PM Modi

PM ਮੋਦੀ ਨੂੰ ਡੋਮਿਨਿਕਾ ਸਰਕਾਰ ਆਪਣੇ ਸਰਵਉੱਚ ਨਾਗਰਿਕ ਸਨਮਾਨ ਨਾਲ ਕਰੇਗੀ ਸਨਮਾਨਿਤ

ਚੰਡੀਗੜ੍ਹ, 14 ਨਵੰਬਰ 2024: ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Modi) ਨੂੰ ਇੱਕ ਹੋਰ ਦੇਸ਼ ਆਪਣੇ ਸਰਵਉੱਚ ਨਾਗਰਿਕ ਸਨਮਾਨ ਨਾਲ ਸਨਮਾਨਿਤ ਕਰਨ ਜਾ ਰਿਹਾ ਹੈ | ਡੋਮਿਨਿਕਾ (Dominica) ਦੀ ਸਰਕਾਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆਪਣੇ ਸਰਵਉੱਚ ਨਾਗਰਿਕ ਸਨਮਾਨ ਨਾਲ ਸਨਮਾਨਿਤ ਕਰਨ ਦਾ ਫੈਸਲਾ ਕੀਤਾ ਹੈ। ਪੀਐੱਮ ਮੋਦੀ ਨੂੰ ਗੁਆਨਾ ‘ਚ ਹੋਣ ਵਾਲੀ ਭਾਰਤ-ਕੈਰੀਕਾਮ ਕਾਨਫਰੰਸ ਦੌਰਾਨ ਇਸ ਸਨਮਾਨ ਨਾਲ ਸਨਮਾਨਿਤ ਕੀਤਾ ਜਾਵੇਗਾ।

ਡੋਮਿਨਿਕਾ (Dominica) ਸਰਕਾਰ ਦੇ ਬਿਆਨ ‘ਚ ਕਿਹਾ ਹੈ ਕਿ ਡੋਮਿਨਿਕਾ ਦੀ ਰਾਸ਼ਟਰਪਤੀ ਸਿਲਵੇਨੀ ਬਰਟਨ ਪ੍ਰਧਾਨ ਮੰਤਰੀ ਮੋਦੀ ਨੂੰ ਇਸ ਸਨਮਾਨ ਨਾਲ ਸਨਮਾਨਿਤ ਕਰੇਗੀ। ਫਰਵਰੀ 2021 ‘ਚ ਪ੍ਰਧਾਨ ਮੰਤਰੀ ਮੋਦੀ ਨੇ ਡੋਮਿਨਿਕਾ ਨੂੰ ਕੋਰੋਨਾ ਵੈਕਸੀਨ AstraZeneca ਦੀਆਂ 70 ਹਜ਼ਾਰ ਖੁਰਾਕਾਂ ਦੀ ਸਪਲਾਈ ਕਰਕੇ ਇੱਕ ਕੀਮਤੀ ਤੋਹਫਾ ਦਿੱਤਾ ਸੀ।

ਪ੍ਰਧਾਨ ਮੰਤਰੀ ਮੋਦੀ (PM Modi) ਦੀ ਇਸ ਉਦਾਰਤਾ ਨੂੰ ਮਾਨਤਾ ਦਿੰਦੇ ਹੋਏ, ਡੋਮਿਨਿਕਾ ਸਰਕਾਰ ਨੇ ਉਨ੍ਹਾਂ ਨੂੰ ਆਪਣੇ ਸਰਵਉੱਚ ਨਾਗਰਿਕ ਸਨਮਾਨ ਨਾਲ ਸਨਮਾਨਿਤ ਕਰਨ ਦਾ ਫੈਸਲਾ ਲਿਆ ਹੈ। ਇਸਦੇ ਨਾਲ ਹੀ ਪੀਐਮ ਮੋਦੀ ਦੀ ਅਗਵਾਈ ‘ਚ ਭਾਰਤ ਨੇ ਸਿਹਤ, ਸਿੱਖਿਆ ਅਤੇ ਆਈਟੀ ਦੇ ਖੇਤਰਾਂ ‘ਚ ਵੀ ਡੋਮਿਨਿਕਾ ਦੀ ਬਹੁਤ ਮੱਦਦ ਕੀਤੀ ਹੈ। ਭਾਰਤ ਜਲਵਾਯੂ ਪਰਿਵਰਤਨ ਦਾ ਮੁਕਾਬਲਾ ਕਰਨ ‘ਚ ਡੋਮਿਨਿਕਾ ਦੀ ਵੀ ਮੱਦਦ ਕਰ ਰਿਹਾ ਹੈ।

