ਚੰਡੀਗੜ੍ਹ, 16 ਦਸੰਬਰ 2024: ਪੰਜਾਬ ਐਂਟੀ ਗੈਂਗਸਟਰ ਟਾਸਕ ਫੋਰਸ (AGTF) ਨੇ ਐਸ.ਏ.ਐਸ ਨਗਰ ਪੁਲਿਸ (ਮੋਹਾਲੀ ਪੁਲਿਸ) ਨਾਲ ਸਾਂਝੇ ਆਪ੍ਰੇਸ਼ਨ ਦੌਰਾਨ ਕੈਨੇਡਾ ਸਥਿਤ ਅਰਸ਼ ਡੱਲਾ (Arsh Dalla) ਇੱਕ ਹੋਰ ਵਿਦੇਸ਼ੀ ਹੈਂਡਲਰ ਦੇ ਚਾਰ ਕਾਰਕੁਨਾਂ ਨੂੰ ਗ੍ਰਿਫਤਾਰ ਕੀਤਾ ਹੈ | ਪੁਲਿਸ ਨੇ ਇਨ੍ਹਾਂ ਨੇ ਕੋਲੋਂ .32 ਬੋਰ ਦੇ ਤਿੰਨ ਪਿਸਤੌਲ ਅਤੇ 16 ਕਾਰਤੂਸ ਬਰਾਮਦ ਕੀਤੇ ਹਨ|
ਡੀਜੀਪੀ ਪੰਜਾਬ ਗੌਰਵ ਯਾਦਵ ਨੇ ਦੱਸਿਆ ਕਿ ਗ੍ਰਿਫਤਾਰ ਵਿਅਕਤੀਆਂ ਦੀ ਪਛਾਣ ਗਗਨਦੀਪ ਸਿੰਘ ਅਤੇ ਨਵਜੋਤ ਸਿੰਘ ਉਰਫ਼ ਨੀਸ਼ੂ (ਵਾਸੀ ਅਮਲੋਹ, ਫਤਹਿਗੜ੍ਹ ਸਾਹਿਬ) ਵਜੋਂ ਹੋਈ ਹੈ | ਪੁਲਿਸ ਮੁਤਾਬਕ ਇਹ ਇਸ ਸਮੇਂ ਖਰੜ ਵਿਖੇ ਕਿਰਾਏ ਦੇ ਮਕਾਨ ਵਿਚ ਰਹਿ ਰਹੇ ਸਨ | ਇਸਦੇ ਨਾਲ ਹੀ ਲਖਵਿੰਦਰ ਸਿੰਘ (ਵਾਸੀ ਭਾਦਸੋਂ, ਪਟਿਆਲਾ) ਅਤੇ ਵਿਪਨਪ੍ਰੀਤ ਸਿੰਘ (ਵਾਸੀ ਫਰੀਦਕੋਟ) ਸ਼ਾਮਲ ਹਨ। ਮੁਲਜ਼ਮਾਂ ਕੋਲੋਂ ਹਥਿਆਰਾਂ ਤੋਂ ਇਲਾਵਾ ਪੁਲਿਸ ਨੇ ਉਨ੍ਹਾਂ ਦੀ ਚਿੱਟੇ ਰੰਗ ਦੀ ਸਵਿਫਟ ਕਾਰ ਵੀ ਬਰਾਮਦ ਕੀਤੀ ਹੈ।
ਡੀਜੀਪੀ ਗੌਰਵ ਯਾਦਵ ਮੁਤਾਬਕ ਫੜੇ ਗਏ ਵਿਅਕਤੀਆਂ ਨੇ ਆਪਣੇ ਵਿਦੇਸ਼ੀ ਹੈਂਡਲਰ ਦਲਜੀਤ ਸਿੰਘ ਉਰਫ਼ ਨਿੰਦਾ ਦੇ ਨਿਰਦੇਸ਼ਾਂ ‘ਤੇ 1 ਅਤੇ 2 ਦਸੰਬਰ ਦੀ ਦਰਮਿਆਨੀ ਰਾਤ ਨੂੰ ਮੋਹਾਲੀ ਦੇ ਫੇਜ਼-11 ਸਥਿਤ ਕਾਰ ਐਕਸੈਸਰੀਜ਼ ਸ਼ੋਅਰੂਮ ਦੇ ਮਾਲਕ ‘ਤੇ ਗੋਲੀਆਂ ਚਲਾਈਆਂ ਸਨ। ਸ਼ੋਅਰੂਮ ਦੇ ਮਾਲਕ ਨੂੰ ਧਮਕਾਉਣਾ ਅਤੇ ਪੈਸੇ ਦੀ ਵਸੂਲੀ ਲਈ ਧਮਕੀ ਦਿੱਤੀ ਸੀ। ਪੁਲਿਸ ਨੇ ਦੱਸਿਆ ਕਿ ਦਲਜੀਤ ਸਿੰਘ ਉਰਫ਼ ਨਿੰਦਾ ਦਾ ਪੁਰਾਣਾ ਅਪਰਾਧਿਕ ਰਿਕਾਰਡ ਹੈ, ਜੋ ਜਾਅਲੀ ਪਾਸਪੋਰਟ ਬਣਾ ਕੇ ਅਮਰੀਕਾ ਭੱਜ ਗਿਆ ਸੀ ਅਤੇ ਉੱਥੋਂ ਦੇ ਅਮਰੀਕਾਦੇ ਇੱਕ ਗੈਂਗਸਟਰ ਨਾਲ ਜੁੜ ਗਿਆ ਸੀ।
ਪੰਜਾਬ ਡੀਜੀਪੀ ਨੇ ਕਿਹਾ ਕਿ ਇਹ ਮਾਡਿਊਲ ਅਰਸ਼ ਡੱਲਾ (Arsh Dalla) ਨਾਲ ਜੁੜਿਆ ਹੋਇਆ ਸੀ ਅਤੇ ਉਸ ਦੇ ਇਸ਼ਾਰੇ ‘ਤੇ ਪੰਜਾਬ ‘ਚ ਹੋਰ ਅਪਰਾਧਾਂ ਨੂੰ ਅੰਜਾਮ ਦੇਣ ਦੀ ਯੋਜਨਾ ਬਣਾ ਰਿਹਾ ਸੀ। ਉਨ੍ਹਾਂ ਦੱਸਿਆ ਕਿ ਫੜੇ ਗਏ ਸਾਰੇ ਮੁਲਜ਼ਮਾਂ ਦਾ ਅਪਰਾਧਿਕ ਰਿਕਾਰਡ ਹੈ ਅਤੇ ਇਨ੍ਹਾਂ ਖ਼ਿਲਾਫ਼ ਕਈ ਕੇਸ ਦਰਜ ਹਨ। ਇਸ ਮੋਡਿਊਲ ‘ਚ ਸ਼ਾਮਲ ਹੋਰ ਵਿਅਕਤੀਆਂ ਦੀ ਪਛਾਣ ਕਰਨ ਲਈ ਜਾਂਚ ਕਰ ਰਹੀ ਹੈ।
ਇਸ ਬਾਰੇ ਏਡੀਜੀਪੀ ਏਜੀਟੀਐਫ ਪ੍ਰਮੋਦ ਬਾਨ ਨੇ ਦੱਸਿਆ ਕਿ ਮੋਹਾਲੀ ‘ਚ ਇੱਕ ਕਾਰ ਐਕਸੈਸਰੀਜ਼ ਸ਼ੋਅਰੂਮ ‘ਚ ਗੋਲੀਬਾਰੀ ਦੀ ਘਟਨਾ ਤੋਂ ਬਾਅਦ ਪੁਲਿਸ ਟੀਮਾਂ ਨੇ ਕੇਸ ਨੂੰ ਹੱਲ ਕਰਨ ਲਈ ਜਾਂਚ ਕੀਤੀ ਸੀ। ਐਸਐਸਪੀ ਦੀਪਕ ਪਾਰੀਕ ਨੇ ਏ.ਜੀ.ਟੀ.ਐਫ. ਦੀਆਂ ਵਿਸ਼ੇਸ਼ ਟੀਮਾਂ ਦਾ ਗਠਨ ਕੀਤਾ।
