ਚੰਡੀਗੜ੍ਹ, 27 ਨਵੰਬਰ 2024: ਭਾਰਤੀ ਫੌਜ (Indian Army) ਨੇ ਪੰਜਾਬ ਸਰਕਾਰ ਨੂੰ ਇੱਕ ਚਿੱਠੀ ਲਿਖ ਕੇ ਸੂਬੇ ‘ਚ ਤਾਇਨਾਤ ਆਪਣੇ ਜਵਾਨਾਂ ਲਈ ਹਰ ਮਹੀਨੇ 300 ਯੂਨਿਟ ਮੁਫ਼ਤ ਬਿਜਲੀ ਦੀ ਮੰਗ ਕੀਤੀ ਹੈ। ਪੰਜਾਬ ਸਰਕਾਰ ਨੂੰ ਭੇਜੀ ਚਿੱਠੀ ‘ਚ ਭਾਰਤੀ ਫੌਜ ਦੀ ਦੱਖਣੀ ਪੱਛਮੀ ਕਮਾਂਡ ਨੇ ਦਲੀਲ ਦਿੱਤੀ ਹੈ ਕਿ ਪੰਜਾਬ ਸਰਕਾਰ ਜੁਲਾਈ 2022 ਤੋਂ ਘਰੇਲੂ ਖਪਤਕਾਰਾਂ ਨੂੰ 300 ਯੂਨਿਟ ਮੁਫ਼ਤ ਬਿਜਲੀ ਪ੍ਰਦਾਨ ਕਰ ਰਹੀ ਹੈ।
ਪਰ ਇਹ ਪੰਜਾਬ ‘ਚ ਛਾਉਣੀਆਂ ਅਤੇ ਮਿਲਟਰੀ ਸਟੇਸ਼ਨਾਂ ‘ਚ ਵਿਆਹੁਤਾ ਰਿਹਾਇਸ਼ਾਂ ‘ਚ ਰਹਿ ਰਹੇ ਫੌਜੀ ਕਰਮਚਾਰੀਆਂ ਅਤੇ ਰੱਖਿਆ ਨਾਗਰਿਕਾਂ ਤੱਕ ਨਹੀਂ ਵਧਾਇਆ। ਦੂਜੇ ਪਾਸੇ ਪੰਜਾਬ ਸਰਕਾਰ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਛਾਉਣੀਆਂ ਅਤੇ ਮਿਲਟਰੀ ਸਟੇਸ਼ਨਾਂ ‘ਚ ਰਹਿਣ ਵਾਲਿਆਂ ਨੂੰ ਮੁਫ਼ਤ ਬਿਜਲੀ ਸਬਸਿਡੀ ਨਹੀਂ ਦਿੱਤੀ ਜਾ ਸਕਦੀ। ਕਿਉਂਕਿ ਇਨ੍ਹਾਂ ਸਟੇਸ਼ਨਾਂ ਨੂੰ ਭਾਰੀ ਮਾਤਰਾ ‘ਚ ਬਿਜਲੀ ਸਪਲਾਈ ਕੀਤੀ ਜਾਂਦੀ ਹੈ।
ਵਿਅਕਤੀਗਤ ਘਰੇਲੂ ਖਪਤਕਾਰਾਂ ਨੂੰ ਸਬਸਿਡੀ ਦਿੱਤੀ ਜਾਂਦੀ ਹੈ। ਭਾਰਤੀ ਫੌਜ (Indian Army) ਦਾ ਇਹ ਵੀ ਤਰਕ ਹੈ ਕਿ ਦਿੱਲੀ ਸਰਕਾਰ ਵੱਲੋਂ ਦਿੱਤੀ ਜਾਂਦੀ ਮੁਫ਼ਤ ਬਿਜਲੀ ਦੀ ਉਹੀ ਸਹੂਲਤ ਉਥੇ ਤਾਇਨਾਤ ਫੌਜੀ ਜਵਾਨਾਂ ਨੂੰ ਵੀ ਦਿੱਤੀ ਜਾਂਦੀ ਹੈ।
