Gulab Chand Kataria

ਪੰਜਾਬ ਦੇ 6 ਜ਼ਿਲ੍ਹਿਆਂ ‘ਚ ਬਣਾਈਆਂ ਪਿੰਡ ਸੁਰੱਖਿਆ ਕਮੇਟੀਆਂ: ਰਾਜਪਾਲ ਗੁਲਾਬ ਚੰਦ ਕਟਾਰੀਆ

ਜਲਾਲਾਬਾਦ, (ਫਾਜ਼ਿਲਕਾ) 5 ਨਵੰਬਰ 2024: ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ (Gulab Chand Kataria) ਚਾਰ ਦਿਨ ਲਈ ਸੂਬੇ ਦੇ ਸਰਹੱਦੀ ਜ਼ਿਲ੍ਹਿਆਂ ਦੇ ਦੌਰੇ ‘ਤੇ ਹਨ | ਇਸੇ ਤਹਿਤ ਰਾਜਪਾਲ ਗੁਲਾਬ ਚੰਦ ਕਟਾਰੀਆ ਅੱਜ ਫਾਜ਼ਿਲਕਾ ਪਹੁੰਚੇ | ਇਸ ਦੌਰਾਨ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਦੱਸਿਆ ਕਿ ਸੂਬੇ ਦੇ 6 ਸਰਹੱਦੀ ਜ਼ਿਲ੍ਹਿਆਂ ‘ਚ ਪਿੰਡ ਸੁਰੱਖਿਆ ਕਮੇਟੀਆਂ ਬਣਾਈਆਂ ਗਈਆਂ ਹਨ | ਉਨ੍ਹਾਂ ਨੇ ਇਨ੍ਹਾਂ ਕਮੇਟੀਆਂ ਦੁਆਰਾ ਸਰਹੱਦੀ ਖੇਤਰਾਂ ‘ਚ ਜਨਜਾਗਰੂਕਤਾ ‘ਚ ਨਿਭਾਈ ਜਾ ਰਹੀ ਭੁਮਿਕਾ ਦੀ ਸਲਾਘਾ ਕੀਤੀ ਹੈ |

ਉਨ੍ਹਾਂ ਕਿਹਾ ਕਿ ਹਰੇਕ ਕਮੇਟੀ ਤੋਂ ਮੈਂਬਰਾਂ ਦਾ ਰਾਜਭਵਨ ਨਾਲ ਸਿੱਧਾ ਸੰਪਰਕ ਸਥਾਪਿਤ ਕੀਤਾ ਜਾਵੇਗਾ ਤਾਂ ਜੋ ਉਹ ਸਰਹੱਦੀ ਖੇਤਰਾਂ ਦੀਆਂ ਦਿੱਕਤਾਂ ਅਤੇ ਸਮਰੱਥਾਵਾਂ ਨੂੰ ਉਹ ਹੋਰ ਬਿਹਤਰ ਤਰੀਕੇ ਨਾਲ ਜਾਣ ਸਕਣ |

ਗੁਲਾਬ ਚੰਦ ਕਟਾਰੀਆਂ (Gulab Chand Kataria) ਨੇ ਭਾਰਤ-ਪਾਕਿਸਤਾਨ ਸਰਹੱਦ ਦੇ ਨਾਲ ਵਸੇ ਪਿੰਡ ਜੋਧਾ ਭੈਣੀ ‘ਚ ਜ਼ਿਲ੍ਹੇ ਦੇ ਪਿੰਡ ਸੁਰੱਖਿਆ ਕਮੇਟੀਆਂ ਦੇ ਮੈਂਬਰਾਂ ਨੂੰ ਸੰਬੋਧਨ ਕਰਦਿਆਂ ਕਮੇਟੀ ਮੈਂਬਰਾਂ ਨੂੰ ਦੇਸ਼ ਵਿਰੋਧੀ ਤਾਕਤਾਂ ਖ਼ਿਲਾਫ ਲਾਮਬੰਦ ਹੋਣ ਦਾ ਸੱਦਾ ਦਿੱਤਾ ਹੈ | ਉਨ੍ਹਾਂ ਕਿਹਾ ਕਿ ਪਿੰਡ ਸੁਰੱਖਿਆ ਕਮੇਟੀਆਂ ਦੀ ਮਹੀਨੇ ‘ਚ ਘੱਟੋ ਘੱਟ ਇਕ ਵਾਰ ਬੈਠਕ ਜਰੂਰ ਕਰਨੀ ਚਾਹੀਦੀ ਹੈ | ਹਰੇਕ ਪਿੰਡ ਦੀ ਸੁਰੱਖਿਆ ਕਮੇਟੀ ਲਈ ਇਕ ਅਧਿਕਾਰੀ ਨੂੰ ਨੋਡਲ ਅਫ਼ਸਰ ਵਜੋਂ ਤਾਇਨਾਤ ਕੀਤਾ ਜਾਵੇਗਾ ਤਾਂ ਜੋ ਲੋਕਾਂ ਅਤੇ ਪ੍ਰਸ਼ਾਸਨ ਵਿਚਕਾਰ ਬਿਹਤਰ ਤਾਲਮੇਲ ਯਕੀਨੀ ਬਣ ਸਕੇ |

