Punjab Pavilion

Punjab Pavilion: ਵਪਾਰ ਮੇਲਾ 2024 ‘ਚ ਪੰਜਾਬ ਪੈਵੇਲੀਅਨ ਨੇ ਸ਼ਾਨਦਾਰ ਪੇਸ਼ਕਾਰੀ ਤੇ ਪ੍ਰਦਰਸ਼ਨ ਲਈ ਜਿੱਤੇ ਪ੍ਰਸੰਸਾ ਮੈਡਲ

ਚੰਡੀਗੜ੍ਹ/ਨਵੀਂ ਦਿੱਲੀ 28 ਨਵੰਬਰ 2024: ਨਵੀਂ ਦਿੱਲੀ ਦੇ ਪ੍ਰਗਤੀ ਮੈਦਾਨ ‘ਚ ਹੋਏ ਭਾਰਤ ਅੰਤਰਰਾਸ਼ਟਰੀ ਵਪਾਰ ਮੇਲੇ 2024 ਦੌਰਾਨ ਦਰਸ਼ਕਾਂ ਵੱਲੋਂ ਭਰਪੂਰ ਪ੍ਰਸ਼ੰਸਾ ਪ੍ਰਾਪਤ ਕਰਨ ਵਾਲੇ ‘ਪੰਜਾਬ ਪੈਵੇਲੀਅਨ’ (Punjab Pavilion) ਨੂੰ ਵਿਸ਼ੇ ਦੀ ਸ਼ਾਨਦਾਰ ਪੇਸ਼ਕਾਰੀ ਅਤੇ ਸ਼ਾਨਦਾਰ ਪ੍ਰਦਰਸ਼ਨ ਲਈ ਦੋ ਵਿਸ਼ੇਸ਼ ਪ੍ਰਸ਼ੰਸਾ ਦੇ ਮੈਡਲ ਮਿਲੇ ਹਨ |

ਇੰਡੀਆ ਟਰੇਡ ਪ੍ਰਮੋਸ਼ਨ ਆਰਗੇਨਾਈਜੇਸ਼ਨ (ITPO) ਵੱਲੋਂ ਕਰਵਾਏ ਮੇਲੇ ਦੇ ਆਖਰੀ ਦਿਨ ਹੋਏ ਸਮਾਗਮ ਦੌਰਾਨ ਪੀ.ਐਸ.ਆਈ.ਈ.ਸੀ. ਦੇ ਅਧਿਕਾਰੀਆਂ ਨੂੰ ਇਹ ਦੋਵੇਂ ਮੈਡਲ ਪ੍ਰਦਾਨ ਕੀਤੇ। ਇਸ ਸਾਲ ਮੇਲੇ ਦੀ ਥੀਮ “ਵਿਕਸਿਤ ਭਾਰਤ @2047” ਸੀ।

ਇਹ ਮੇਲਾ 14 ਨਵੰਬਰ ਤੋਂ 27 ਨਵੰਬਰ ਤੱਕ ਕਰਵਾਇਆ ਗਿਆ, ਜਿਸ ‘ਚ ਵੱਖ-ਵੱਖ ਸੂਬਿਆਂ ਨੇ ਆਪਣੇ ਵਿਕਾਸ ਅਤੇ ਉਤਪਾਦਾਂ ਨੂੰ ਪ੍ਰਦਰਸ਼ਿਤ ਕਰਨ ਲਈ ਪੈਵੇਲੀਅਨ ਸਥਾਪਿਤ ਕੀਤੇ ਸਨ। ਪੰਜਾਬ ਪੈਵੇਲੀਅਨ ਦੇ ਪ੍ਰਸ਼ਾਸਕ ਦਵਿੰਦਰਪਾਲ ਸਿੰਘ ਅਤੇ ਉਪ ਪ੍ਰਸ਼ਾਸਕ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਪੰਜਾਬ ਪੈਵੇਲੀਅਨ (Punjab Pavilion) ਲਈ ਵੱਖ-ਵੱਖ ਵਰਗਾਂ ਵਿੱਚ ਦੋ ਮੈਡਲ ਪ੍ਰਾਪਤ ਕਰਨਾ ਸੂਬੇ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਮੇਲੇ ਦੌਰਾਨ ਨਾ ਸਿਰਫ਼ ਪੰਜਾਬ ਤੋਂ ਸਗੋਂ ਭਾਰਤ ਦੇ ਹੋਰਨਾਂ ਸੂਬਿਆਂ ਤੋਂ ਵੀ ਲੋਕਾਂ ਨੇ ਪਵੇਲੀਅਨ ‘ਚ ਵੱਖ-ਵੱਖ ਵਿਭਾਗਾਂ ਵੱਲੋਂ ਲਗਾਏ ਸਟਾਲਾਂ ‘ਚ ਡੂੰਘੀ ਦਿਲਚਸਪੀ ਦਿਖਾਈ।

ਪੰਜਾਬ ਪੈਵੀਲੀਅਨ ‘ਚ ਲੋਕਾਂ ਨੂੰ ਉਤਪਾਦਾਂ ਅਤੇ ਸੇਵਾਵਾਂ ਬਾਰੇ ਜਾਣਕਾਰੀ ਪ੍ਰਦਾਨ ਕਰਨ ਲਈ ਵੱਖ-ਵੱਖ ਵਿਭਾਗਾਂ ਜਿਵੇਂ ਕਿ ਮਾਰਕਫੈੱਡ, ਮਿਲਕਫੈੱਡ, ਗਮਾਡਾ/ਪੁਡਾ, ਪੰਜਾਬ ਇਨਫੋਟੈਕ, ਪੰਜਾਬ ਐਗਰੋ, ਪੀ.ਐਸ.ਆਈ.ਈ.ਸੀ., ਇਨਵੈਸਟ ਪੰਜਾਬ, ਪੰਜਾਬ ਟੂਰਿਜ਼ਮ ਅਤੇ ਕਲਚਰਲ ਵਿਭਾਗ, ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਨਿਫਟ, ਪੰਜਾਬ ਮੰਡੀ ਬੋਰਡ, ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਸਟਾਲ ਲਗਾਏ ਗਏ |

Scroll to Top