14 ਨਵੰਬਰ 2024: ਸ਼੍ਰੀ ਗੁਰੂ ਨਾਨਕ ਦੇਵ ਜੀ (shri guru nanak dev ji_ ਦਾ 555ਵਾਂ ਪ੍ਰਕਾਸ਼ ਗੁਰਪੁਰਬ ਸੁਲਤਾਨਪੁਰ ਲੋਧੀ (sultanpur lodhi) ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਤਿਹਾਸਿਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ 13,14,15 ਨਵੰਬਰ ਨੂੰ ਬੜੀ ਹੀ ਸ਼ਰਧਾ ਤੇ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਹੈ। ਇਸ ਮੌਕੇ ਗੁਰਦੁਆਰਾ ਸ੍ਰੀ ਬੇਰ ਸਾਹਿਬ (Gurdwara Sri Ber Sahib) ਨੂੰ ਦੇਸ਼ ਵਿਦੇਸ਼ ਤੋਂ ਆਏ ਤਾਂਜੇ ਫੁੱਲਾਂ ਨਾਲ ਸਜਾਇਆ ਗਿਆ ਹੈ। ਇਸ ਮੌਕੇ ਗੁਰੂ ਘਰ ਵਿਖੇ ਅਲੌਕਿਕ ਦੀਪਮਾਲਾ (deepmala) ਵੀ ਕੀਤੀ ਗਈ,ਅਤੇ ਪਹਿਲੇ ਦਿਨ ਹੀ ਵੱਡੀ ਗਿਣਤੀ ‘ਚ ਸੰਗਤਾਂ ਗੁਰੂ ਘਰ ਵਿਖੇ ਨਤਮਸਤਕ ਹੋਇਆ, ਅਤੇ ਲਗਭਗ ਗਰੁਦੁਆਰਾ ਬੇਰ ਸਾਹਿਬ ਨੂੰ 50 ਕਿਸਮ ਦੇ ਫੁੱਲਾਂ ਨਾਲ ਸਜਾਇਆ ਜਾ ਰਿਹਾ ਹੈ।
ਉੱਥੇ ਹੀ ਮੈਨੇਜਰ ਗੁਰਬਖਸ਼ ਸਿੰਘ ਬੱਚੀਵਿੰਡ ਤੇ ਹੈੱਡ ਗ੍ਰੰਥੀ ਗਿਆਨੀ ਸਤਨਾਮ ਸਿੰਘ ਨੇ ਸਾਰੇ ਪ੍ਰਬੰਧਾਂ ਦਾ ਜਾਇਜਾ ਲਿਆ ਤੇ ਉਪਰੰਤ ਗੱਲਬਾਤ ਕਰਦੇ ਜਾਣਕਾਰੀ ਦਿੰਦੇ ਦੱਸਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਪ੍ਰਕਾਸ਼ ਗੁਰਪੁਰਬ 30 ਕੱਤਕ(ਸੰਮਤ ਨਾਨਕਸ਼ਾਹੀ 555 )15 ਨਵੰਬਰ ਦਿਨ ਸ਼ੁੱਕਰਵਾਰ ਨੂੰ ਸੰਗਤ ਦੇ ਸਹਿਯੋਗ ਨਾਲ ਵਿਸ਼ਵ ਪੱਧਰੀ ਮਨਾਇਆ ਜਾ ਰਿਹਾ ਹੈ। ਇਸ ਮਹਾਨ ਖੁਸ਼ੀ ਦੇ ਅੰਦਰ ਗੁ.ਸ੍ਰੀ ਬੇਰ ਸਾਹਿਬ ਵਿਖੇ 13 ਨਵੰਬਰ ਤੋਂ ਲੈ ਕੇ 15 ਨਵੰਬਰ ਤੱਕ ਹੇਠ ਲਿਖੇ ਅਨੁਸਾਰ ਗੁਰਮਤਿ ਸਮਾਗਮ ਕਰਵਾਏ ਜਾ ਰਹੇ ਹਨ। ਪ੍ਰੋਗਰਾਮ ਬਾਰੇ ਜਾਣਕਾਰੀ ਦਿੰਦੇ ਉਨ੍ਹਾਂ ਦੱਸਿਆ ਕਿ ਪ੍ਰਕਾਸ਼ ਪੁਰਬ ਸਬੰਧੀ ਮੁੱਖ ਦਰਬਾਰ ਸਾਹਿਬ ਵਿਖੇ ਸ੍ਰੀ ਅਖੰਡ ਪਾਠ 13 ਅਤੇ 14 ਨਵੰਬਰ ਦੀ ਦਰਮਿਆਨੀ ਰਾਤ ਦੇ 2.30 ਵਜੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਏ, ਜਿਨ੍ਹਾਂ ਦੇ ਭੋਗ 15 ਅਤੇ 16 ਨਵੰਬਰ ਦੀ ਦਰਮਿਆਨੀ ਰਾਤ ਦੇ 1:40 ਵਜੇ ਪੈਣਗੇ, ਇਸ ਸਮੇਂ ਤਾਜੇ ਫੁੱਲਾਂ ਦੀ ਵਰਖਾ ਹੋਵੇਗੀ।
ਉਨ੍ਹਾਂ ਦੱਸਿਆ ਕਿ ਨਗਰ ਕੀਰਤਨ 14 ਨਵੰਬਰ, 2024 ਨੂੰ ਦਿਨ ਦੇ 10 ਵਜੇ ਗੁਰਦੁਆਰਾ ਸ੍ਰੀ ਸੰਤ ਘਾਟ ਸਾਹਿਬ ਤੋਂ ਆਰੰਭ ਹੋ ਕੇ ਸ਼ਹਿਰ ਦੇ ਵੱਖ-ਵੱਖ ਬਜ਼ਾਰਾਂ ਵਿਚੋਂ ਦੀ ਹੁੰਦਾ ਹੋਇਆ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਸਮਾਪਤ ਹੋਵੇਗਾ। ਨਗਰ ਕੀਰਤਨ ਵਿਚ ਗਤਕਾ ਪਾਰਟੀਆਂ ਆਪਣੀ ਕਲਾ ਦੇ ਜ਼ੋਰ ਵਿਖਾਉਣਗੀਆਂ। ਸਾਰੇ ਰਸਤੇ ਤੇ ਹਵਾਈ ਜਹਾਜ ਰਾਹੀਂ ਅਤੇ ਸੇਵਾਦਾਰਾਂ ਰਾਹੀਂ ਫੁੱਲਾਂ ਦੀ ਵਰਖਾ ਕੀਤੀ ਜਾਵੇਗੀ।
ਇਸਤੋਂ ਇਲਾਵਾ ਪ੍ਰਕਾਸ਼ ਪੁਰਬ ਸਬੰਧੀ ਧਾਰਮਿਕ ਦੀਵਾਨ14 ਨਵੰਬਰ ਨੂੰ ਸ਼ਾਮ ਦੇ 4:00 ਵਜੇ ਤੋਂ 16 ਨਵੰਬਰ ਨੂੰ ਸਵੇਰੇ 9:00 ਵਜੇ ਤੱਕ ਧਾਰਮਿਕ ਦੀਵਾਨ ਭਾਈ ਮਰਦਾਨਾ ਜੀ ਦੀਵਾਨ ਹਾਲ ਵਿਖੇ ਸਜਣਗੇ, ਜਿਸ ਵਿਚ ਪੰਥ-ਪ੍ਰਸਿੱਧ ਰਾਗੀ, ਢਾਡੀ ਜਥੇ ਤੇ ਕਵੀ ਭਾਗ ਲੈਣਗੇ ਜੋ ਗੁਰਬਾਣੀ ਕੀਰਤਨ, ਢਾਡੀ ਵਾਰਾਂ ਤੇ ਧਾਰਮਿਕ ਕਵਿਤਾਵਾਂ ਰਾਹੀ ਗੁਰੂ-ਜਸ ਸਰਵਣ ਕਰਵਾਉਣਗੇ ਤੇ 15 ਨਵੰਬਰ, 2024 ਦੀ ਸ਼ਾਮ ਨੂੰ 7 ਵਜੇ ਸ਼ਾਨਦਾਰ ‘ਦੀਪਮਾਲਾ’ ਹੋਵੇਗੀ ਅਤੇ ਆਤਿਸ਼ਬਾਜੀ’ ਚਲਾਈ ਜਾਵੇਗੀ।
ਗਿਆਨੀ ਸਤਨਾਮ ਸਿੰਘ ਹੈੱਡ ਗ੍ਰੰਥੀ ਨੇ ਦੱਸਿਆ ਕਿ 15 ਨਵੰਬਰ, 2024 ਨੂੰ ਦੁਪਿਹਰ 12 ਵਜੇ ਅੰਮ੍ਰਿਤ-ਸੰਚਾਰ ਹੋਵੇਗਾ। ਅੰਮ੍ਰਿਤ-ਅਭਿਲਾਖੀ ਆਪਣੇ ਨਾਮ ਹੈੱਡ ਗ੍ਰੰਥੀ ਗੁਰਦੁਆਰਾ ਸ੍ਰੀ ਬੇਰ ਸਾਹਿਬ ਦਫਤਰ ਨੂੰ ਲਿਖਵਾਉਣ ਦੀ ਖੇਚਲ ਕਰਨ ਤੇ ਤਿਆਰ-ਬਰ-ਤਿਆਰ ਹੋ ਕੇ ਸਮੇਂ ਸਿਰ ਪਹੁੰਚਣ ਦੀ ਕ੍ਰਿਪਾਲਤਾ ਕਰਨ।