ਚੰਡੀਗੜ੍ਹ, 15 ਨਵੰਬਰ 2024: ਹਰਿਆਣਾ ਦੀ ਮਹਿਲਾ ਅਤੇ ਬਾਲ ਵਿਕਾਸ, ਸਿੰਚਾਈ ਅਤੇ ਜਲ ਸਰੋਤ ਮੰਤਰੀ ਸ਼ਰੂਤੀ ਚੌਧਰੀ (Shruti Chaudhary) ਨੇ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤਾਂ ਦਿੱਤੀਆਂ ਕਿ ਨਹਿਰੀ ਪਾਣੀ ਕਿਸਾਨਾਂ (farmers) ਦੇ ਖੇਤਾਂ ਦੀ ਟੇਲਾਂ ਤੱਕ ਪਹੁੰਚਣਾ ਯਕੀਨੀ ਬਣਾਇਆ ਜਾਵੇ, ਤਾਂ ਜੋ ਫਸਲਾਂ ਦੀ ਬਿਜਾਈ ਲਈ ਸਹੂਲਤ ਮਿਲ ਸਕੇ ।
ਮੰਤਰੀ ਨੇ ਅਧਿਕਾਰੀਆਂ ਨੂੰ ਇਹ ਵੀ ਹਦਾਇਤ ਕੀਤੀ ਕਿ ਉਹ ਹਰਿਆਣਾ ਦੇ ਹਰੇਕ ਜ਼ਿਲ੍ਹੇ ਦੇ ਹਰ ਵਿਧਾਨ ਸਭਾ ਹਲਕੇ ਦਾ ਦੌਰਾ ਕਰਕੇ ਇਹ ਪਤਾ ਕਰਨ ਕਿ ਕਿਸਾਨਾਂ ਨੂੰ ਨਹਿਰੀ ਪਾਣੀ ਦੀ ਸਪਲਾਈ ‘ਚ ਕਿਹੜੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤਾਂ ਜੋ ਕਿਸਾਨਾਂ ਨੂੰ ਛੇਤੀ ਰਾਹਤ ਮੁਹੱਈਆ ਕਰਵਾਈ ਜਾ ਸਕੇ।
ਕੈਬਿਨਟ ਮੰਤਰੀ ਛੇਤੀ ਹੀ ਵਿਭਾਗ ਦੇ ਐਸਈ ਨਾਲ ਬੈਠਕ ਕਰਨਗੇ ਅਤੇ ਖੁਦ ਪੋਰਟਲ ਰਾਹੀਂ ਪ੍ਰੋਜੈਕਟਾਂ ਦੀ ਆਨਲਾਈਨ ਨਿਗਰਾਨੀ ਕਰਨਗੇ, ਤਾਂ ਜੋ ਪ੍ਰੋਜੈਕਟਾਂ ਨੂੰ ਸਮੇਂ ਸਿਰ ਪੂਰਾ ਕੀਤਾ ਜਾ ਸਕੇ। ਇਸ ਤੋਂ ਇਲਾਵਾ ਮੰਤਰੀ ਛੇਤੀ ਹੀ ਹਥਨੀ ਕੁੰਡ ਬੈਰਾਜ ਦਾ ਨਿਰੀਖਣ ਕਰਨਗੇ ਅਤੇ ਜਲ ਸਪਲਾਈ ਦਾ ਜਾਇਜ਼ਾ ਵੀ ਲੈਣਗੇ।
ਉਨ੍ਹਾਂ ਨੇ ਕਿਹਾ ਕਿ ਉਹ ਨਿੱਜੀ ਤੌਰ ‘ਤੇ ਨਿਗਰਾਨੀ ਰੱਖਣਗੇ ਅਤੇ ਇਹ ਯਕੀਨੀ ਬਣਾਉਣ ਲਈ ਇੱਕ ਸਮੀਖਿਆ ਬੈਠਕ ਕਰਨਗੇ ਕਿ ਨਹਿਰਾਂ ‘ਚ ਪਾਣੀ ਦੀ ਸਪਲਾਈ ਸਹੀ ਢੰਗ ਨਾਲ ਹੋ ਰਹੀ ਹੈ ਅਤੇ ਪ੍ਰੋਜੈਕਟਾਂ ਨੂੰ ਨੇਪਰੇ ਚਾੜ੍ਹਨ ‘ਚ ਕੋਈ ਦੇਰੀ ਨਾ ਹੋਵੇ।
ਮੰਤਰੀ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਕੰਮ ‘ਚ ਲਾਪਰਵਾਹੀ ਵਰਤਣ ਵਾਲੇ ਅਧਿਕਾਰੀਆਂ ਤੇ ਕਰਮਚਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕੁਝ ਕਿਸਾਨਾਂ (farmers) ਦੀ ਸ਼ਿਕਾਇਤ ਹੈ ਕਿ ਉਨ੍ਹਾਂ ਦੇ ਖੇਤਾਂ ‘ਚ ਪਾਣੀ ਨਹੀਂ ਪਹੁੰਚ ਰਿਹਾ, ਇਸ ਸਮੱਸਿਆ ਦੇ ਹੱਲ ਲਈ ਵਿਭਾਗ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਤਨਦੇਹੀ ਨਾਲ ਕੰਮ ਕਰਨਾ ਚਾਹੀਦਾ ਹੈ। ਗਸ਼ਤ ਵਧਾ ਕੇ ਨਹਿਰੀ ਪਾਣੀ ਦੀ ਚੋਰੀ ਨੂੰ ਵੀ ਰੋਕਿਆ ਜਾਵੇ।
ਉਨ੍ਹਾਂ ਕਿਹਾ ਕਿ ਵਿਭਾਗ ਨੂੰ ਇਹ ਯਕੀਨੀ ਬਣਾਉਣ ਲਈ ਯੋਜਨਾ ਤਿਆਰ ਕਰਨੀ ਪਵੇਗੀ ਕਿ ਡਾਰਕ ਜ਼ੋਨ ‘ਚ ਪਾਣੀ ਦੀ ਹੋਰ ਕਮੀ ਨਾ ਹੋਵੇ। ਖੇਤੀਬਾੜੀ ਵਿਭਾਗ ਦੇ ਨਾਲ-ਨਾਲ ਵਿਭਾਗ ਨੂੰ ਵੀ ਲੋਕਾਂ ਨੂੰ ਪਾਣੀ ਦੀ ਜ਼ਿਆਦਾ ਬਰਬਾਦੀ ਨਾ ਕਰਨ ਲਈ ਜਾਗਰੂਕ ਕਰਨਾ ਹੋਵੇਗਾ। ਮੰਤਰੀ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਮੁੱਖ ਮੰਤਰੀ ਦੇ ਐਲਾਨ ਅਧੀਨ ਇਸ ਪ੍ਰਾਜੈਕਟ ਨੂੰ ਪੂਰੀ ਤਨਦੇਹੀ ਨਾਲ ਮੁਕੰਮਲ ਕੀਤਾ ਜਾਵੇ ਅਤੇ ਇਸ ਵਿੱਚ ਕਿਸੇ ਕਿਸਮ ਦੀ ਅਣਗਹਿਲੀ ਨਹੀਂ ਹੋਣੀ ਚਾਹੀਦੀ।