ਡੋਮਿਨਿਕਾ ਦੇ ਪ੍ਰਧਾਨ ਮੰਤਰੀ ਰੂਜ਼ਵੈਲਟ ਸਕਰਮਿਟ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਆਪਣੇ ਦੇਸ਼ ਦਾ ਸੱਚਾ ਦੋਸਤ ਦੱਸਿਆ ਹੈ, ਉਨ੍ਹਾਂ ਕਿਹਾ ਕਿ ਪੀਐੱਮ ਮੋਦੀ ਨੇ ਵਿਸ਼ਵ ਸਿਹਤ ਸੰਕਟ ਦੌਰਾਨ ਡੋਮਿਨਿਕਾ ਦੇ ਲੋਕਾਂ ਦੀ ਮੱਦਦ ਕੀਤੀ। ਇੰਡੀਆ ਕੈਰੀਕਾਮ ਸੰਮੇਲਨ 19 ਨਵੰਬਰ ਤੋਂ 21 ਨਵੰਬਰ 2024 ਤੱਕ ਜਾਰਜਟਾਊਨ, ਗੁਆਨਾ ‘ਚ ਕਰਵਾਇਆ ਜਾ ਰਿਹਾ ਹੈ |

ਜਿਕਰਯੋਗ ਹੈ ਕਿ ਡੋਮਿਨਿਕਾ ਕੈਰੇਬੀਅਨ ਦੇਸ਼ਾਂ ਦੇ ਸਭ ਤੋਂ ਗਰੀਬ ਦੇਸ਼ਾਂ ‘ਚੋਂ ਇੱਕ ਹੈ। ਇਸਦੀ ਆਰਥਿਕਤਾ ਖੇਤੀਬਾੜੀ ‘ਤੇ ਨਿਰਭਰ ਕਰਦੀ ਹੈ, ਜੋ ਰੁਕ-ਰੁਕ ਕੇ ਤੂਫਾਨਾਂ ਦੁਆਰਾ ਤਬਾਹ ਹੋ ਜਾਂਦੀ ਹੈ। ਵਧ ਰਹੇ ਸੈਰ-ਸਪਾਟਾ ਉਦਯੋਗ ਅਤੇ ਇੱਕ ਛੋਟੇ ਆਫਸ਼ੋਰ ਵਿੱਤੀ ਖੇਤਰ ਦੇ ਨਾਲ, ਵਿਭਿੰਨਤਾ ਦੀਆਂ ਕੋਸ਼ਿਸ਼ਾਂ ਨੂੰ ਕੁਝ ਸਫਲਤਾ ਮਿਲੀ ਹੈ।

ਜਿਕਰਯੋਗ ਹੈ ਕਿ ਕਈ ਦੇਸ਼ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆਪਣੇ ਸਰਵਉੱਚ ਨਾਗਰਿਕ ਸਨਮਾਨਾਂ ਨਾਲ ਸਨਮਾਨਿਤ ਕਰ ਚੁੱਕੇ ਹਨ । ਪਿਛਲੀ ਜੁਲਾਈ ‘ਚ ਹੀ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਆਪਣੇ ਦੇਸ਼ ਦੇ ਸਰਵਉੱਚ ਨਾਗਰਿਕ ਸਨਮਾਨ ‘ਆਰਡਰ ਆਫ ਸੇਂਟ ਐਂਡਰਿਊ ਦ ਅਪੋਸਟਲ’ ਨਾਲ ਸਨਮਾਨਿਤ ਕੀਤਾ ਸੀ।

Scroll to Top