CM Bhagwant Mann

CM ਭਗਵੰਤ ਮਾਨ ਵੱਲੋਂ ਜੈਨ ਭਾਈਚਾਰੇ ਨੂੰ ਅਤਿ-ਆਧੁਨਿਕ ਹਸਪਤਾਲ ਸਥਾਪਿਤ ਕਰਨ ਲਈ ਸਹਿਯੋਗ ਦਾ ਐਲਾਨ

ਮੋਹਾਲੀ, 22 ਨਵੰਬਰ 2024: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ (CM Bhagwant Mann)ਨੇ ਬੀਤੇ ਦਿਨ ਜ਼ਿਲ੍ਹਾ ਮੋਹਾਲੀ ਦੇ ਅਧੀਨ ਪੈਂਦੇ ਮੁਬਾਰਿਕਪੁਰ ਵਿਖੇ ਜੈਨ ਭਗਵਤੀ ਦੀਕਸ਼ਾ ਮਹੋਤਸਵ ‘ਚ ਸ਼ਿਰਕਤ ਕੀਤੀ | ਜਿੱਥੇ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਵੀ ਪਹੁੰਚੇ |

ਇਸ ਸਮਾਗਮ ਮੌਕੇ ਸੀਐੱਮ ਭਗਵੰਤ ਮਾਨ ਨੇ ਕਿਹਾ ਕਿ ਇੱਕ ਜਨਤਕ ਆਗੂ ਵਜੋਂ ਸੂਬੇ ਦੇ ਹਰੇਕ ਨਾਗਰਿਕ ਦੇ ਹਿੱਤਾਂ ਦੀ ਰਾਖੀ ਕਰਨਾ ਉਨ੍ਹਾਂ ਦਾ ਫਰਜ਼ ਹੈ। ਉਨ੍ਹਾਂ ਕਿਹਾ ਕਿ ਪੰਜਾਬ ਇਕ ਪਵਿੱਤਰ ਧਰਤੀ ਹੈ, ਜਿੱਥੇ ਵੱਖ-ਵੱਖ ਧਰਮਾਂ, ਭਾਸ਼ਾਵਾਂ ਅਤੇ ਸਮਾਜਿਕ ਵਰਗਾਂ ਦੇ ਲੋਕ ਸ਼ਾਂਤੀ ਅਤੇ ਸਦਭਾਵਨਾ ਨਾਲ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਸ ਧਰਤੀ ਦੀ ਸੇਵਾ ਕਰਨ ਲਈ ਲੋਕਾਂ ਵੱਲੋਂ ਵੱਡਾ ਫਤਵਾ ਦਿੱਤਾ ਹੈ ਅਤੇ ਇਸ ਨੇਕ ਕਾਰਜ ਲਈ ਉਨ੍ਹਾਂ ਵੱਲੋਂ ਕੋਈ ਕਸਰ ਨਹੀਂ ਛੱਡੀ ਜਾਵੇਗੀ।

ਜੈਨ ਭਾਈਚਾਰੇ ਨਾਲ ਆਪਣੇ ਪੁਰਾਣੇ ਸਬੰਧਾਂ ਬਾਰੇ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਉਨ੍ਹਾਂ ਨੂੰ ਹਮੇਸ਼ਾ ਜੈਨ ਭਾਈਚਾਰੇ ਦੇ ਸੰਤਾਂ ਦੇ ਆਸ਼ੀਰਵਾਦ ਦਾ ਸੁਭਾਗ ਮਿਲਿਆ ਹੈ। ਉਨ੍ਹਾਂ ਇਲਾਕੇ ‘ਚ ਅਤਿ-ਆਧੁਨਿਕ ਹਸਪਤਾਲ ਸਥਾਪਤ ਕਰਨ ਲਈ ਭਾਈਚਾਰੇ ਵੱਲੋਂ ਪੂਰਨ ਸਹਿਯੋਗ ਦੇਣ ਦਾ ਵੀ ਐਲਾਨ ਕੀਤਾ। ਭਗਵੰਤ ਮਾਨ ਨੇ ਆਸ ਪ੍ਰਗਟਾਈ ਕਿ ਇਹ ਹਸਪਤਾਲ ਸਮੁੱਚੇ ਉੱਤਰੀ ਖੇਤਰ ਦੇ ਲੋਕਾਂ ਨੂੰ ਮਿਆਰੀ ਸਿਹਤ ਸੇਵਾਵਾਂ ਪ੍ਰਦਾਨ ਕਰਨ ‘ਚ ਮੋਹਰੀ ਭੂਮਿਕਾ ਨਿਭਾਏਗਾ।

ਉਨ੍ਹਾਂ (CM Bhagwant Mann) ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਵਿਕਾਸ ਅਤੇ ਲੋਕਾਂ ਦੀ ਭਲਾਈ ਲਈ ਮਹਾਨ ਗੁਰੂਆਂ, ਸੰਤਾਂ, ਮਹਾਂਪੁਰਖਾਂ, ਸੰਤਾਂ ਅਤੇ ਸ਼ਹੀਦਾਂ ਦੇ ਦਰਸਾਏ ਮਾਰਗ ‘ਤੇ ਚੱਲ ਰਹੀ ਹੈ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਧਰਮ ਸਾਨੂੰ ਸਾਦਾ ਜੀਵਨ, ਉੱਚ ਵਿਚਾਰਾਂ ਅਤੇ ਅਹਿੰਸਾ ਦੇ ਸਿਧਾਂਤ ਰਾਹੀਂ ਅਧਿਆਤਮਿਕਤਾ ਦੇ ਮਾਰਗ ‘ਤੇ ਚੱਲ ਕੇ ਮੁਕਤੀ ਪ੍ਰਾਪਤ ਕਰਨ ਦਾ ਸੰਦੇਸ਼ ਦਿੰਦਾ ਹੈ। ਉਨ੍ਹਾਂ ਕਿਹਾ ਕਿ ਹਰ ਧਰਮ ਦਾ ਸਦੀਵੀ ਸੰਦੇਸ਼ ਵਿਸ਼ਵ-ਵਿਆਪੀ ਭਾਈਚਾਰਾ, ਭਾਈਚਾਰਕ ਸਾਂਝ ਅਤੇ ਸ਼ਾਂਤੀ ਹੈ |

ਮੁੱਖ ਮੰਤਰੀ ਨੇ ਕਿਹਾ ਕਿ ਸਾਡੇ ਮਹਾਨ ਗੁਰੂਆਂ, ਸੰਤਾਂ ਅਤੇ ਪੀਰਾਂ ਨਾਲ ਸਬੰਧਤ ਅਜਿਹੇ ਪ੍ਰੋਗਰਾਮ ਸਾਡੇ ਲਈ ਬਹੁਤ ਮਹੱਤਵਪੂਰਨ ਹਨ ਕਿਉਂਕਿ ਇਹ ਸਾਨੂੰ ਅਤੇ ਸਾਡੀ ਨੌਜਵਾਨ ਪੀੜ੍ਹੀ ਨੂੰ ਸਾਡੀਆਂ ਧਾਰਮਿਕ ਅਤੇ ਸਮਾਜਿਕ ਪਰੰਪਰਾਵਾਂ ਤੋਂ ਜਾਣੂ ਕਰਵਾਉਂਦੇ ਹਨ, ਜੋ ਸਮੁੱਚੀ ਮਨੁੱਖਤਾ ਨੂੰ ਆਪਸ ‘ਚ ਬੰਨ੍ਹਦੀਆਂ ਹਨ।

Scroll to Top