ਮੋਹਾਲੀ, 24 ਅਕਤੂਬਰ, 2024: ਡਿਪਟੀ ਕਮਿਸ਼ਨਰ ਆਸ਼ਿਕਾ ਜੈਨ (DC Ashika Jain) ਨੇ ਅੱਜ ਜ਼ਿਲ੍ਹਾ ਸੜਕ ਸੁਰੱਖਿਆ ਕਮੇਟੀ ਦੀ ਬੈਠਕ ਦੌਰਾਨ ਸ਼ਹਿਰ ‘ਚ ਚੱਲ ਰਹੇ ਕਾਰਜਾਂ ਦਾ ਜਾਇਜ਼ਾ ਲਿਆ | ਇਸ ਦੌਰਾਨ ਡੀਸੀ ਆਸ਼ਿਕਾ ਜੈਨ ਨੇ ਪੰਜਾਬ ਪੁਲਿਸ ਹਾਊਸਿੰਗ ਕਾਰਪੋਰੇਸ਼ਨ ਦੇ ਇੰਜੀਨੀਅਰਿੰਗ ਵਿਭਾਗ ਨੂੰ ਹੁਕਮ ਦਿੱਤੇ ਹਨ ਕਿ ਸਿਟੀ ਸਰਵੀਲੈਂਸ ਅਤੇ ਟ੍ਰੈਫਿਕ ਮੈਨੇਜਮੈਂਟ ਸਿਸਟਮ ਪ੍ਰੋਜੈਕਟ ਤਹਿਤ ਸੀ.ਸੀ.ਟੀ.ਵੀ. ਕੈਮਰੇ (CCTV cameras) ਲਗਾਉਣ ਦਾ ਕੰਮ ਸਮੇਂ ਸਿਰ ਮੁਕੰਮਲ ਕੀਤਾ ਜਾਵੇ |
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਪ੍ਰੋਜੈਕਟ ਨਾਲ ਨਾਗਰਿਕਾਂ ਦੀ ਸੁਰੱਖਿਆ ਦੇ ਨਾਲ-ਨਾਲ ਅਪਰਾਧਾਂ ਨੂੰ ਠੱਲ੍ਹ ਪਾਈ ਜਾ ਸਕੇਗੀ | ਇਸ ਪ੍ਰੋਜੈਕਟ ਸੰਬੰਧੀ 80 ਫੀਸਦੀ ਕੰਮ ਮੁਕੰਮਲ ਹੋ ਗਿਆ ਹੈ | ਉਨ੍ਹਾਂ ਨੇ ਅਧਿਕਾਰੀਆ ਨੂੰ ਹਦਾਇਤ ਕੀਤੀ ਕਿ ਬਾਕੀ ਰਹਿੰਦੇ 20 ਫੀਸਦੀ ਕੰਮ ਨੂੰ ਛੇਤੀ ਪੂਰਾ ਕੀਤਾ ਜਾਵੇ |
ਡਿਪਟੀ ਕਮਿਸ਼ਨਰ (DC Aashika Jain) ਨੇ ਪ੍ਰੋਜੈਕਟ ਇੰਚਾਰਜ ਅਧਿਕਾਰੀਆਂ ਨੂੰ ਇਹ ਵੀ ਕਿਹਾ ਕਿ ਉਹ ਐਨ.ਆਈ.ਸੀ. (NIC) ਰਾਹੀਂ ਪ੍ਰੋਜੈਕਟ ਨੂੰ ‘ਵਾਹਨ ਐਪ’ ਨਾਲ ਜੋੜਨ ਤਾਂ ਜੋ ਉਲੰਘਣਾ ਕਰਨ ਵਾਲੇ ਨੂੰ ਆਪਣੇ-ਆਪ ਹੀ ਚਲਾਨ ਪ੍ਰਭਾਵਸ਼ਾਲੀ ਢੰਗ ਨਾਲ ਜਾਰੀ ਕੀਤੇ ਜਾ ਸਕਣ।
ਇਸਦੇ ਨਾਲ ਹੀ ਡਿਪਟੀ ਕਮਿਸ਼ਨਰ ਨੇ ਬਲੈਕ ਸਪਾਟਸ ਨੂੰ ਠੀਕ ਕਰਨ ਲਈ ਜ਼ਿੰਮੇਵਾਰ ਵੱਖ-ਵੱਖ ਏਜੰਸੀਆਂ ਜਿਵੇਂ ਕਿ ਐਨ.ਐਚ.ਏ.ਆਈ. (NHAI), ਗਮਾਡਾ, ਐਮ.ਸੀ. ਮੋਹਾਲੀ, PWD ਅਤੇ ਐਮ.ਸੀ. ਜ਼ੀਰਕਪੁਰ ਨੂੰ ਕਿਹਾ ਕਿ ਉਹ ਰੋਜ਼ਾਨਾ ਆਉਣ ਵਾਲੇ ਯਾਤਰੀਆਂ ਲਈ ