ਚੰਡੀਗੜ੍ਹ, 21 ਨਵੰਬਰ 2024: ਅਮਰੀਕੀ ਵਕੀਲਾਂ ਵੱਲੋਂ ਭਾਰਤ ਦੇ ਉਦਯੋਗਪਤੀ ਗੌਤਮ ਅਡਾਨੀ (Gautam Adani) ‘ਤੇ ਲਗਾਏ ਭ੍ਰਿਸ਼ਟਾਚਾਰ ਦੇ ਦੋਸ਼ਾਂ ਨੂੰ ਲੈ ਕੇ ਕਾਂਗਰਸ ਆਗੂ ਰਾਹੁਲ ਗਾਂਧੀ (Rahul Gandhi) ਨੇ ਕੇਂਦਰ ਸਰਕਾਰ ਅਤੇ ਉਦਯੋਗਪਤੀ ਗੌਤਮ ਅਡਾਨੀ ‘ਤੇ ਗੰਭੀਰ ਦੋਸ਼ ਲਗਾਏ ਹਨ ।
ਪ੍ਰੈਸ ਵਾਰਤਾ ‘ਚ ਰਾਹੁਲ ਗਾਂਧੀ ਨੇ ਦੋਸ਼ ਲਗਾਇਆ ਕਿ ਇਹ ਹੁਣ ਸਪੱਸ਼ਟ ਹੋ ਗਿਆ ਹੈ ਕਿ ਅਡਾਨੀ ਨੇ ਭਾਰਤੀ ਅਤੇ ਅਮਰੀਕੀ ਕਾਨੂੰਨਾਂ ਦੀ ਉਲੰਘਣਾ ਕੀਤੀ ਹੈ। ਰਾਹੁਲ ਗਾਂਧੀ ਦਾ ਕਹਿਣਾ ਹੈ ਕਿ ਮੈਂ ਹੈਰਾਨ ਹਾਂ ਕਿ ਅਡਾਨੀ ਅਜੇ ਵੀ ਦੇਸ਼ ‘ਚ ਖੁੱਲ੍ਹ ਕੇ ਕਿਵੇਂ ਘੁੰਮ ਰਹੇ ਹਨ ? ਰਾਹੁਲ ਗਾਂਧੀ ਨੇ ਦੋਸ਼ ਲਾਇਆ ਕਿ ਅਡਾਨੀ ਦੇ ਪ੍ਰੋਜੈਕਟਾਂ ਦੀ ਕਈ ਦੇਸ਼ਾਂ ‘ਚ ਜਾਂਚ ਚੱਲ ਰਹੀ ਹੈ ਅਤੇ ਅਡਾਨੀ ਭ੍ਰਿਸ਼ਟਾਚਾਰ ਕਰਕੇ ਦੇਸ਼ ਦੀ ਸਾਖ ਨੂੰ ਢਾਹ ਲਾ ਰਿਹਾ ਹੈ।
ਰਾਹੁਲ ਗਾਂਧੀ ਨੇ ਉਦਯੋਗਪਤੀ ਗੌਤਮ ਅਡਾਨੀ (Gautam Adani) ਦੀ ਗ੍ਰਿਫਤਾਰੀ ਦੀ ਮੰਗ ਕੀਤੀ ਹੈ | ਰਾਹੁਲ ਗਾਂਧੀ ਨੇ ਦੋਸ਼ ਲਾਇਆ ਕਿ ‘ਨਰਿੰਦਰ ਮੋਦੀ ਨੇ ਨਾਅਰਾ ਦਿੱਤਾ- ਇੱਕ ਹਾਂ ਤਾਂ ਸੁਰੱਖਿਅਤ ਹਾਂ।’ ਜੇਕਰ ਭਾਰਤ ‘ਚ ਨਰਿੰਦਰ ਮੋਦੀ ਅਤੇ ਅਡਾਨੀ ਇੱਕ ਹਨ ਤਾਂ ਸੁਰੱਖਿਅਤ ਹਨ।
ਰਾਹੁਲ ਗਾਂਧੀ ਦਾ ਕਹਿਣਾ ਹੈ ਕਿ ਇੱਥੇ ਮੁੱਖ ਮੰਤਰੀ ਨੂੰ ਜੇਲ੍ਹ ਭੇਜ ਦਿੱਤਾ ਜਾਂਦਾ ਹੈ ਅਤੇ ਅਡਾਨੀ 2000 ਕਰੋੜ ਦਾ ਘਪਲਾ ਕਰਕੇ ਆਜ਼ਾਦ ਘੁੰਮ ਰਿਹਾ ਹੈ। ਕਿਉਂਕਿ ਨਰਿੰਦਰ ਮੋਦੀ ਉਨ੍ਹਾਂ ਦੀ ਰੱਖਿਆ ਕਰ ਰਹੇ ਹਨ। ਰਾਹੁਲ ਗਾਂਧੀ ਦਾ ਕਹਿਣਾ ਹੈ ਕਿਅਮਰੀਕਾ ਦੀ ਜਾਂਚ ਕਹਿੰਦੀ ਹੈ ਕਿ ਅਡਾਨੀ ਨੇ ਭਾਰਤ ਅਤੇ ਅਮਰੀਕਾ ‘ਚ ਅਪਰਾਧ ਕੀਤੇ ਹਨ। ਪਰ ਭਾਰਤ ‘ਚ ਅਡਾਨੀ ਖ਼ਿਲਾਫ ਕੋਈ ਕਾਰਵਾਈ ਨਹੀਂ ਹੋ ਰਹੀ ਹੈ।
ਰਾਹੁਲ ਗਾਂਧੀ ਨੇ ਕਿਹਾ ਕਿ ਸਾਡੀ ਮੰਗ ਹੈ ਕਿ ਅਡਾਨੀ ਨੂੰ ਗ੍ਰਿਫਤਾਰ ਕੀਤਾ ਜਾਵੇ ਅਤੇ ਸੇਬੀ ਮੁਖੀ ਮਾਧਬੀ ਪੁਰੀ ਬੁਚ ਨੂੰ ਅਹੁਦੇ ਤੋਂ ਹਟਾਇਆ ਜਾਵੇ ਅਤੇ ਉਸ ਦੀ ਜਾਂਚ ਕੀਤੀ ਜਾਵੇ। ਉਨ੍ਹਾਂ ਜਾਂਚ ਲਈ ਸੰਸਦ ਦੀ ਸਾਂਝੀ ਕਮੇਟੀ (ਜੇਪੀਸੀ) ਦੇ ਗਠਨ ਦੀ ਮੰਗ ਵੀ ਕੀਤੀ ਹੈ। ਰਾਹੁਲ ਗਾਂਧੀ ਨੇ ਦੋਸ਼ ਲਾਇਆ ਹੈ ਕਿ ਇਹ ਵਿਅਕਤੀ ਭ੍ਰਿਸ਼ਟਾਚਾਰ ਰਾਹੀਂ ਦੇਸ਼ ਦੇ ਵਸੀਲਿਆਂ ‘ਤੇ ਕਬਜ਼ਾ ਕਰ ਰਿਹਾ ਹੈ। ਉਹ ਭਾਜਪਾ ਦੀ ਮੱਦਦ ਕਰ ਰਹੀ ਹੈ।