ਚੰਡੀਗੜ੍ਹ, 25 ਅਕਤੂਬਰ 2024: (IND vs NZ 2nd Test Match) ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਤਿੰਨ ਮੈਚਾਂ ਦੀ ਟੈਸਟ ਸੀਰੀਜ਼ ਦਾ ਦੂਜਾ ਮੈਚ ਪੁਣੇ ਦੇ ਮਹਾਰਾਸ਼ਟਰ ਕ੍ਰਿਕਟ ਸਟੇਡੀਅਮ ‘ਚ ਚੱਲ ਰਿਹਾ ਹੈ। ਭਾਰਤ ਦ ਟੀਮ ਮੁਸ਼ਕਿਲਾਂ ‘ਚ ਹੈ | ਭਾਰਤ ਦੇ 7 ਬੱਲੇਬਾਜ਼ 103 ਦੇ ਸਕੋਰ ‘ਤੇ ਪਵੇਲੀਅਨ ਪਰਤ ਗਏ ਹਨ |
ਭਾਰਤੀ ਟੀਮ ਨੂੰ 103 ਦੇ ਸਕੋਰ ‘ਤੇ ਸੱਤਵਾਂ ਝਟਕਾ ਲੱਗਾ ਹੈ । ਰਵੀਚੰਦਰਨ ਅਸ਼ਵਿਨ ਚਾਰ ਦੌੜਾਂ ਬਣਾ ਕੇ ਮਿਸ਼ੇਲ ਸੈਂਟਨਰ ਦਾ ਸ਼ਿਕਾਰ ਹੋਏ । ਨਿਊਜ਼ੀਲੈਂਡ ਦੇ ਸਪਿਨਰਾਂ ਨੇ ਤਬਾਹੀ ਮਚਾ ਦਿੱਤੀ ਅਤੇ ਭਾਰਤੀ ਬੱਲੇਬਾਜ਼ੀ ਲਾਈਨ ਅੱਪ ਨੂੰ ਤਬਾਹ ਕਰ ਦਿੱਤਾ। ਹੁਣ ਤੱਕ ਸੈਂਟਨਰ ਨੇ ਚਾਰ ਅਤੇ ਗਲੇਨ ਫਿਲਿਪਸ ਨੇ ਦੋ ਵਿਕਟਾਂ ਲਈਆਂ ਹਨ। ਇਸਦੇ ਨਾਲ ਹੀ ਟਿਮ ਸਾਊਥੀ ਨੂੰ ਇਕ ਵਿਕਟ ਮਿਲੀ। ਇਸ ਸਮੇਂ ਵਾਸ਼ਿੰਗਟਨ ਸੁੰਦਰ ਅਤੇ ਰਵਿੰਦਰ ਜਡੇਜਾ ਕ੍ਰੀਜ਼ ‘ਤੇ ਹਨ।
ਜਿਕਰਯੋਗ ਹੈ ਕਿ ਨਿਊਜ਼ੀਲੈਂਡ ਦੀ ਪਹਿਲੀ ਪਾਰੀ (IND vs NZ) 259 ਦੌੜਾਂ ‘ਤੇ ਸਿਮਟ ਗਈ ਸੀ। ਵਾਸ਼ਿੰਗਟਨ ਸੁੰਦਰ, ਜਿਸ ਨੂੰ ਪਹਿਲੇ ਟੈਸਟ ਲਈ ਟੀਮ ‘ਚ ਨਹੀਂ ਚੁਣਿਆ ਗਿਆ ਸੀ, ਸੁੰਦਰ ਨੂੰ ਅਚਾਨਕ ਟੀਮ ‘ਚ ਬੁਲਾਇਆ ਗਿਆ ਅਤੇ ਪਲੇਇੰਗ-11 ‘ਚ ਵੀ ਸ਼ਾਮਲ ਕੀਤਾ ਗਿਆ।
ਸੁੰਦਰ ਨੂੰ ਕੁਲਦੀਪ ਯਾਦਵ ਦੀ ਜਗ੍ਹਾ ਸ਼ਾਮਲ ਕੀਤਾ ਗਿਆ ਅਤੇ ਸੁੰਦਰ ਨੇ ਸੱਤ ਵਿਕਟਾਂ ਲੈ ਕੇ ਟੀਮ ਪ੍ਰਬੰਧਨ ਦੇ ਇਸ ਫੈਸਲੇ ਨੂੰ ਸਹੀ ਸਾਬਤ ਕਰ ਦਿੱਤਾ। ਸੁੰਦਰ ਨੇ 23.1 ਓਵਰਾਂ ਵਿੱਚ 59 ਦੌੜਾਂ ਦੇ ਕੇ ਸੱਤ ਵਿਕਟਾਂ ਲਈਆਂ। ਇਨ੍ਹਾਂ ਵਿੱਚੋਂ ਉਸ ਨੇ ਪੰਜ ਖਿਡਾਰੀਆਂ ਨੂੰ ਕਲੀਨ ਬੋਲਡ ਕੀਤਾ। ਇਕ ਐੱਲ.ਬੀ.ਡਬਲਿਊ ਅਤੇ ਇਕ ਕੈਚ ਆਊਟ ਹੋਇਆ। ਬਾਕੀ ਤਿੰਨ ਵਿਕਟਾਂ ਰਵੀਚੰਦਰਨ ਅਸ਼ਵਿਨ ਨੇ ਲਈਆਂ।
