28 ਨਵੰਬਰ 2024: ਜਲੰਧਰ ਕਮਿਸ਼ਨਰੇਟ ਪੁਲਿਸ (Jalandhar Commissionerate Police) ਨੇ ਅੰਤਰਰਾਸ਼ਟਰੀ ਡਰੱਗ ਰੈਕੇਟ (international drug racket) ਦਾ ਪਰਦਾਫਾਸ਼ ਕਰਨ ‘ਚ ਸਫਲਤਾ ਹਾਸਲ ਕੀਤੀ ਹੈ।ਦੱਸ ਦੇਈਏ ਕਿ ਪੁਲੀਸ ਨੇ ਮੁਲਜ਼ਮਾਂ ਨੂੰ ਵੱਡੀ ਮਾਤਰਾ ਵਿੱਚ ਅਫੀਮ ਸਮੇਤ ਕਾਬੂ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਪੁਲਿਸ ਨੇ ਦੋਸ਼ੀ ਕੋਲੋਂ 3 ਕਿਲੋ ਅਫੀਮ ਬਰਾਮਦ ਕੀਤੀ ਹੈ। ਵਧੇਰੇ ਜਾਣਕਾਰੀ ਦਿੰਦੇ ਹੋਏ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ (Police Commissioner Swapan Sharma) ਨੇ ਦੱਸਿਆ ਕਿ ਇਸ ਕਾਰਵਾਈ ਦੌਰਾਨ ਅੰਤਰਰਾਸ਼ਟਰੀ (international) ਪੱਧਰ ‘ਤੇ ਵੰਡਣ ਲਈ ਅਫੀਮ ਦੀ ਤਸਕਰੀ ਅਤੇ ਪੈਕਿੰਗ ਕਰਨ ਵਾਲੇ 3 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਉਨ੍ਹਾਂ ਅੱਗੇ ਦੱਸਿਆ ਕਿ 24 ਨਵੰਬਰ 2024 ਨੂੰ ਸੀ.ਆਈ.ਏ ਟੀਮ ਨੇ ਮਾਤਾ ਰਾਣੀ ਚੌਂਕ ਤੋਂ ਚਾਹਤ ਵਾਸੀ ਨਿਊ ਸੰਤ ਨਗਰ, ਭਾਰਗੋ ਕੈਂਪ, ਜਲੰਧਰ ਨੂੰ ਕਾਬੂ ਕਰਕੇ ਉਸ ਦੇ ਕਬਜ਼ੇ ‘ਚੋਂ 1 ਕਿਲੋ ਅਫੀਮ ਬਰਾਮਦ ਕੀਤੀ ਸੀ। ਇਸ ਤੋਂ ਬਾਅਦ ਥਾਣਾ ਭਾਰਗੋ ਕੈਂਪ ਵਿਖੇ ਐਨਡੀਪੀਐਸ ਐਕਟ ਤਹਿਤ ਐਫਆਈਆਰ (ਨੰਬਰ 114) ਦਰਜ ਕੀਤੀ ਗਈ। ਕਮਿਸ਼ਨਰ ਸਵਪਨ ਸ਼ਰਮਾ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਦੋ ਸਾਥੀਆਂ ਪਵਨ ਕੁਮਾਰ ਅਤੇ ਰਣਬੀਰ ਸਿੰਘ ਦੀ ਸ਼ਮੂਲੀਅਤ ਦਾ ਖੁਲਾਸਾ ਹੋਇਆ, ਜਿਨ੍ਹਾਂ ਨੂੰ ਉਸੇ ਦਿਨ ਬਾਅਦ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ। ਪੁਲਿਸ ਨੇ ਇਨ੍ਹਾਂ ਕੋਲੋਂ 2 ਕਿਲੋ ਵਾਧੂ ਅਫੀਮ ਬਰਾਮਦ ਕੀਤੀ ਹੈ। ਇਸ ਗਰੋਹ ਵੱਲੋਂ ਪਾਰਸਲਾਂ ਵਿੱਚ ਪੈਕ ਕਰਕੇ ਵਿਦੇਸ਼ਾਂ ਵਿੱਚ ਨਸ਼ਿਆਂ ਦੀ ਤਸਕਰੀ ਕਰਨ ਦਾ ਸ਼ੱਕ ਹੈ।
ਪੁਲੀਸ ਕਮਿਸ਼ਨਰ ਸਵਪਨ ਸ਼ਰਮਾ ਨੇ ਇਹ ਵੀ ਕਿਹਾ ਕਿ ਕੇਸ ਵਿੱਚ ਐਨਡੀਪੀਐਸ ਐਕਟ ਦੀ ਧਾਰਾ 29 ਜੋੜ ਦਿੱਤੀ ਗਈ ਹੈ। ਗਰੋਹ ਦੇ ਅੱਗੇ-ਪਿੱਛੇ ਸਬੰਧਾਂ ਦੀ ਪਛਾਣ ਕਰਨ ਲਈ ਵਿਆਪਕ ਜਾਂਚ ਕੀਤੀ ਜਾ ਰਹੀ ਹੈ। ਇਸ ਗੈਰ-ਕਾਨੂੰਨੀ ਕਾਰਵਾਈ ਨਾਲ ਜੁੜੇ ਹੋਰ ਵਿਅਕਤੀਆਂ ਦਾ ਪਤਾ ਲਗਾਉਣ ਅਤੇ ਹੋਰ ਬਰਾਮਦਗੀ ਨੂੰ ਯਕੀਨੀ ਬਣਾਉਣ ਲਈ ਯਤਨ ਕੀਤੇ ਜਾ ਰਹੇ ਹਨ।