ਚੰਡੀਗੜ੍ਹ, 23 ਨਵੰਬਰ 2024: IND vs AUS 1st Test Match Live: ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਪੰਜ ਮੈਚਾਂ ਦੀ ਟੈਸਟ ਸੀਰੀਜ਼ ਪਰਥ ‘ਚ ਪਹਿਲੇ ਟੈਸਟ ਮੈਚ ਦੇ ਦੂਜੇ ਦਿਨ ਦੀ ਖੇਡ ਸਮਾਪਤ ਹੋ ਗਈ ਹੈ | ਭਾਰਤੀ ਟੀਮ ਨੇ ਆਪਣੀ ਦੂਜੀ ਪਾਰੀ ‘ਚ ਬਿਨਾਂ ਕੋਈ ਵਿਕਟ ਗੁਆਏ 172 ਦੌੜਾਂ ਬਣਾ ਲਈਆਂ ਹਨ। ਫਿਲਹਾਲ ਕੇਐੱਲ ਰਾਹੁਲ 62 ਅਤੇ ਯਸ਼ਸਵੀ ਜੈਸਵਾਲ (Yashshwi Jaiswal) 90 ਦੌੜਾਂ ਬਣਾ ਕੇ ਕ੍ਰੀਜ਼ ‘ਤੇ ਹਨ। ਭਾਰਤ ਨੇ ਆਸਟ੍ਰੇਲੀਆ ਖ਼ਿਲਾਫ ਕੁੱਲ ਲੀਡ 218 ਦੌੜਾਂ ਬਣਾ ਲਈ ਹੈ।
ਜਿਕਰਯੋਗ ਹੈ ਕਿ ਭਾਰਤ ਨੇ ਆਪਣੀ ਪਹਿਲੀ ਪਾਰੀ (IND vs AUS) ‘ਚ 150 ਦੌੜਾਂ ਬਣਾਈਆਂ ਸਨ, ਜਦਕਿ ਆਸਟ੍ਰੇਲੀਆ ਦੀ ਪਹਿਲੀ ਪਾਰੀ 104 ਦੌੜਾਂ ‘ਤੇ ਸਮਾਪਤ ਹੋ ਗਈ ਸੀ। ਪਹਿਲੀ ਪਾਰੀ ਦੇ ਆਧਾਰ ‘ਤੇ ਭਾਰਤ ਕੋਲ 46 ਦੌੜਾਂ ਦੀ ਬੜ੍ਹਤ ਸੀ। ਯਸ਼ਸਵੀ ਨੇ ਹੁਣ ਤੱਕ 193 ਗੇਂਦਾਂ ਦਾ ਸਾਹਮਣਾ ਕੀਤਾ ਹੈ ਅਤੇ ਸੱਤ ਚੌਕੇ ਅਤੇ ਦੋ ਛੱਕੇ ਲਗਾਏ ਹਨ। ਇਸ ਦੇ ਨਾਲ ਹੀ ਰਾਹੁਲ ਨੇ ਹੁਣ ਤੱਕ 153 ਗੇਂਦਾਂ ਦਾ ਸਾਹਮਣਾ ਕੀਤਾ ਹੈ ਅਤੇ ਚਾਰ ਚੌਕੇ ਲਗਾਏ ਹਨ।
ਦੂਜੇ ਦਿਨ ਆਸਟ੍ਰੇਲੀਆ ਦੀ ਟੀਮ ਨੇ ਸੱਤ ਵਿਕਟਾਂ ‘ਤੇ 67 ਦੌੜਾਂ ਤੋਂ ਖੇਡ ਸ਼ੁਰੂ ਕੀਤੀ ਅਤੇ ਬਾਕੀ ਦੀਆਂ ਤਿੰਨ ਵਿਕਟਾਂ ਗੁਆ ਕੇ 37 ਦੌੜਾਂ ਬਣਾਈਆਂ ਸਨ। ਆਸਟ੍ਰੇਲੀਆ ਨੂੰ ਸ਼ਨੀਵਾਰ ਨੂੰ ਪਹਿਲਾ ਝਟਕਾ ਐਲੇਕਸ ਕੈਰੀ ਦੇ ਰੂਪ ‘ਚ ਲੱਗਾ। ਉਨ੍ਹਾਂ ਨੂੰ ਜਸਪ੍ਰੀਤ ਬੁਮਰਾਹ ਨੇ ਵਿਕਟਕੀਪਰ ਰਿਸ਼ਭ ਪੰਤ ਦੇ ਹੱਥੋਂ ਕੈਚ ਕਰਵਾਇਆ। ਕੈਰੀ 21 ਦੌੜਾਂ ਬਣਾ ਕੇ ਪਵੇਲੀਅਨ ਪਰਤ ਗਿਆ । ਇਸ ਤੋਂ ਬਾਅਦ ਨਾਥਨ ਲਿਓਨ ਪੰਜ ਦੌੜਾਂ ਬਣਾ ਕੇ ਹਰਸ਼ਿਤ ਰਾਣਾ ਦਾ ਸ਼ਿਕਾਰ ਬਣੇ।
