ਚੰਡੀਗੜ੍ਹ, 27 ਨਵੰਬਰ 2024: ਸੰਸਦ ਦਾ ਸਰਦ ਰੁੱਤ ਇਜਲਾਸ ਸੋਮਵਾਰ ਤੋਂ ਹੀ ਸ਼ੁਰੂ ਹੋ ਚੁੱਕਾ ਹੈ | ਸੋਮਵਾਰ ਨੂੰ ਦੋਵੇਂ ਸਦਨਾਂ ਦੀ ਕਾਰਵਾਈ ਬੁੱਧਵਾਰ ਤੱਕ ਮੁਲਤਵੀ ਕਰ ਦਿੱਤੀ ਗਈ ਸੀ | ਅੱਜ ਦੋਵਾਂ ਸਦਨਾਂ ਦੀ ਕਾਰਵਾਈ ਸਵੇਰੇ 11 ਵਜੇ ਸ਼ੁਰੂ ਹੋਈ | ਇਸ ਦੌਰਾਨ ਲੋਕ ਸਭਾ (Lok Sabha) ‘ਚ ਵਿਰੋਧੀ ਧਿਰ ਨੇ ਮਣੀਪੁਰ ਅਤੇ ਗੌਤਮ ਅਡਾਨੀ ਦੇ ਮੁੱਦੇ ‘ਤੇ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ।
ਲੋਕ ਸਭਾ (Lok Sabha) ‘ਚ ਵਿਰੋਧੀ ਧਿਰ ਦੇ ਹੰਗਾਮੇ ਕਾਰਨ ਸਦਨ ਦੀ ਕਾਰਵਾਈ ਦੁਪਹਿਰ 12 ਵਜੇ ਤੱਕ ਮੁਲਤਵੀ ਕਰ ਦਿੱਤੀ ਹੈ। ਵਿਰੋਧੀ ਧਿਰ ਅਡਾਨੀ, ਸੰਭਲ, ਮਣੀਪੁਰ ਅਤੇ ਬੇਰੁਜ਼ਗਾਰੀ ਵਰਗੇ ਮੁੱਦਿਆਂ ‘ਤੇ ਨਾਅਰੇਬਾਜ਼ੀ ਕਰ ਰਹੀ ਸੀ ਅਤੇ ਪ੍ਰਸ਼ਨ ਕਾਲ ਵੀ ਨਹੀਂ ਚੱਲਣ ਦਿੱਤਾ ਗਿਆ।
ਜਿਸ ਨੂੰ ਕੁਝ ਦੇਰ ਬਾਅਦ ਅੱਜ 27 ਨਵੰਬਰ ਸਵੇਰੇ 11 ਵਜੇ ਤੱਕ ਮੁਲਤਵੀ ਕਰ ਦਿੱਤਾ ਗਿਆ। ਹਾਲਾਂਕਿ 26 ਨਵੰਬਰ ਨੂੰ ਸੰਵਿਧਾਨ ਦਿਵਸ ਮੌਕੇ ਕਰਵਾਏ ਗਏ ਵਿਸ਼ੇਸ਼ ਸਮਾਗਮਾਂ ਕਾਰਨ ਸਦਨਾਂ ਦੀ ਕਾਰਵਾਈ ਨਹੀਂ ਚੱਲ ਸਕੀ।
ਇਸ ਦੌਰਾਨ ਸ਼ਿਵ ਸੈਨਾ (ਯੂਬੀਟੀ) ਦੇ ਸੰਸਦ ਮੈਂਬਰ ਸੰਜੇ ਰਾਉਤ ਨੇ ਕਿਹਾ ਕਿ ਅਸੀਂ ਪਿਛਲੇ 10 ਸਾਲਾਂ ਤੋਂ ਇਹ ਸਵਾਲ ਉਠਾ ਰਹੇ ਹਾਂ। ਜਦੋਂ ਕਾਂਗਰਸ ਸੱਤਾ ‘ਚ ਸੀ ਤਾਂ ਭਾਜਪਾ ਨੇ ਈਵੀਐਮ ‘ਤੇ ਸਵਾਲ ਉਠਾਏ ਸਨ। ਇਸ ਦੇਸ਼ ‘ਚ ਈਵੀਐਮ ਇੱਕ ਧੋਖਾ ਹੈ ਅਤੇ ਜੇਕਰ ਈਵੀਐਮ ਨਾ ਹੋਣ ਤਾਂ ਪੂਰੇ ਦੇਸ਼ ‘ਚ ਭਾਜਪਾ ਨੂੰ 25 ਸੀਟਾਂ ਵੀ ਨਹੀਂ ਮਿਲਣਗੀਆਂ।
ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਮਹਾਰਾਸ਼ਟਰ ਅਤੇ ਹਰਿਆਣਾ ਦੇ ਨਤੀਜੇ ਆਏ ਹਨ, ਅਸੀਂ ਉਸ ਨੂੰ ਸਵੀਕਾਰ ਨਹੀਂ ਕਰਦੇ। ਬੈਲਟ ਪੇਪਰ ‘ਤੇ ਚੋਣਾਂ ਕਰਵਾਓ ਅਤੇ ਜੋ ਵੀ ਨਤੀਜਾ ਆਵੇਗਾ, ਅਸੀਂ ਉਸ ਨੂੰ ਸਵੀਕਾਰ ਕਰਾਂਗੇ।