ਸਰਹਿੰਦ, 19 ਨਵੰਬਰ 2024: ਸਰਹਿੰਦ ਰਹਿ ਰਹੇ ਇੱਕ ਬਜ਼ੁਰਗ ਜੋੜੇ ਨਾਲ ਸਾਈਬਰ ਠੱਗਾਂ (Cyber Fraud) ਵੱਲੋਂ ਪੰਜ ਲੱਖ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ | ਮਿਲੀ ਜਾਣਕਾਰੀ ਮੁਤਾਬਕ ਠੱਗਾਂ ਨੇ ਬਜ਼ੁਰਗ ਜੋੜੇ ਨਾਲ ਉਨ੍ਹਾਂ ਦੇ ਪੁੱਤ ਦੇ ਨਾਂ ‘ਤੇ ਠੱਗੀ ਮਾਰੀ ਹੈ |
ਪੁਲਿਸ ਨੂੰ ਦਿੱਤੀ ਸ਼ਿਕਾਇਤ ‘ਚ ਰਣਬੀਰ ਸਿੰਘ (80 ਸਾਲ) ਵਾਸੀ ਸਰਹਿੰਦ ਨੇ ਦੱਸਿਆ ਕਿ ਬੀਤੀ 14 ਨਵੰਬਰ ਨੂੰ ਉਹ ਅਤੇ ਉਸਦੀ ਪਤਨੀ ਘਰ ‘ਚ ਸਨ ਤਾਂ ਉਸ ਵੇਲੇ ਉਨ੍ਹਾਂ ਨੂੰ ਵਟਸਐੱਪ ਨੰਬਰ ‘ਤੇ ਕਾਲ ਆਈ |
ਉਨ੍ਹਾਂ ਦੱਸਿਆ ਕਿ ਵਟਸਐੱਪ ਨੰਬਰ ‘ਤੇ ਕਿਸੇ ਪੁਲਿਸ ਅਫਸਰ ਦੀ ਵਰਦੀ ‘ਚ ਫੋਟੋ ਲੱਗੀ ਹੋਈ ਸੀ | ਫੋਨ ਕਰਨ ਵਾਲੇ ਨੇ ਉਨ੍ਹਾਂ ਨੂੰ ਕਿਹਾ ਕਿ ਜੋ ਤੁਹਾਡਾ ਲੜਕਾ ਗੁਰਪ੍ਰੀਤ ਸਿੰਘ ਕੈਨੇਡਾ ਗਿਆ ਹੋਇਆ ਹੈ | ਉਸਨੂੰ ਅਸੀਂ ਕਿਸੇ ਕੇਸ ‘ਚ ਫੜ ਲਿਆ ਹੈ | ਠੱਗਾਂ ਨੇ ਕਿਹਾ ਕਿ ਜੇਕਰ ਤੁਸੀਂ ਉਸਨੂੰ ਸਹੀ ਸਲਾਮਤ ਛੁਡਵਾਉਣਾ ਚਾਹੁੰਦੇ ਹੋ ਤਾਂ ਸਾਨੂੰ ਪੰਜ ਲੱਖ ਰੁਪਏ ਦੇਣੇ ਪੈਣਗੇ।
ਸ਼ਿਕਾਇਤਕਰਤਾ ਨੇ ਦੱਸਿਆ ਕਿ ਉਹ ਫੋਨ ਸੁਣ ਕੇ ਬਹੁਤ ਘਬਰਾ ਗਏ ਤੇ ਉਨ੍ਹਾਂ ਨੇ ਉਸੇ ਦਿਨ ਬੈਂਕ ‘ਚ ਜਾ ਕੇ ਫੋਨ ਕਰਨ ਵਾਲੇ ਵੱਲੋਂ ਦੱਸੇ ਗਏ ਬੈਂਕ ਖਾਤਿਆਂ ‘ਚ ਆਪਣੇ ਅਤੇ ਆਪਣੀ ਪਤਨੀ ਦੇ ਬੈਂਕ ਖਾਤੇ ‘ਚੋਂ ਪੰਜ ਲੱਖ ਰੁਪਏ ਟਰਾਂਸਫਰ ਕਰਵਾ ਦਿੱਤੇ। ਕੁਝ ਚਿਰ ਬਾਅਦ ਜਦੋਂ ਉਨਾਂ ਦਾ ਕੈਨੇਡਾ ਰਹਿ ਰਹੇ ਆਪਣੇ ਪੁੱਤਰ ਨਾਲ ਫੋਨ ‘ਤੇ ਸੰਪਰਕ ਹੋਇਆ ਤਾਂ ਉਸਨੇ ਦੱਸਿਆ ਕਿ ਅਜਿਹੀ ਤਾਂ ਕੋਈ ਗੱਲ ਹੀ ਨਹੀਂ ਸੀ | ਉਹ ਤਾਂ ਬਿਲਕੁੱਲ ਠੀਕ-ਠਾਕ ਹੈ।
ਜਿਸ ‘ਤੇ ਉਨਾਂ ਨੂੰ ਅਹਿਸਾਸ ਹੋਇਆ ਕਿ ਉਨਾਂ ਨਾਲ ਸਾਈਬਰ ਠੱਗਾਂ (Cyber Fraud) ਨੇ ਧੋਖਾਧੜੀ ਕੀਤੀ ਹੈ। ਡੀਐਸਪੀ ਹਰਤੇਸ਼ ਨੇ ਦੱਸਿਆ ਕਿ ਰਣਬੀਰ ਸਿੰਘ ਦੇ ਬਿਆਨਾਂ ‘ਤੇ ਥਾਣਾ ਸਾਈਬਰ ਕ੍ਰਾਈਮ ਫਤਿਹਗੜ੍ਹ ਸਾਹਿਬ ਦੀ ਪੁਲਿਸ ਨੇ ਅਣਪਛਾਤਿਆਂ ਵਿਰੁੱਧ ਮੁਕੱਦਮਾ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।