ਚੰਡੀਗੜ੍ਹ, 30 ਅਕਤੂਬਰ 2024: ਚੀਨ ਨੇ ਅੱਜ ਯਾਨੀ ਬੁੱਧਵਾਰ ਨੂੰ ਆਪਣੇ ਪੁਲਾੜ ਸਟੇਸ਼ਨ (Astronauts) ‘ਤੇ ਛੇ ਮਹੀਨਿਆਂ ਦੇ ਮਿਸ਼ਨ ‘ਤੇ ਤਿੰਨ ਪੁਲਾੜ ਯਾਤਰੀਆਂ ਨੂੰ ਸਫਲਤਾਪੂਰਵਕ ਭੇਜਣ ‘ਚ ਕਾਮਯਾਬੀ ਹਾਸਲ ਕੀਤੀ ਹੈ। ਖਾਸਦ ਗੱਲ ਹੈ ਕਿ ਇਸ ਮਿਸ਼ਨ ‘ਚ ਚੀਨ ਦੀ ਪਹਿਲੀ ਮਹਿਲਾ ਪੁਲਾੜ ਇੰਜੀਨੀਅਰ ਵੀ ਸ਼ਾਮਲ ਕੀਤਾ ਗਿਆ ਹੈ।
ਚੀਨ ਨੇ ਬੁੱਧਵਾਰ ਤੜਕੇ ਜਿਉਕੁਆਨ ਸਪੇਸ ਲਾਂਚ ਸੈਂਟਰ ਤੋਂ ਆਪਣਾ ‘ਸ਼ੇਨਜ਼ੌਓ-19’ ਪੁਲਾੜ ਯਾਨ ਲਾਂਚ ਕੀਤਾ ਹੈ। ਚੀਨ ਨੇ ਆਪਣੇ ਲਾਂਗ ਮਾਰਚ-2ਐੱਫ ਰਾਕੇਟ ‘ਤੇ ਸ਼ੇਨਜ਼ੌਓ-19 ਪੁਲਾੜ ਯਾਨ ਨੂੰ ਪੁਲਾੜ ‘ਚ ਭੇਜਿਆ।
ਇਸ ਪੁਲਾੜ ਯਾਨ ਨੂੰ ਲਾਂਚ ਹੋਣ ਤੋਂ ਕਰੀਬ 10 ਮਿੰਟ ਬਾਅਦ ਆਪਣੇ ਰਾਕੇਟ ਤੋਂ ਵੱਖ ਹੋ ਗਿਆ ਅਤੇ ਆਪਣੀ ਯੋਜਨਾਬੱਧ ਪੰਧ ‘ਚ ਦਾਖਲ ਹੋ ਗਿਆ। ਚਾਈਨਾ ਮੈਨਡ ਸਪੇਸ ਏਜੰਸੀ (ਸੀਐਮਐਸਏ) ਨੇ ਘੋਸ਼ਣਾ ਕੀਤੀ ਕਿ ਚਾਲਕ ਦਲ ਦੇ ਮੈਂਬਰ (Astronauts) ਚੰਗੀ ਸਥਿਤੀ ‘ਚ ਹਨ ਅਤੇ ਲਾਂਚਿੰਗ ਪੂਰੀ ਤਰ੍ਹਾਂ ਸਫਲ ਸੀ।
ਜਿਕਰਯੋਗ ਹੈ ਕਿ ਚੀਨ ਨੂੰ ਇਸ ਡਰ ਕਾਰਨ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ (ਆਈਐਸਐਸ) ਤੋਂ ਬਾਹਰ ਕਰ ਦਿੱਤਾ ਗਿਆ ਸੀ ਕਿ ਉਸ ਦਾ ਪੁਲਾੜ ਪ੍ਰੋਗਰਾਮ ਉਸ ਦੀ ਫੌਜ ਪੀਪਲਜ਼ ਲਿਬਰੇਸ਼ਨ ਆਰਮੀ (ਪੀਐਲਏ) ਦੁਆਰਾ ਚਲਾਇਆ ਜਾਂਦਾ ਹੈ। ਇਸ ਤੋਂ ਬਾਅਦ ਚੀਨ ਨੇ ਆਪਣਾ ਸਪੇਸ ਸਟੇਸ਼ਨ ਬਣਾਇਆ।
ਵਰਤਮਾਨ ‘ਚ ਚੀਨ ਹੀ ਇੱਕ ਅਜਿਹਾ ਦੇਸ਼ ਹੈ ਜਿਸਦਾ ਆਪਣਾ ਪੁਲਾੜ ਸਟੇਸ਼ਨ ਹੈ। ਇਸ ਮਹੀਨੇ ਦੇ ਸ਼ੁਰੂ ‘ਚ ਚੀਨ ਨੇ ਚੰਦਰਮਾ ‘ਤੇ ਪੁਲਾੜ ਯਾਤਰੀਆਂ ਨੂੰ ਭੇਜਣ ਸਮੇਤ ਇੱਕ ਪੁਲਾੜ ਪ੍ਰੋਗਰਾਮ ਵਿਕਸਿਤ ਕਰਨ ਦੀਆਂ ਆਪਣੀਆਂ ਯੋਜਨਾਵਾਂ ਦਾ ਐਲਾਨ ਕੀਤਾ ਸੀ।