Sugar Mill

Batala: CM ਭਗਵੰਤ ਮਾਨ ਵੱਲੋਂ ਬਟਾਲਾ ‘ਚ ਨਵੀਂ ਅਪਗ੍ਰੇਡ ਖੰਡ ਮਿੱਲ ਲੋਕ ਅਰਪਣ

ਬਟਾਲਾ, 06 ਦਸੰਬਰ 2024: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ (Punjab Chief Minister Bhagwant Singh) ਨੇ ਅੱਜ ਬਟਾਲਾ (Batala) ਵਿਖੇ ਨਵੀਂ ਅੱਪਗ੍ਰੇਡ ਖੰਡ ਮਿੱਲ ਨੂੰ ਲੋਕ ਅਰਪਣ ਕੀਤਾ | ਮੁੱਖ ਮੰਤਰੀ ਮਾਨ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਇਸ ਸੈਕਟਰ ਦੇ ਵਿਕਾਸ ਲਈ ਯਤਨ ਕਰ ਰਹੀ ਹੈ, ਜਿਸ ਸਦਕਾ 296 ਕਰੋੜ ਰੁਪਏ ਦੀ ਲਾਗਤ ਨਾਲ ਇਸ ਅੱਪਗਰੇਡ ਸ਼ੂਗਰ ਮਿੱਲ (Sugar mill) ਦੀ ਸਥਾਪਨਾ ਕੀਤੀ ਹੈ।

ਉਨ੍ਹਾਂ ਕਿਹਾ ਕਿ ਮਿੱਲ ਕੋਲ 3500 ਟਨ ਗੰਨਾ ਪਿੜਾਈ ਦੀ ਸਮਰੱਥਾ ਹੈ ਅਤੇ ਇਸ ਕੋਲ 14 ਮੈਗਾਵਾਟ ਦਾ ਕੋ-ਜਨਰੇਟਰ ਪਲਾਂਟ ਹੈ। ਇਸ ਮਿੱਲ ‘ਚ ਰਿਫਾਇੰਡ ਖੰਡ ਦਾ ਉਤਪਾਦਨ ਕੀਤਾ ਜਾਵੇਗਾ ਅਤੇ ਅਜਿਹਾ ਕਰਨ ਵਾਲੀ ਇਹ ਸੂਬੇ ਦੀ ਪਹਿਲੀ ਸਹਿਕਾਰੀ ਖੰਡ ਮਿੱਲ ਹੋਵੇਗੀ।

ਮੁੱਖ ਮੰਤਰੀ ਮਾਨ ਨੇ ਕਿਹਾ ਕਿ ਮਿੱਲ (Sugar mill) ਦਾ ਮੌਜੂਦਾ ਸੀਜ਼ਨ ਦੌਰਾਨ 35 ਲੱਖ ਕੁਇੰਟਲ ਗੰਨੇ ਦੀ ਪਿੜਾਈ ਕਰਨ ਦਾ ਟੀਚਾ ਹੈ ਅਤੇ ਇਹ ਵਾਤਾਵਰਨ ਪੱਖੀ ਪਲਾਂਟ ਹੈ। ਉਨ੍ਹਾਂ ਕਿਹਾ ਕਿ ਇਹ ਭਾਰਤ ‘ਚ ਆਪਣੀ ਕਿਸਮ ਦੀ ਪਹਿਲੀ ਖੰਡ ਮਿੱਲ ਹੈ ਜਿੱਥੇ 100 ਫੀਸਦੀ ਗੈਸ ਪਾਈਪਲਾਈਨ ਵਿਛਾਈ ਜਾਵੇਗੀ ਅਤੇ ਇਸ ਦੀ ਸਮਰੱਥਾ 14000 ਘਣ ਮੀਟਰ ਪ੍ਰਤੀ ਦਿਨ ਹੈ ਅਤੇ ਇਹ ਵਾਤਾਵਰਣ ‘ਚ 30,000 ਕਾਰਾਂ ਦੇ ਬਰਾਬਰ ਪ੍ਰਦੂਸ਼ਣ ਨੂੰ ਰੋਕੇਗੀ।