ਇਸਦੇ ਨਾਲ ਹੀ ਰਵੀਚੰਦਰਨ ਅਸ਼ਵਿਨ (Ravichandran Ashwin) ਨੇ ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ 3 ਮੈਚਾਂ ਦੀ ਟੈਸਟ ਸੀਰੀਜ਼ ਦੇ ਦੂਜੇ ਮੈਚ ‘ਚ ਇਤਿਹਾਸ ਰਚ ਦਿੱਤਾ ਹੈ। ਅਸ਼ਵਿਨ ਨੇ ਦੋ ਮਾਮਲਿਆਂ ‘ਚ ਨਾਥਨ ਲਿਓਨ ਨੂੰ ਪਿੱਛੇ ਛੱਡ ਦਿੱਤਾ ਹੈ। ਅਸ਼ਵਿਨ ਆਈਸੀਸੀ ਵਿਸ਼ਵ ਟੈਸਟ ਚੈਂਪੀਅਨਸ਼ਿਪ (WTC) ਦੇ ਇਤਿਹਾਸ ‘ਚ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਗੇਂਦਬਾਜ਼ ਬਣ ਗਏ ਹਨ। ਉਨ੍ਹਾਂ ਨੇ ਇਸ ਮੈਚ ‘ਚ ਦੂਜੀ ਵਿਕਟ ਲੈਂਦੇ ਹੀ ਨਾਥਨ ਲਿਓਨ ਨੂੰ ਪਿੱਛੇ ਛੱਡ ਦਿੱਤਾ।
ਅਸ਼ਵਿਨ (Ravichandran Ashwin) ਨੇ ਪਹਿਲੇ ਦਿਨ ਦੇ ਸ਼ੁਰੂਆਤੀ ਸੈਸ਼ਨ ‘ਚ ਨਿਊਜ਼ੀਲੈਂਡ ਦੇ ਕਪਤਾਨ ਟਾਮ ਲੈਥਮ, ਬੱਲੇਬਾਜ਼ ਵਿਲ ਯੰਗ ਅਤੇ ਡੇਵੋਨ ਕੋਨਵੇ ਨੂੰ ਆਊਟ ਕਰਕੇ ਇਹ ਉਪਲਬਧੀ ਹਾਸਲ ਕੀਤੀ ਹੈ । ਇਨ੍ਹਾਂ ਤਿੰਨ ਵਿਕਟਾਂ ਨਾਲ ਅਸ਼ਵਿਨ ਨੇ 2019 ਤੋਂ 2024 ਤੱਕ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਇਤਿਹਾਸ ‘ਚ 39 ਮੈਚਾਂ ‘ਚ 189 ਵਿਕਟਾਂ ਹਾਸਲ ਕੀਤੀਆਂ ਹਨ ਅਤੇ ਆਸਟ੍ਰੇਲੀਆ ਦੇ ਨਾਥਨ ਲਿਓਨ ਨੂੰ ਪਿੱਛੇ ਛੱਡ ਦਿੱਤਾ ਹੈ। ਜਿਸ ਦੇ ਨਾਂ 43 ਟੈਸਟਾਂ ‘ਚ 187 ਵਿਕਟਾਂ ਹਨ।
ਇਸ ਸੂਚੀ ‘ਚ ਆਸਟ੍ਰੇਲੀਆ ਦੇ ਟੈਸਟ ਕਪਤਾਨ ਪੈਟ ਕਮਿੰਸ ਤੀਜੇ ਸਥਾਨ ‘ਤੇ ਹਨ। ਕਮਿੰਸ ਨੇ 42 ਮੈਚਾਂ ‘ਚ 175 ਵਿਕਟਾਂ ਲਈਆਂ ਹਨ। ਅਸ਼ਵਿਨ ਤੋਂ ਇਲਾਵਾ ਭਾਰਤ ਦੇ ਦੂਜੇ ਗੇਂਦਬਾਜ਼ ਜਸਪ੍ਰੀਤ ਬੁਮਰਾਹ ਦਾ ਨਾਂ ਇਸ ‘ਚ ਸ਼ਾਮਲ ਹੈ। ਜੋ ਇਸ ਸੂਚੀ ‘ਚ ਸੱਤਵੇਂ ਨੰਬਰ ‘ਤੇ ਹਨ । ਬੁਮਰਾਹ ਨੇ 30 ਮੈਚਾਂ ‘ਚ 124 ਵਿਕਟਾਂ ਲਈਆਂ ਹਨ।