Punjab Vidhan Sabha

5ਵੀਂ ਜਮਾਤ ਦੀ ਵਿਦਿਆਰਥਣ ਨੇ ਪੰਜਾਬ ਵਿਧਾਨ ਸਭਾ ਦੀ ਸਪੀਕਰ ਬਣਨ ਦੀ ਜਤਾਈ ਇੱਛਾ, ਸਪੀਕਰ ਨੇ ਕੁਰਸੀ ‘ਤੇ ਬਿਠਾਇਆ

ਚੰਡੀਗੜ੍ਹ, 28 ਨਵੰਬਰ 2024: ਪੰਜਾਬ ਵਿਧਾਨ ਸਭਾ (Punjab Vidhan Sabha) ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਪੰਜਾਬ ਵਿਧਾਨ ਸਭਾ ਦਾ ਦੌਰਾ ਕਰਨ ਆਈਆਂ ਚੰਡੀਗੜ੍ਹ ਅਤੇ ਮੋਹਾਲੀ ਦੇ ਸਕੂਲਾਂ ਅਤੇ ਕਾਲਜਾਂ ਦੀਆਂ 30 ਦੇ ਕਰੀਬ ਵਿਦਿਆਰਥਣਾਂ ਨਾਲ ਮੁਲਾਕਾਤ ਕੀਤੀ | ਇਸ ਦੌਰਾਨ ਕੁਲਤਾਰ ਸਿੰਘ ਸੰਧਵਾਂ ਨੇ ਵਿਦਿਆਰਥਣਾਂ ਨੂੰ ਜੀਵਨ ‘ਚ ਸਫ਼ਲ ਹੋਣ ਤੇ ਚੰਗੇ ਨਾਗਰਿਕ ਬਣ ਕੇ ਦੇਸ਼ ਦੀ ਸੇਵਾ ਕਰਨ ਲਈ ਪ੍ਰੇਰਿਤ ਕੀਤਾ |

ਇੱਕ ਸਵੈ-ਸੇਵੀ ਸੰਸਥਾ ਨਾਲ ਜੁੜੀਆਂ ਇਨ੍ਹਾਂ ਵਿਦਿਆਰਥਣਾਂ ਦੇ ਇੱਕ ਗਰੁੱਪ ਨੇ ਸਪੀਕਰ ਸੰਧਵਾਂ ਨਾਲ ਵਿਸਥਾਰ ਨਾਲ ਗੱਲਬਾਤ ਕੀਤੀ ਅਤੇ ਸਪੀਕਰ ਨੇ ਉਨ੍ਹਾਂ ਨੂੰ ਰਾਜਨੀਤੀ, ਵਪਾਰ, ਆਈਏਐਸ, ਪੀਸੀਐਸ, ਡਾਕਟਰ ਅਤੇ ਵਿਗਿਆਨੀ ਬਣਨ ਲਈ ਪ੍ਰੇਰਿਤ ਕੀਤਾ।

Punjab Vidhan Sabha

ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਅੱਜ ਦੇ ਵਿਦਿਆਰਥੀ ਭਵਿੱਖ ਦੇ ਆਗੂ ਹਨ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ‘ਚ ਰਾਜਨੀਤੀ ‘ਚ ਰੁਚੀ ਇੱਕ ਹਾਂ-ਪੱਖੀ ਸੰਕੇਤ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਜਾਗਰੂਕ ਕਰਦਿਆਂ ਕਿਹਾ ਕਿ ਰਾਜਨੀਤੀ ‘ਚ ਰੁਚੀ ਰੱਖਣ ਵਾਲਿਆਂ ਲਈ ਸੂਬੇ ਅਤੇ ਦੇਸ਼ ‘ਚ ਵਾਪਰ ਰਹੀਆਂ ਕਾਨੂੰਨੀ, ਸਿਆਸੀ ਅਤੇ ਹੋਰ ਘਟਨਾਵਾਂ ‘ਤੇ ਨੇੜਿਓਂ ਨਜ਼ਰ ਰੱਖਣੀ ਬਹੁਤ ਜ਼ਰੂਰੀ ਹੈ। ਉਨ੍ਹਾਂ ਵਿਦਿਆਰਥਣਾਂ ਨੂੰ ਵੱਖ-ਵੱਖ ਘਟਨਾਵਾਂ ਦਾ ਵਿਸ਼ਲੇਸ਼ਣ ਕਰਨਾ ਅਤੇ ਆਪਣੀ ਸੋਚ ਦਾ ਵਿਕਾਸ ਕਰਨਾ ਬਹੁਤ ਜ਼ਰੂਰੀ ਹੈ।

