ਚੰਡੀਗੜ੍ਹ, 22 ਨਵੰਬਰ 2024: ਕਾਸ਼ੀ ਵਿਸ਼ਵਨਾਥ-ਗਿਆਨਵਾਪੀ ਮਸਜਿਦ (Gyanvapi Mosque) ਮਾਮਲੇ ‘ਚ ਸੁਪਰੀਮ ਕੋਰਟ ਨੇ ਭਾਰਤੀ ਪੁਰਾਤੱਤਵ ਸਰਵੇਖਣ (Archaeological Survey of India) ਅਤੇ ਮਸਜਿਦ ਪ੍ਰਬੰਧਨ ਕਮੇਟੀ ਨੂੰ ਨੋਟਿਸ ਜਾਰੀ ਕੀਤਾ ਹੈ। ਸੁਪਰੀਮ ਕੋਰਟ ਨੇ ਦੋ ਹਫ਼ਤਿਆਂ ‘ਚ ਜਵਾਬ ਮੰਗਿਆ ਹੈ।
ਸੁਪਰੀਮ ਕੋਰਟ ਨੇ ਇਹ ਹੁਕਮ ਹਿੰਦੂ ਪਟੀਸ਼ਨਰਾਂ ਦੀ ਪਟੀਸ਼ਨ ‘ਤੇ ਦਿੱਤਾ ਹੈ। ਉਨ੍ਹਾਂ ਨੇ ਏ.ਐਸ.ਆਈ ਤੋਂ ਗਿਆਨਵਾਪੀ ਮਸਜਿਦ ਦੇ ‘ਵਜੂਖਾਨਾ’ ਖੇਤਰ ਦਾ ਸਰਵੇ ਕਰਨ ਦੀ ਮੰਗ ਕੀਤੀ ਹੈ। ਹਿੰਦੂ ਪੱਖ ਦਾ ਕਹਿਣਾ ਹੈ ਕਿ ਗਿਆਨਵਾਪੀ ਮਸਜਿਦ ਕੰਪਲੈਕਸ ‘ਚ ਵੀਡੀਓਗ੍ਰਾਫੀ ਸਰਵੇਖਣ ਦੌਰਾਨ ਇੱਕ ਸ਼ਿਵਲਿੰਗ ਮਿਲਿਆ ਸੀ।
ਇਸ ਮਾਮਲੇ ‘ਤੇ ਵਕੀਲ ਵਰੁਣ ਕੁਮਾਰ ਸਿਨਹਾ ਦਾ ਕਹਿਣਾ ਹੈ ਕਿ ਗਿਆਨਵਾਪੀ ਮਾਮਲਾ ਸੁਪਰੀਮ ਕੋਰਟ ‘ਚ ਸੂਚੀਬੱਧ ਸੀ। ਇੱਕ ਅਰਜ਼ੀ ਦਾਇਰ ਕੀਤੀ ਗਈ ਸੀ ਕਿ ਵਾਰਾਣਸੀ ਜ਼ਿਲ੍ਹਾ ਅਦਾਲਤ ਦੇ ਸਾਰੇ ਮੁਕੱਦਮੇ ਹਾਈ ਕੋਰਟ ‘ਚ ਤਬਦੀਲ ਕੀਤੇ ਜਾਣ ਅਤੇ ਇਕਸਾਰ ਕੀਤੇ ਜਾਣ, ਤਾਂ ਜੋ ਸਾਰੇ ਮੁਕੱਦਮੇ ਇੱਕੋ ਅਦਾਲਤ ‘ਚ ਚੱਲ ਸਕਣ।
ਇਸਦੇ ਨਾਲ ਹੀ ਸੁਪਰੀਮ ਕੋਰਟ ਨੇ ਮਾਮਲੇ ਦੀ ਸੁਣਵਾਈ 19 ਦਸੰਬਰ ਤੱਕ ਮੁਲਤਵੀ ਕਰ ਦਿੱਤੀ ਹੈ। ਉਨ੍ਹਾਂ ਕਿਹਾ ਗਿਆਨਵਾਪੀ (Gyanvapi Mosque) ਨਾਲ ਸਬੰਧਤ ਸਾਰੀਆਂ ਪਟੀਸ਼ਨਾਂ ਨੂੰ ਸੂਚੀਬੱਧ ਕੀਤਾ ਜਾਵੇਗਾ ਅਤੇ ਸੁਣਵਾਈ ਸ਼ੁਰੂ ਕਰਨ ਦੀ ਤਾਰੀਖ਼ ਤੈਅ ਕੀਤੀ ਜਾਵੇਗੀ।
ਹਿੰਦੂ ਪੱਖ ਨੇ 16 ਮਈ, 2022 ਨੂੰ ਦਾਅਵਾ ਕੀਤਾ ਸੀ ਕਿ ਅਖੌਤੀ ‘ਵਜੂਖਾਨਾ’ ਖੇਤਰ ‘ਚ ਇੱਕ ਸ਼ਿਵਲਿੰਗ ਮਿਲਿਆ ਸੀ। ਅੰਜੁਮਨ ਪ੍ਰਸ਼ਾਸਨ ਇਸ ਨੂੰ ਰੱਦ ਕਰਦਾ ਹੈ ਅਤੇ ਕਹਿੰਦਾ ਹੈ ਕਿ ਇਹ ਇੱਕ ਫੁਹਾਰਾ ਹੈ। ਵਕੀਲ ਵਰੁਣ ਕੁਮਾਰ ਨੇ ਕਿਹਾ ਕਿ ਅਸੀਂ ਇਸ ਖੇਤਰ ਦੀ ਏਐਸਆਈ ਜਾਂਚ ਦੀ ਮੰਗ ਕੀਤੀ ਸੀ ਅਤੇ ਅਸੀਂ ਸੁਪਰੀਮ ਕੋਰਟ ‘ਚ ਅੰਤਰਿਮ ਅਰਜ਼ੀ ਦਾਇਰ ਕੀਤੀ ਸੀ, ਜੋ ਅੱਜ ਲਈ ਸੂਚੀਬੱਧ ਸੀ। ਜਿਸ ‘ਤੇ ਸੁਪਰੀਮ ਕੋਰਟ ਨੇ ਅੱਜ ਅੰਜੁਮਨ ਇੰਤਜਾਮੀਆ ਨੂੰ ਨੋਟਿਸ ਜਾਰੀ ਕਰਕੇ ਦੋ ਹਫ਼ਤਿਆਂ ਅੰਦਰ ਜਵਾਬ ਦਾਖ਼ਲ ਕਰਨ ਲਈ ਕਿਹਾ ਹੈ।