Invest Punjab

Invest Punjab: ਪੰਜਾਬ ‘ਚ ਢਾਈ ਸਾਲਾਂ ਦੌਰਾਨ 86 ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ ਦਾ ਹੋਇਆ ਨਿਵੇਸ਼: ਤਰੁਣਪ੍ਰੀਤ ਸਿੰਘ ਸੌਂਦ

ਚੰਡੀਗੜ੍ਹ, 23 ਦਸੰਬਰ 2024: Invest Punjab: ਪੰਜਾਬ ਦੇ ਸਨਅਤ ਅਤੇ ਵਣਜ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਨੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਸਨਅਤਕਾਰਾਂ ਨੂੰ ਪੰਜਾਬ ‘ਚ ਨਿਵੇਸ਼ ਕਰਨ ਦਾ ਸੱਦਾ ਦਿੱਤਾ ਹੈ। ਤਰੁਣਪ੍ਰੀਤ ਸੌਂਦ ਨੇ ਕਿਹਾ ਕਿ ਪੰਜਾਬ ਦੀਆਂ ਸਨਅਤ ਪੱਖੀ ਨੀਤੀਆਂ ਕਾਰਨ ਦੁਨੀਆਂ ਭਰ ਦੇ ਸਨਅਤਕਾਰ ਇੱਥੇ ਨਿਵੇਸ਼ ਕਰਨ ‘ਚ ਦਿਲਚਸਪੀ ਦਿਖਾ ਰਹੇ ਹਨ। ਉਨ੍ਹਾਂ ਦੱਸਿਆ ਕਿ ਮਾਰਚ 2022 ਤੋਂ ਹੁਣ ਤੱਕ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ 86,541 ਕਰੋੜ ਰੁਪਏ ਦਾ ਨਿਵੇਸ਼ ਪ੍ਰਾਪਤ ਹੋਇਆ ਹੈ।

ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਨੇ ਦੱਸਿਆ ਕਿ 2022 ਤੱਕ 5,300 ਤੋਂ ਵੱਧ ਨਿਵੇਸ਼ ਪ੍ਰਸਤਾਵ ਪ੍ਰਾਪਤ ਹੋਏ ਹਨ, ਜਿਨ੍ਹਾਂ ‘ਚੋਂ 86,541 ਕਰੋੜ ਰੁਪਏ ਦਾ ਨਿਵੇਸ਼ ਕੀਤਾ ਹੈ, ਜਿਸ ਨਾਲ ਲਗਭਗ 3,92,540 ਵਿਅਕਤੀਆਂ ਨੂੰ ਰੁਜ਼ਗਾਰ ਮਿਲੇਗਾ।

ਤਰੁਣਪ੍ਰੀਤ ਸੌਂਦ ਨੇ ਕਿਹਾ ਕਿ ਮੌਜੂਦਾ ਪੰਜਾਬ ਸਰਕਾਰ ਦੇ ਕਾਰਜਕਾਲ ਦੌਰਾਨ ਕੁਝ ਪ੍ਰਮੁੱਖ ਪ੍ਰੋਜੈਕਟਾਂ ‘ਚ ਟਾਟਾ ਸਟੀਲ ਲਿਮਟਿਡ (2,600 ਕਰੋੜ ਰੁਪਏ), ਸਨਾਥਨ ਪੋਲੀਕੋਟ ਪ੍ਰਾਈਵੇਟ ਲਿਮਟਿਡ (1,600 ਕਰੋੜ ਰੁਪਏ), ਅੰਬੂਜਾ ਸੀਮੈਂਟਸ ਲਿਮਟਿਡ (1,400 ਕਰੋੜ ਰੁਪਏ), ਰੁਚਿਰਾ ਪੇਪਰਜ਼ ਲਿਮਟਿਡ (1,137 ਕਰੋੜ ਰੁਪਏ), ਟੋਪਨ ਸਪੈਸ਼ਲਿਟੀ ਫਿਲਮਜ਼ ਲਿਮਟਿਡ (787 ਕਰੋੜ ਰੁਪਏ), ਨੇਸਲੇ ਇੰਡੀਆ ਲਿਮਟਿਡ (583 ਕਰੋੜ ਰੁਪਏ), ਹੈਪੀ ਫੋਰਜਿੰਗਜ਼ ਲਿਮਟਿਡ (438 ਕਰੋੜ ਰੁਪਏ), ਫਰੂਡੇਨਬਰਗ ਗਰੁੱਪ (339 ਕਰੋੜ ਰੁਪਏ), ਓਏਕੇਮੇਟਕੋਰਪ ਲਿਮਟਿਡ (309 ਕਰੋੜ ਰੁਪਏ) ਅਤੇ ਕਾਰਗਿਲ ਇੰਡੀਆ ਪ੍ਰਾਈਵੇਟ ਲਿਮਟਿਡ (160 ਕਰੋੜ ਰੁਪਏ ) ਦਾ ਨਿਵੇਸ਼ (Invest) ਕੀਤਾ ਹੈ |