ਰਾਜਪਾਲ ਨੇ ਕਿਹਾ ਕਿ ਗੁਆਂਢੀ ਦੇਸ਼ ਭਾਰਤ ਦਾ ਸਿੱਧਾ ਸਾਹਮਣਾ ਨਹੀਂ ਕਰ ਸਕਦਾ, ਇਸ ਲਈ ਡਰੋਨਾਂ ਨਾਲ ਨਸ਼ੇ ਭੇਜਣ ਦੀਆਂ ਨਾਪਾਕ ਹਰਕਤਾਂ ਕਰਦਾ ਹੈ | ਉਨ੍ਹਾਂ ਕਿਹਾ ਕਿ ਇਹ ਸੁਰੱਖਿਆ ਕਮੇਟੀਆਂ ਅਜਿਹੇ ਮਾੜੇ ਅਨਸਰਾਂ ਖ਼ਿਲਾਫ਼ ਜਾਗਰੂਕਤਾ ਦਾ ਕੰਮ ਕਰਦੀਆਂ ਹਨ ਅਤੇ ਇਸ ਸਬੰਧੀ ਸੂਚਨਾ ਵੀ ਪੁਲਿਸ ਅਤੇ ਭਾਰਤੀ ਫੋਜ ਨੂੰ ਦਿੰਦੀਆਂ ਹਨ | ਰਾਜਪਾਲ ਨੇ ਕਿਹਾ ਕਿ ਸੂਚਨਾਵਾਂ ਦੇਣ ਵਾਲੇ ਲੋਕਾਂ ਨੂੰ ਸਨਮਾਨ ਵੀ ਦਿੱਤਾ ਜਾਵੇਗਾ।

ਪੰਜਾਬ ਦੇ ਰਾਜਪਾਲ ਨੇ ਕਿਹਾ ਕਿ ਨਸ਼ੇ ਵਰਗੀ ਬੁਰਾਈਆਂ ਨਾਲ ਨਜਿੱਠਣ ਲਈ ਸਾਰੇ ਸਮਾਜ ਇੱਕਮੁੱਠ ਹੋ ਕੇ ਕੰਮ ਕਰਨਾ ਪਵੇਗਾ | ਇਸ ਮੌਕੇ ਜਲਾਲਾਬਾਦ ਦੇ ਵਿਧਾਇਕ ਜਗਦੀਪ ਕੰਬੋਜ ਗੋਲਡੀ, ਅਬੋਹਰ ਦੇ ਵਿਧਾਇਕ ਸੰਦੀਪ ਜਾਖੜ ਨੇ ਵੀ ਸੰਬੋਧਨ ਕੀਤਾ ਅਤੇ ਪਿੰਡ ਸੁਰੱਖਿਆ ਕਮੇਟੀਆਂ ਦੇ ਮੈਂਬਰਾਂ ਨੇ ਵੀ ਆਪਣੀ ਗੱਲ ਪੰਜਾਬ ਦੇ ਰਾਜਪਾਲ ਅੱਗੇ ਰੱਖੀ।

Scroll to Top