ਸਪੀਕਰ ਨੇ ਇਹ ਵੀ ਕਿਹਾ ਕਿ ਦੇਸ਼ ‘ਚ ਵਾਪਰ ਰਹੀ ਹਰ ਘਟਨਾ ਦਾ ਸਬੰਧ ਰਾਜਨੀਤੀ ਨਾਲ ਹੁੰਦਾ ਹੈ। ਇਸ ਲਈ ਜੇਕਰ ਵਿਦਿਆਰਥੀ ਰਾਜਨੀਤੀ ‘ਚ ਦਿਲਚਸਪੀ ਰੱਖਦੇ ਹਨ ਤਾਂ ਉਨ੍ਹਾਂ ਨੂੰ ਅੱਗੇ ਵਧ ਕੇ ਇਹ ਸਮਝਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਦੇਸ਼ ‘ਚ ਕੀ ਹੋ ਰਿਹਾ ਹੈ। ਸਪੀਕਰ ਨੇ ਕਿਹਾ ਕਿ ਨੌਜਵਾਨਾਂ ਦੇ ਰਾਜਨੀਤੀ ‘ਚ ਆਉਣ ਨਾਲ ਵੱਡਾ ਸੁਧਾਰ ਹੋਵੇਗਾ।

ਸਪੀਕਰ ਕੁਲਤਾਰ ਸਿੰਘ ਸੰਧਵਾਂ ਨਾਲ ਗੱਲਬਾਤ ਦੌਰਾਨ ਜਦੋਂ ਸੈਕਰਡ ਹਾਰਟ ਸੀਨੀਅਰ ਸੈਕੰਡਰੀ ਚੰਡੀਗੜ੍ਹ ਸਕੂਲ ਦੀ 5ਵੀਂ ਜਮਾਤ ਦੀ ਵਿਦਿਆਰਥਣ ਰਾਧਿਕਾ ਨੇ ਰਾਜਨੀਤੀ ‘ਚ ਆਉਣ ਅਤੇ ਪੰਜਾਬ ਵਿਧਾਨ ਸਭਾ (Punjab Vidhan Sabha) ਦੀ ਸਪੀਕਰ ਬਣਨ ਦੀ ਇੱਛਾ ਪ੍ਰਗਟਾਈ ਤਾਂ ਸਪੀਕਰ ਸੰਧਵਾਂ ਨੇ ਉਸ ਨੂੰ ਸਪੀਕਰ ਦੀ ਕੁਰਸੀ ‘ਤੇ ਬਿਠਾਉਣ ਦਾ ਫੈਸਲਾ ਕੀਤਾ। ਉਸ ਨੂੰ ਵੀ.ਆਈ.ਪੀ ਰੂਟ ਰਾਹੀਂ ਲਿਜਾ ਕੇ ਸਪੀਕਰ ਦੀ ਕੁਰਸੀ ‘ਤੇ ਬਿਠਾਇਆ ਗਿਆ ਅਤੇ ਹਾਜ਼ਰ ਸਾਰੇ ਵਿਦਿਆਰਥੀਆਂ ਨੂੰ ਵਿਧਾਨਕ ਕੰਮਕਾਜ, ਵਿਰੋਧੀ ਧਿਰ ਅਤੇ ਸੱਤਾਧਾਰੀ ਪਾਰਟੀ ਆਦਿ ਬਾਰੇ ਜਾਣਕਾਰੀ ਦਿੱਤੀ ਗਈ |

Scroll to Top