਲ੍ਹ ਸਕੇ।

Read More: IND vs AUS: ਨਿਤੀਸ਼ ਰੈੱਡੀ ਨੇ ਆਪਣੇ ਅੰਤਰਰਾਸ਼ਟਰੀ ਕਰੀਅਰ ਦਾ ਪਹਿਲਾ ਸੈਂਕੜਾ ਜੜਿਆ

Scroll to Top