ਉਨ੍ਹਾਂ ਕਿਹਾ ਕਿ ਟੀਮਾਂ ਨੇ ਮੌਕੇ ਤੋਂ ਸੀਸੀਟੀਵੀ ਫੁਟੇਜ, ਤਕਨੀਕੀ ਜਾਣਕਾਰੀ ਅਤੇ ਸਬੂਤ ਇਕੱਠੇ ਕੀਤੇ, ਜਿਸ ਨਾਲ ਅਪਰਾਧ ਵਿੱਚ ਸ਼ਾਮਲ ਦੋ ਸ਼ੂਟਰਾਂ ਸਮੇਤ ਮੁਲਜ਼ਮਾਂ ਦੀ ਪਛਾਣ ਹੋ ਗਈ। ਤੇਜ਼ੀ ਨਾਲ ਕਾਰਵਾਈ ਕਰਦੇ ਹੋਏ, ਏਜੀਟੀਐਫ ਦੀਆਂ ਟੀਮਾਂ ਨੇ ਮੁਲਜ਼ਮਾਂ ਦਾ ਪਤਾ ਲਗਾਇਆ ਜਦੋਂ ਉਹ ਆਪਣੀ ਸਵਿਫਟ ਕਾਰ ਵਿੱਚ ਸਫ਼ਰ ਕਰ ਰਹੇ ਸਨ। ਇਸ ਤੋਂ ਬਾਅਦ ਪੁਲੀਸ ਨੇ ਮੁਲਜ਼ਮ ਨੂੰ ਮੁਹਾਲੀ ਨੇੜੇ ਫੋਕਲ ਪੁਆਇੰਟ ਤੋਂ ਵਾਰਦਾਤ ਵਿੱਚ ਵਰਤੇ ਹਥਿਆਰਾਂ ਸਮੇਤ ਗ੍ਰਿਫ਼ਤਾਰ ਕਰ ਲਿਆ।
ਏਡੀਜੀਪੀ ਨੇ ਦੱਸਿਆ ਕਿ ਮੁਢਲੀ ਜਾਂਚ ‘ਚ ਸਾਹਮਣੇ ਆਇਆ ਹੈ ਕਿ ਮੁਲਜ਼ਮ ਗਗਨਦੀਪ ਅਤੇ ਨਵਜੋਤ ਉਰਫ਼ ਨੀਸ਼ੂ ਨੇ ਕਾਰ ਐਕਸੈਸਰੀਜ਼ ਦੇ ਸ਼ੋਅਰੂਮ ‘ਚ ਗੋਲੀਆਂ ਚਲਾਈਆਂ, ਜਦਕਿ ਮੁਲਜ਼ਮ ਲਖਵਿੰਦਰ ਨੇ ਉਨ੍ਹਾਂ ਨੂੰ ਲੌਜਿਸਟਿਕਲ ਸਪੋਰਟ ਮੁਹੱਈਆ ਕਰਵਾਈ। ਇਸ ਦੇ ਨਾਲ ਹੀ ਮੁਲਜ਼ਮ ਵਿਪਨਪ੍ਰੀਤ ਨੇ ਉਸ ਦੇ ਕਹਿਣ ‘ਤੇ ਅਰਸ਼ ਡੱਲਾ ਨੂੰ ਹਥਿਆਰ ਮੁਹੱਈਆ ਕਰਵਾਏ।
ਐਸਐਸਪੀ ਦੀਪਕ ਪਾਰੀਕ ਨੇ ਦੱਸਿਆ ਕਿ ਮੁਲਜ਼ਮ ਗਗਨਦੀਪ ਅਮਲੋਹ ਥਾਣੇ ‘ਚ ਦਰਜ ਇੱਕ ਡਕੈਤੀ ਦੇ ਕੇਸ ‘ਚ ਵੀ ਲੋੜੀਂਦਾ ਸੀ, ਜਦਕਿ ਮੁਲਜ਼ਮ ਵਿਪਨਪ੍ਰੀਤ ਮਾਰਚ 2024 ‘ਚ ਜਲੰਧਰ ‘ਚ ਇੱਕ ਗਾਇਕ ’ਤੇ ਗੋਲੀਬਾਰੀ ਦੀ ਘਟਨਾ ਅਤੇ ਜਨਵਰੀ 2024 ‘ਚ ਫਰੀਦਕੋਟ ‘ਚ ਹੋਈ ਗੋਲੀਬਾਰੀ ਦੀ ਘਟਨਾ ‘ਚ ਸ਼ਾਮਲ ਸੀ।
Read More: Punjab News: ਪੰਜਾਬ ਸਰਕਾਰ ਵੱਲੋਂ DSP ਗੁਰਸ਼ੇਰ ਸਿੰਘ ਨੂੰ ਬਰਖ਼ਾਸਤ ਕਰਨ ਦੀ ਮਨਜ਼ੂਰੀ