ਉਨ੍ਹਾਂ ਨੇ ਕਿਹਾ ਕਿ ਇਹ ਪਲਾਂਟ ਰੋਜ਼ਾਨਾ 150 ਟਨ ਤੋਂ ਵੱਧ ਰਹਿੰਦ-ਖੂੰਹਦ ਨੂੰ ਪ੍ਰੋਸੈਸ ਕਰੇਗਾ ਅਤੇ 20 ਟਨ ਆਰਗੈਨਿਕ ਖਾਦ ਦਾ ਉਤਪਾਦਨ ਕਰੇਗਾ ਜਿਸ ਨਾਲ ਸਥਾਨਕ ਆਰਥਿਕਤਾ ਨੂੰ ਵੱਡਾ ਹੁਲਾਰਾ ਮਿਲੇਗਾ। ਉਨ੍ਹਾਂ ਕਿਹਾ ਕਿ ਇਹ ਬੜੇ ਮਾਣ ਅਤੇ ਤਸੱਲੀ ਵਾਲੀ ਗੱਲ ਹੈ ਕਿ ਬਹਾਦਰਪੁਰ ਪੰਜਾਬ ਦਾ ਪਹਿਲਾ ਪਿੰਡ ਹੈ ਜਿੱਥੇ ਹਰ ਘਰ ਤੱਕ ਬਾਇਓ ਰਸੋਈ ਗੈਸ ਪਹੁੰਚਾਉਣ ਲਈ ਪਾਈਪ ਲਾਈਨ ਵਿਛਾਈ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਮਿੱਲ ਵਿਸ਼ਵ ਭਰ ਵਿੱਚ ਉਪਲਬਧ ਨਵੀਨਤਮ ਤਕਨਾਲੋਜੀ ਨਾਲ ਲੈਸ ਹੈ ਅਤੇ ਇਸ ਨਾਲ ਇਲਾਕੇ ਦੇ ਗੰਨਾ ਕਾਸ਼ਤਕਾਰਾਂ ਨੂੰ ਬਹੁਤ ਫਾਇਦਾ ਹੋਵੇਗਾ।

ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੇਸ਼ ‘ਚ ਹੀ ਨਹੀਂ ਸਗੋਂ ਵਿਸ਼ਵ ਭਰ ‘ਚ ਗੰਨੇ ਦੀ ਸਭ ਤੋਂ ਵੱਧ ਕੀਮਤ ਦੇ ਰਿਹਾ ਹੈ, ਜਿਸ ਕਾਰਨ ਇੱਥੋਂ ਦੇ ਕਿਸਾਨਾਂ ਨੂੰ ਵੱਡਾ ਲਾਭ ਮਿਲ ਰਿਹਾ ਹੈ। ਸੂਬਾ ਸਰਕਾਰ ਦੀ ਵਚਨਬੱਧਤਾ ਅਨੁਸਾਰ ਸੂਬਾ ਗੰਨੇ ਦੀ ਵੱਧ ਤੋਂ ਵੱਧ ਕੀਮਤ ਵਿੱਚ ਦੇਸ਼ ਦੀ ਅਗਵਾਈ ਕਰਦਾ ਰਹੇਗਾ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਹਮੇਸ਼ਾ ਹੀ ਗੰਨਾ ਕਿਸਾਨਾਂ ਨੂੰ ਸਭ ਤੋਂ ਵੱਧ ਭਾਅ ਦਿੱਤਾ ਹੈ ਅਤੇ ਇਹ ਸਿਲਸਿਲਾ ਭਵਿੱਖ ‘ਚ ਵੀ ਜਾਰੀ ਰਹੇਗਾ।

ਸੀਐੱਮ ਭਗਵੰਤ ਮਾਨ ਨੇ ਅੱਜ ਸੂਬੇ ਦੀਆਂ ਰਵਾਇਤੀ ਸਿਆਸੀ ਪਾਰਟੀਆਂ ‘ਤੇ ਹਮਲਾ ਬੋਲਦਿਆਂ ਕਿਹਾ ਕਿ ਉਨ੍ਹਾਂ ਨੇ ਆਪਣੇ ਨਿੱਜੀ ਹਿੱਤਾਂ ਲਈ ਸਰਹੱਦੀ ਖੇਤਰ ਦੇ ਬਹਾਦਰ ਲੋਕਾਂ ਦੀ ਪਿੱਠ ‘ਚ ਛੁਰਾ ਮਾਰਿਆ ਹੈ ਅਤੇ ਇਸ ਖੇਤਰ ਦੀਆਂ ਪੀੜ੍ਹੀਆਂ ਨੂੰ ਬਰਬਾਦ ਕੀਤਾ ਹੈ।