ਉਨ੍ਹਾਂ ਹੋਰ ਵਪਾਰੀਆਂ ਨੂੰ ਵੀ ਪੰਜਾਬ ‘ਚ ਆਪਣੇ ਉਦਯੋਗ ਸ਼ੁਰੂ ਕਰਨ ਦਾ ਸੱਦਾ ਦਿੱਤਾ ਅਤੇ ਕਿਹਾ ਕਿ ਪੰਜਾਬ ਸਰਕਾਰ ਹਰ ਸੰਭਵ ਸਹਾਇਤਾ ਪ੍ਰਦਾਨ ਕਰੇਗੀ। ਉਨ੍ਹਾਂ ਕਿਹਾ ਕਿ ਪੰਜਾਬ ਦਾ ਮਾਹੌਲ ਨਿਵੇਸ਼ ਲਈ ਅਨੁਕੂਲ, ਵਿਵਸਥਿਤ ਅਤੇ ਸ਼ਾਂਤੀਪੂਰਨ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀਆਂ ਨੀਤੀਆਂ ਉਦਯੋਗ ਪੱਖੀ ਹਨ ਅਤੇ ਛੋਟੇ ਅਤੇ ਦਰਮਿਆਨੇ ਉਦਯੋਗਪਤੀ ਅੱਜ ਹੀ ਹਲਫਨਾਮਾ ਦੇ ਕੇ ਆਪਣਾ ਕਾਰੋਬਾਰ ਸ਼ੁਰੂ ਕਰ ਸਕਦੇ ਹਨ। ਜ਼ਰੂਰੀ ਦਸਤਾਵੇਜ਼ੀ ਪ੍ਰਕਿਰਿਆ ਤਿੰਨ ਸਾਲਾਂ ਦੇ ਅੰਦਰ ਪੂਰੀ ਕੀਤੀ ਜਾ ਸਕਦੀ ਹੈ।

ਤਰੁਣਪ੍ਰੀਤ ਸੌਂਦ ਨੇ ਕਿਹਾ ਕਿ ਪੰਜਾਬ ਦਾ “ਇਨਵੈਸਟ ਪੰਜਾਬ” (Invest Punjab) ਪੋਰਟਲ ਆਪਣੀ ਕਾਰਜਕੁਸ਼ਲਤਾ ਦੇ ਕਾਰਨ 28 ਸੂਬਿਆਂ ‘ਚੋਂ ਪਹਿਲੇ ਸਥਾਨ ‘ਤੇ ਹੈ ਅਤੇ ਇਸ ‘ਤੇ ਲਗਭਗ 58,000 ਛੋਟੇ ਅਤੇ ਦਰਮਿਆਨੇ ਨਵੇਂ ਉਦਯੋਗਾਂ ਨੇ ਰਜਿਸਟਰ ਕੀਤਾ ਹੈ, ਜੋ ਕਿ ਆਪਣੇ ਆਪ ‘ਚ ਇੱਕ ਰਿਕਾਰਡ ਹੈ।

ਤਰੁਣਪ੍ਰੀਤ ਸੌਂਦ ਨੇ ਉਮੀਦ ਪ੍ਰਗਟਾਈ ਕਿ ਉਦਯੋਗ ਪੱਖੀ ਨੀਤੀਆਂ ਕਾਰਨ ਪੰਜਾਬ ਦਾ ਉਦਯੋਗਿਕ ਖੇਤਰ ਜਲਦੀ ਹੀ ਤੇਜ਼ੀ ਨਾਲ ਤਰੱਕੀ ਕਰੇਗਾ ਅਤੇ ਪੰਜਾਬ ਵੱਲ ਵੱਧ ਤੋਂ ਵੱਧ ਨਿਵੇਸ਼ ਆਕਰਸ਼ਿਤ ਹੋਵੇਗਾ।

Read More: ਪੰਜਾਬ ‘ਚ NOC ਬਿਨਾਂ ਰਜਿਸਟਰੀਆਂ ਹੋਈਆਂ ਸ਼ੁਰੂ: ਹਰਦੀਪ ਸਿੰਘ ਮੁੰਡੀਆਂ

Scroll to Top