MSP Haryana

MSP Haryana: ਹਰਿਆਣਾ ਸਰਕਾਰ ਵੱਲੋਂ MSP ‘ਤੇ 24 ਫਸਲਾਂ ਖਰੀਦਣ ਲਈ ਨੋਟੀਫਿਕੇਸ਼ਨ ਜਾਰੀ

ਚੰਡੀਗੜ੍ਹ, 23 ਦਸੰਬਰ 2024: MSP Haryana News: ਹਰਿਆਣਾ ਸਰਕਾਰ (Haryana Government) ਨੇ ਸੂਬੇ ‘ਚ ਕਿਸਾਨਾਂ ਤੋਂ ਘੱਟੋ-ਘੱਟ ਸਮਰਥਨ ਮੁੱਲ (MSP) ‘ਤੇ 24 ਫਸਲਾਂ ਦੀ ਖਰੀਦ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਜਾਰੀ ਕੀਤੇ ਇਸ ਨੋਟੀਫਿਕੇਸ਼ਨ ਦਾ ਮਕਸਦ ਕਿਸਾਨਾਂ ਦੀ ਜਿਣਸ ਦੀ ਸਹੀ ਕੀਮਤ ਯਕੀਨੀ ਬਣਾਉਣਾ ਹੈ।

ਹਰਿਆਣਾ ਸਰਕਾਰ (Haryana Government) ਮੁਤਾਬਕ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਸਾਨਾਂ ਪ੍ਰਤੀ ਰਾਜ ਦੀ ਵਚਨਬੱਧਤਾ ਨੂੰ ਹੋਰ ਮਜ਼ਬੂਤ ​​ਕਰਦੇ ਹੋਏ ਘੱਟੋ-ਘੱਟ ਸਮਰਥਨ ਮੁੱਲ ਤਹਿਤ 10 ਵਾਧੂ ਫਸਲਾਂ ਖਰੀਦਣ ਦਾ ਐਲਾਨ ਕੀਤਾ ਸੀ। ਇਨ੍ਹਾਂ ਫਸਲਾਂ ‘ਚ ਅਰਾਈ, ਸੋਇਆਬੀਨ, ਨਾਈਗਰਸੀਡ, ਕੇਸਫਲਾਵਰ, ਜੌਂ, ਮੱਕੀ, ਜਵਾਰ, ਜੂਟ, ਖੋਪਾ ਅਤੇ ਗਰਮੀਆਂ ਦੀ ਮੂੰਗੀ ਸ਼ਾਮਲ ਹੈ। ਇਹ ਫਸਲਾਂ ਹੁਣ 14 ਫਸਲਾਂ ਦੀ ਸੂਚੀ ‘ਚ ਸ਼ਾਮਲ ਕੀਤੀਆਂ ਜਾਣਗੀਆਂ ਜੋ ਪਹਿਲਾਂ ਹੀ ਘੱਟੋ ਘੱਟ ਸਮਰਥਨ ਮੁੱਲ ‘ਤੇ ਖਰੀਦੀਆਂ ਜਾ ਰਹੀਆਂ ਹਨ।

ਇਨ੍ਹਾਂ ‘ਚ ਝੋਨਾ, ਬਾਜਰਾ, ਸਾਉਣੀ ਦੀ ਮੂੰਗੀ, ਉੜਦ, ਅਰਹਰ, ਤਿਲ, ਕਪਾਹ, ਮੂੰਗਫਲੀ, ਕਣਕ, ਸਰ੍ਹੋਂ, ਛੋਲੇ, ਦਾਲ, ਸੂਰਜਮੁਖੀ ਅਤੇ ਗੰਨਾ ਵਰਗੀਆਂ ਮਹੱਤਵਪੂਰਨ ਖੁਰਾਕੀ ਅਤੇ ਨਕਦੀ ਫਸਲਾਂ ਸ਼ਾਮਲ ਹਨ।

