ਚੰਡੀਗੜ੍ਹ, 18 ਦਸੰਬਰ 2024: Farmers Protest: ਕੇਂਦਰ ਸਰਕਾਰ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੇ ਪੰਜਾਬ ਭਰ ‘ਚ ਰੇਲ ਟਰੈਕ ਜਾਮ ਕਰ ਦਿੱਤੇ ਹਨ | ਕਿਸਾਨਾਂ ਵੱਲੋਂ ਸ਼ੰਭੂ ਬਾਰਡਰ ਅਤੇ ਖਨੌਰੀ ਬਾਰਡਰ ‘ਤੇ ਚੱਲ ਰਹੇ ਕਿਸਾਨਾਂ ਦੇ ਧਰਨੇ ਦੇ ਸਮਰਥਨ ‘ਚ ਅੱਜ 12 ਵਜੇ ਤੋਂ ਰੇਲਾਂ ਰੋਕੀਆਂ ਜਾ ਰਹੀਆਂ ਹਨ ਅਤੇ ਪਟੜੀਆਂ ‘ਤੇ ਬੈਠੇ ਹੋਏ ਹਨ | ਰੇਲ ਟਰੈਕ ‘ਤੇ ਇਹ ਧਰਨਾ 3 ਵਜੇ ਤੱਕ ਜਾਰੀ ਰਹੇਗਾ |
ਮਿਲੀ ਜਾਣਕਾਰੀ ਮੁਤਾਬਕ ਕਿਸਾਨਾਂ ਨੇ 45 ਤੋਂ ਵੱਧ ਥਾਵਾਂ ‘ਤੇ ਪਟੜੀਆਂ ‘ਤੇ ਬੈਠ ਕੇ ਧਰਨਾ ਦਿੱਤਾ ਜਾ ਰਿਹਾ ਹੈ |ਇਸ ਮੌਕੇ ਕਿਸਾਨਾਂ ਦੇ ਨਾਲ-ਨਾਲ ਔਰਤਾਂ ਵੀ ਝੰਡੇ ਲੈ ਕੇ ਟਰੈਕ ‘ਤੇ ਧਰਨਾ ਦੇ ਰਹੀਆਂ ਹਨ। ਇਸ ਦੌਰਾਨ ਸਭ ਤੋਂ ਵੱਧ ਰੋਸ ਪ੍ਰਦਰਸ਼ਨ ਅੰਮ੍ਰਿਤਸਰ, ਜਲੰਧਰ ਅਤੇ ਹੁਸ਼ਿਆਰਪੁਰ ‘ਚ ਕੀਤੇ ਜਾ ਰਹੇ ਹਨ। ਜਿਕਰਯੋਗ ਹੈ ਕਿ ਕਿਸਾਨ ਆਗੂ ਸਰਵਣ ਪੰਧੇਰ ਵੱਲੋਂ 14 ਦਸੰਬਰ ਨੂੰ ਰੇਲ ਰੋਕੋ ਅੰਦੋਲਨ ਦਾ ਐਲਾਨ ਕੀਤਾ ਸੀ।
ਦੂਜੇ ਪਾਸੇ ਖਨੌਰੀ ਬਾਰਡਰ ‘ਤੇ ਚੱਲ ਰਹੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਤ ਨੂੰ ਲੈ ਕੇ ਅੱਜ ਸਾਂਝੇ ਕਿਸਾਨ ਮੋਰਚਾ (Farmers Protest) ਨੇ ਹੰਗਾਮੀ ਬੈਠਕ ਸੱਦੀ ਹੈ। ਬੈਠਕ ਬਾਅਦ ਦੁਪਹਿਰ 2 ਵਜੇ ਕਿਸਾਨ ਭਵਨ ਚੰਡੀਗੜ੍ਹ ਵਿਖੇ ਹੋਵੇਗੀ। ਇਸ ਵਿੱਚ ਡੱਲੇਵਾਲ ਦੇ ਸੰਘਰਸ਼ ਨੂੰ ਸਮਰਥਨ ਦੇਣ ਦਾ ਐਲਾਨ ਹੋ ਸਕਦਾ ਹੈ। ਇਸ ਤੋਂ ਬਾਅਦ ਸ਼ਾਮ 7 ਵਜੇ ਰਾਜਪਾਲ ਨੂੰ ਮਿਲਣ ਦਾ ਪ੍ਰੋਗਰਾਮ ਹੈ।
ਇਸਦੇ ਨਾਲ ਹੀ ਕਿਸਾਨ ਆਗੂ ਜਗਜੀਤ ਡੱਲੇਵਾਲ ਦੀ ਵਿਗੜਦੀ ਸਿਹਤ ਦੇ ਚੱਲਦੇ ਡਾਕਟਰਾਂ ਨੇ ਹਸਪਤਾਲ ‘ਚ ਭਰਤੀ ਕਰਨ ਲਈ ਸਲਾਹ ਦਿੱਤੀ ਹੈ | 23 ਦਿਨਾਂ ਤੋਂ ਮਰਨ ਵਰਤ ‘ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਕਈ ਅੰਗ ਫੇਲ ਹੋਣ ਦਾ ਖਤਰਾ ਹੈ। ਡੱਲੇਵਾਲ ਪਹਿਲਾਂ ਹੀ ਕੈਂਸਰ ਦੇ ਮਰੀਜ਼ ਹਨ ਅਤੇ ਵਰਤ ਰੱਖਣ ਕਾਰਨ ਉਨ੍ਹਾਂ ਦਾ ਬਲੱਡ ਪ੍ਰੈਸ਼ਰ ਵੀ ਘੱਟ ਹੋ ਰਿਹਾ ਹੈ, ਜਿਸ ਕਾਰਨ ਦਿਲ ਦਾ ਦੌਰਾ ਵੀ ਪੈ ਸਕਦਾ ਹੈ।
Read More: Farmers Protest: ਹਰਿਆਣਾ ਦੇ ਖੇਤੀਬਾੜੀ ਮੰਤਰੀ ਵੱਲੋਂ CM ਭਗਵੰਤ ਮਾਨ ਨੂੰ ਕਿਸਾਨਾਂ ਦੇ ਮਸਲੇ ਹੱਲ ਕਰਨ ਦੀ ਸਲਾਹ