ਜਾਣਕਾਰੀ ਮੁਤਾਬਕ ਪੰਜਾਬ ‘ਚ ਇਸ ਸਮੇਂ ਇੱਕ ਲੱਖ ਤੋਂ ਵੱਧ ਜਵਾਨ ਤਾਇਨਾਤ ਹਨ। ਸਾਰੇ ਅਫਸਰ ਅਤੇ ਜੂਨੀਅਰ ਕਮਿਸ਼ਨਡ ਅਫਸਰ 35 ਫੀਸਦੀ ਜਵਾਨਾਂ ਦੇ ਬਰਾਬਰ ਆਪਣੇ ਪਰਿਵਾਰਾਂ ਨਾਲ ਰਹਿਣ ਦੇ ਹੱਕਦਾਰ ਹਨ। ਇਸ ਤੋਂ ਇਲਾਵਾ, ਫੌਜ ਦੇ ਫਾਰਮਾਂ ‘ਚ ਤਾਇਨਾਤ ਰੱਖਿਆ ਮੰਤਰਾਲੇ ਦੇ ਵੱਡੀ ਗਿਣਤੀ ‘ਚ ਨਾਗਰਿਕ ਕਰਮਚਾਰੀ ਵੀ ਮਿਲਟਰੀ ਸਟੇਸ਼ਨਾਂ ‘ਚ ਰਹਿਣ ਦੇ ਯੋਗ ਹਨ।
ਸੂਬਾ ਸਰਕਾਰ ਦਾ ਕੁੱਲ ਘਰੇਲੂ ਬਿਜਲੀ ਸਬਸਿਡੀ ਦਾ ਬਿੱਲ ਪਹਿਲਾਂ ਹੀ 8,785 ਕਰੋੜ ਰੁਪਏ ਆਉਣ ਦੀ ਸੰਭਾਵਨਾ ਹੈ, ਜੋ ਕਿ ਪਿਛਲੇ ਵਿੱਤੀ ਸਾਲ ਨਾਲੋਂ 1,550 ਕਰੋੜ ਰੁਪਏ ਵੱਧ ਹੈ। ਇਸ ਲਈ ਹਜ਼ਾਰਾਂ ਹੋਰ ਘਰਾਂ ਨੂੰ ਮੁਫਤ ਬਿਜਲੀ ਲਈ ਸ਼ਾਮਲ ਕਰਨ ਨਾਲ ਪੀਐਸਪੀਸੀਐਲ ਦੀਆਂ ਵਿੱਤੀ ਮੁਸ਼ਕਿਲਾਂ ਖੜ੍ਹੀਆਂ ਕਰ ਸਕਦਾ ਹੈ |
ਦੱਸਿਆ ਜਾ ਰਿਹਾ ਹੈ ਕਿ ਇਹ ਮੰਗ ਦੱਖਣੀ ਪੱਛਮੀ ਕਮਾਂਡ ਵੱਲੋਂ ਹੀ ਕੀਤੀ ਗਈ ਹੈ। ਜਿਨ੍ਹਾਂ ਦੇ ਢਾਂਚੇ ਪੰਜਾਬ ਦੇ ਮਾਲਵਾ ਖੇਤਰ ‘ਚ ਬਠਿੰਡਾ ਅਤੇ ਕੁਝ ਹੋਰ ਥਾਵਾਂ ’ਤੇ ਸਥਿਤ ਹਨ। ਪਰ ਜੇਕਰ ਸਰਕਾਰ ਇਸ ਨੂੰ ਮੁਫ਼ਤ ਬਿਜਲੀ ਦਿੰਦੀ ਹੈ ਤਾਂ ਉਸ ਨੂੰ ਜਲੰਧਰ, ਫ਼ਿਰੋਜ਼ਪੁਰ, ਪਟਿਆਲਾ, ਅੰਮ੍ਰਿਤਸਰ ਅਤੇ ਪਠਾਨਕੋਟ ‘ਚ ਸਥਿਤ ਢਾਂਚੇ ਨੂੰ ਵੀ ਮੁਫ਼ਤ ਬਿਜਲੀ ਦੇਣੀ ਪਵੇਗੀ।