ਇਹ ਨੋਟੀਫਿਕੇਸ਼ਨ ਕੇਂਦਰ ਸਰਕਾਰ ਦੀ ਘੱਟੋ-ਘੱਟ ਸਮਰਥਨ ਮੁੱਲ (MSP) ਨੀਤੀ ਦੇ ਨਾਲ ਮੇਲ ਖਾਂਦਾ ਹੈ, ਇਸ ਤਰ੍ਹਾਂ ਇਹ ਯਕੀਨੀ ਬਣਾਉਂਦਾ ਹੈ ਕਿ ਸਾਰੀਆਂ ਨੋਟੀਫਾਈਡ ਫਸਲਾਂ ਸਰਕਾਰ ਦੁਆਰਾ ਐਲਾਨੇ ਗਏ ਘੱਟੋ-ਘੱਟ ਸਮਰਥਨ ਮੁੱਲ ‘ਤੇ ਖਰੀਦੀਆਂ ਜਾਣ। ਇਸ ਤੋਂ ਇਲਾਵਾ, ਗੰਨੇ ਦੀ ਖਰੀਦ ਘੱਟੋ-ਘੱਟ ਸਮਰਥਨ ਮੁੱਲ ਦੇ ਬਰਾਬਰ ਉਚਿਤ ਅਤੇ ਲਾਹੇਵੰਦ ਮੁੱਲ (FRP) ‘ਤੇ ਜਾਰੀ ਰਹੇਗੀ।

ਸਾਰੀਆਂ ਨੋਟੀਫਾਈਡ ਫਸਲਾਂ ਭਾਰਤ ਸਰਕਾਰ ਦੁਆਰਾ ਘੋਸ਼ਿਤ ਘੱਟੋ-ਘੱਟ ਸਮਰਥਨ ਮੁੱਲ ‘ਤੇ ਸਿਰਫ ਮੇਰੀ ਫਸਲ ਮੇਰਾ ਬਯੋਰਾ ਪੋਰਟਲ ‘ਤੇ ਰਜਿਸਟਰਡ ਯੋਗ ਕਿਸਾਨਾਂ ਤੋਂ ਖਰੀਦੀਆਂ ਜਾਣਗੀਆਂ। ਇਹ ਕਦਮ ਕਿਸਾਨਾਂ ਨੂੰ ਉਨ੍ਹਾਂ ਦੀ ਉਪਜ ਦੇ ਗਾਰੰਟੀਸ਼ੁਦਾ ਭਾਅ ਪ੍ਰਦਾਨ ਕਰੇਗਾ, ਉਨ੍ਹਾਂ ਨੂੰ ਬਾਜ਼ਾਰ ਦੇ ਉਤਰਾਅ-ਚੜ੍ਹਾਅ ਤੋਂ ਬਚਾਏਗਾ ਅਤੇ ਇਹ ਯਕੀਨੀ ਬਣਾਏਗਾ ਕਿ ਉਨ੍ਹਾਂ ਦੀ ਮਿਹਨਤ ਦਾ ਫਲ ਮਿਲੇਗਾ।

ਹਰਿਆਣਾ ਸਰਕਾਰ ਕਿਸਾਨ ਭਾਈਚਾਰੇ ਦਾ ਸਮਰਥਨ ਕਰਨ ਅਤੇ ਇਹ ਯਕੀਨੀ ਬਣਾਉਣ ਲਈ ਵਚਨਬੱਧ ਹੈ ਕਿ ਉਨ੍ਹਾਂ ਦੀ ਉਪਜ ਨੂੰ ਉਚਿਤ ਮੁੱਲ ‘ਤੇ ਖਰੀਦਿਆ ਜਾਵੇ, ਜਿਸ ਨਾਲ ਕਿਸਾਨਾਂ ਅਤੇ ਖੇਤੀਬਾੜੀ ਅਰਥਵਿਵਸਥਾ ਦੋਵਾਂ ਨੂੰ ਫਾਇਦਾ ਹੋਵੇਗਾ।

Read More: Haryana Weather: 15 ਜ਼ਿਲ੍ਹਿਆਂ ‘ਚ ਸੰਘਣੀ ਧੁੰਦ ਦਾ ਪੀਲਾ ਅਲਰਟ ਜਾਰੀ, ਹੋ ਸਕਦੀ ਹੈ ਬਾਰਿਸ਼

Scroll to Top