ਚੰਡੀਗੜ੍ਹ, 2 ਨਵੰਬਰ 2024: ਬੀਐਸਐਫ ਅਤੇ ਪੰਜਾਬ ਪੁਲਿਸ ਵੱਲੋਂ ਚਲਾਏ ਸਾਂਝੇ ਤੌਰ ‘ਤੇ ਸਰਚ ਅਭਿਆਨ ਦੌਰਾਨ ਨਸ਼ੀਲੇ ਪਦਾਰਥਾਂ ਦੀ ਵਧਦੀ ਤਸਕਰੀ ਨੂੰ ਰੋਕਣ ‘ਚ ਕਾਮਯਾਬੀ ਹਾਸਲ ਕੀਤੀ ਹੈ | ਅੰਮ੍ਰਿਤਸਰ ਦਿਹਾਤੀ ਪੁਲਿਸ (Amritsar Rural police) ਦੀ ਸੀਆਈਏ ਟੀਮ ਨੇ 17 ਕਰੋੜ ਰੁਪਏ ਦੀ ਹੈਰੋਇਨ ਬਰਾਮਦ ਕੀਤੀ ਹੈ।
ਇਸ ਬਾਰੇ ਅੰਮ੍ਰਿਤਸਰ ਦਿਹਾਤੀ (Amritsar Rural police) ਦੇ ਐਸਐਸਪੀ ਚਰਨਜੀਤ ਸਿੰਘ ਸੋਹਲ ਨੇ ਦੱਸਿਆ ਕਿ ਇਹ ਮੁਲਜ਼ਮ ਭਾਰਤ-ਪਾਕਿਸਤਾਨ ਸਰਹੱਦ ਨੇੜੇ ਡਿਫੈਂਸ ਨਹਿਰ ਨੇੜੇ ਠੇਕੇ ’ਤੇ ਜ਼ਮੀਨ ਲੈ ਕੇ ਖੇਤੀ ਕਰਨ ਦੀ ਆੜ ‘ਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰ ਰਿਹਾ ਸੀ। ਪੁਲਿਸ ਮੁਤਾਬਕ ਉਕਤ ਵਿਅਕਤੀ ਡਰੋਨ ਰਾਹੀਂ ਪਾਕਿਸਤਾਨ ਤੋਂ ਵੱਡੀ ਮਾਤਰਾ ‘ਚ ਹੈਰੋਇਨ ਮੰਗਵਾ ਕੇ ਅੱਗੇ ਸਪਲਾਈ ਕਰਨ ਦਾ ਧੰਦਾ ਕਰ ਰਿਹਾ ਸੀ।
ਸੀਆਈਏ ਦੀ ਟੀਮ ਨੇ ਛਾਪਾ ਮਾਰ ਕੇ ਮੁਲਜ਼ਮ ਨੂੰ ਮੌਕੇ ’ਤੇ ਗ੍ਰਿਫ਼ਤਾਰ ਕਰ ਲਿਆ । ਪੁਲਿਸ ਨੂੰ ਮੁਲਜ਼ਮ ਕੋਲੋਂ 2 ਕਿੱਲੋ 500 ਗ੍ਰਾਮ ਹੈਰੋਇਨ ਬਰਾਮਦ ਹੋਈ। ਜਿਸ ਦੀ ਅੰਤਰਰਾਸ਼ਟਰੀ ਕੀਮਤ ਕਰੀਬ 17 ਕਰੋੜ ਰੁਪਏ ਦੱਸੀ ਜਾ ਰਹੀ ਹੈ। ਮੁਲਜ਼ਮ ਦੀ ਪਛਾਣ ਗੁਰਲਾਲ ਸਿੰਘ ਵਜੋਂ ਹੋਈ ਹੈ |
ਪੁਲਿਸ ਮੁਤਾਬਕ ਗੁਰਲਾਲ ਪਾਕਿਸਤਾਨ ਦੇ ਇੱਕ ਸਮੱਗਲਰ ਲਾਲਾ ਦੇ ਸੰਪਰਕ ‘ਚ ਸੀ ਅਤੇ ਉਸ ਰਾਹੀਂ ਹੈਰੋਇਨ ਮੰਗਵਾਉਂਦਾ ਸੀ। ਪੁਲਿਸ ਨੇ ਗੁਰਲਾਲ ਸਿੰਘ ਖ਼ਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਜਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਥਾਣਾ ਮਜੀਠਾ ਅਧੀਨ ਪੈਂਦੇ ਪਿੰਡ ਨਾਗਕਲਾਂ ‘ਚ ਪੰਜਾਬ ਨੈਸ਼ਨਲ ਬੈਂਕ ਦੀ ਸ਼ਾਖਾ ‘ਚ ਲੁੱਟ ਦੀ ਵਾਰਦਾਤ ਸਾਹਮਣੇ ਆਈ ਸੀ। ਪੁਲਿਸ ਨੇ ਇਸ ਬੈਂਕ ਡਕੈਤੀ ਮਾਮਲੇ ‘ਚ ਦੋ ਮੁਲਜ਼ਮਾਂ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ | ਮੁਲਜ਼ਮਾਂ ਕੋਲੋਂ ਇੱਕ ਖਿਡੌਣਾ ਪਿਸਤੌਲ ਵੀ ਬਰਾਮਦ ਕੀਤਾ ਗਿਆ ਹੈ। ਮੁਲਜ਼ਮਾਂ ਨੇ ਦੱਸਿਆ ਕਿ ਉਨ੍ਹਾਂ ਨੇ ਖਿਡੌਣਾ ਪਿਸਤੌਲ ਨਾਲ ਬੈਂਕ ਲੁੱਟਿਆ ਸੀ। ਇਨ੍ਹਾਂ ਕੋਲੋਂ 5,12,500 ਰੁਪਏ ਦੀ ਲੁੱਟ ਦੀ ਰਕਮ ਵੀ ਬਰਾਮਦ ਕੀਤੀ ਗਈ ਹੈ।