ਮੁੱਖ ਮੰਤਰੀ ਨੇ ਦੁੱਖ ਪ੍ਰਗਟ ਕੀਤਾ ਕਿ ਸੂਬੇ ਦੇ ਉੱਨਤ ਅਤੇ ਉਪਜਾਊ ਸਰਹੱਦੀ ਖੇਤਰਾਂ ਨੂੰ ਰਵਾਇਤੀ ਸਿਆਸੀ ਪਾਰਟੀਆਂ ਵੱਲੋਂ ਅਣਗੌਲਿਆ ਕੀਤਾ ਗਿਆ ਜਿਸ ਕਾਰਨ ਇਹ ਇਲਾਕਾ ਵਿਕਾਸ ਦੀ ਰਫ਼ਤਾਰ ‘ਚ ਪਛੜ ਗਿਆ । ਉਨ੍ਹਾਂ ਕਿਹਾ ਕਿ ਇਨ੍ਹਾਂ ਪਾਰਟੀਆਂ ਦੇ ਆਗੂਆਂ ਨੇ ਆਪਣੀ ਤਾਕਤ ਦੀ ਦੁਰਵਰਤੋਂ ਕਰਦਿਆਂ ਸੂਬੇ ਦੀ ਨੌਜਵਾਨ ਪੀੜ੍ਹੀ ਨੂੰ ਝੂਠੇ ਕੇਸਾਂ ‘ਚ ਫਸਾ ਕੇ ਬਰਬਾਦ ਕੀਤਾ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਵਿੱਚ ਸਮਾਜਿਕ ਸਦਭਾਵਨਾ ਦੇ ਧਾਗੇ ਇੰਨੇ ਮਜ਼ਬੂਤ ​​ਹਨ ਕਿ ਪੰਜਾਬ ਦੀ ਉਪਜਾਊ ਧਰਤੀ ’ਤੇ ਕੋਈ ਵੀ ਬੀਜ ਉਗ ਸਕਦਾ ਹੈ ਪਰ ਇੱਥੇ ਨਫ਼ਰਤ ਦਾ ਬੀਜ ਕਿਸੇ ਵੀ ਕੀਮਤ ’ਤੇ ਨਹੀਂ ਫੁੱਟੇਗਾ। ਉਨ੍ਹਾਂ ਕਿਹਾ ਕਿ ਭਾਵੇਂ ਸੂਬੇ ਦੀ ਸ਼ਾਂਤੀ ਨੂੰ ਭੰਗ ਕਰਨ ਦੀਆਂ ਕੋਝੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਪਰ ਪੰਜਾਬ ਮਹਾਨ ਗੁਰੂਆਂ, ਪੀਰਾਂ-ਪੈਗੰਬਰਾਂ, ਸੰਤਾਂ-ਮਹਾਂਪੁਰਸ਼ਾਂ ਦੀ ਪਵਿੱਤਰ ਧਰਤੀ ਹੈ, ਜਿਨ੍ਹਾਂ ਨੇ ਸਾਨੂੰ ਆਪਸੀ ਪਿਆਰ ਅਤੇ ਸਹਿਣਸ਼ੀਲਤਾ ਦਾ ਮਾਰਗ ਦਿਖਾਇਆ ਹੈ।

Read More:  Water Supply: ਪੰਜਾਬ ਦੇ 144 ਪਿੰਡਾਂ ‘ਚ ਬਣਨਗੀਆਂ ਨਵੀਆਂ ਜਲ ਸਪਲਾਈ ਸਕੀਮਾਂ, 160 ਕਰੋੜ ਹੋਣਗੇ ਖਰਚ

Scroll to Top