ਪਹਿਲੀ ਪਾਰੀ (IND vs AUS) ‘ਚ ਖਰਾਬ ਬੱਲੇਬਾਜ਼ੀ ਤੋਂ ਬਾਅਦ ਭਾਰਤੀ ਸਲਾਮੀ ਜੋੜੀ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਦੂਜੀ ਪਾਰੀ ‘ਚ 150ਤੋਂ ਵੱਧ ਦੌੜਾਂ ਦੀ ਸਾਂਝੇਦਾਰੀ ਕੀਤੀ। ਇਸਦੇ ਨਾਲ ਹੀ ਭਾਰਤੀ ਟੀਮ ਨੇ ਨਵਾਂ ਰਿਕਾਰਡ ਆਪਣੇ ਨਾਂ ਕਰ ਲਿਆ ਹੈ |
ਜਿਕਰਯੋਗ ਹੈ ਕਿ 1986 ਤੋਂ ਬਾਅਦ ਇਹ ਪਹਿਲਾ ਮੌਕਾ ਹੈ ਜਦੋਂ ਇੰਗਲੈਂਡ ਤੋਂ ਇਲਾਵਾ ਕਿਸੇ ਹੋਰ ਦੇਸ਼ ਦੀ ਸਲਾਮੀ ਜੋੜੀ ਨੇ ਆਸਟ੍ਰੇਲੀਆ ਦੀ ਧਰਤੀ ‘ਤੇ 150+ ਦੌੜਾਂ ਦੀ ਸਾਂਝੇਦਾਰੀ ਕੀਤੀ ਹੈ। ਇਸਤੋਂ ਪਹਿਲਾਂ 1986 ‘ਚ ਸੁਨੀਲ ਗਾਵਸਕਰ ਅਤੇ ਕੇ ਸ਼੍ਰੀਕਾਂਤ ਦੀ ਜੋੜੀ ਨੇ ਇਹ ਕਾਰਨਾਮਾ ਕੀਤਾ ਸੀ |
ਭਾਰਤੀ ਬੱਲੇਬਾਜ਼ ਕੇਐਲ ਰਾਹੁਲ ਨੇ ਵੀ ਦੂਜੀ ਪਾਰੀ ‘ਚ ਅਰਧ ਸੈਂਕੜਾ ਜੜਿਆ ਹੈ। ਕੇਐੱਲ ਰਾਹੁਲ (KL Rahul) ਨੇ ਯਸ਼ਸਵੀ ਜੈਸਵਾਲ ਦੇ ਨਾਲ ਮਿਲ ਕੇ ਆਸਟ੍ਰੇਲੀਆ ਦੇ ਖ਼ਿਲਾਫ ਦੂਜੀ ਪਾਰੀ ‘ਚ ਭਾਰਤ ਨੂੰ ਮਜ਼ਬੂਤ ਸ਼ੁਰੂਆਤ ਦਿਵਾਈ ਹੈ। ਕੇਐਲ ਰਾਹੁਲ ਨੇ 124 ਗੇਂਦਾਂ ‘ਚ ਅਰਧ ਸੈਂਕੜਾ ਜੜਿਆ। ਹੁਣ ਤੱਕ ਯਸ਼ਸਵੀ ਅਤੇ ਕੇਐੱਲ ਰਾਹੁਲ ਵਿਚਾਲੇ ਪਹਿਲੇ ਵਿਕਟ ਲਈ 172 ਦੌੜਾਂ ਦੀ ਸਾਂਝੇਦਾਰੀ ਹੋ ਚੁੱਕੀ ਹੈ।
ਯਸ਼ਸਵੀ ਜੈਸਵਾਲ ਨੇ ਆਪਣੇ ਟੈਸਟ ਕਰੀਅਰ ਦਾ ਨੌਵਾਂ ਅਰਧ ਸੈਂਕੜਾ ਲਗਾਇਆ। ਉਸਨੇ 2023-25 ਵਿਸ਼ਵ ਟੈਸਟ ਚੈਂਪੀਅਨਸ਼ਿਪ ਚੱਕਰ ਵਿੱਚ ਸਭ ਤੋਂ ਵੱਧ 50+ ਸਕੋਰਾਂ ਦੇ ਮਾਮਲੇ ਵਿੱਚ ਜੋ ਰੂਟ ਦੀ ਬਰਾਬਰੀ ਕੀਤੀ ਹੈ। ਦੋਵੇਂ 12-12 ਵਾਰ ਅਜਿਹਾ ਕਰ ਚੁੱਕੇ ਹਨ। ਇਸ ਸਮੇਂ ਭਾਰਤ ਦਾ ਸਕੋਰ ਬਿਨਾਂ ਕੋਈ ਵਿਕਟ ਗੁਆਏ 101 ਦੌੜਾਂ ਹੈ। ਟੀਮ ਇੰਡੀਆ ਦੀ ਆਸਟ੍ਰੇਲੀਆ ‘ਤੇ ਹੁਣ ਤੱਕ 147 ਦੌੜਾਂ ਦੀ ਲੀਡ ਹੈ।
41ਵੇਂ ਓਵਰ ਦੀ ਛੇਵੀਂ ਗੇਂਦ ‘ਤੇ ਉਸਮਾਨ ਖਵਾਜਾ ਦੇ ਹੱਥੋਂ ਸਲਿੱਪ ‘ਤੇ ਯਸ਼ਸਵੀ ਜੈਸਵਾਲ ਦਾ ਕੈਚ ਵੀ ਛੱਡਿਆ ਗਿਆ, ਹਾਲਾਂਕਿ ਗੇਂਦ ਪੂਰੀ ਤਰ੍ਹਾਂ ਉਸ ਦੇ ਹੱਥਾਂ ਤੱਕ ਨਹੀਂ ਪਹੁੰਚੀ ਸੀ, ਪਰ ਇਹ ਕੈਚ ਡਾਈਵਿੰਗ ਕਰਕੇ ਲਿਆ ਜਾ ਸਕਦਾ ਸੀ।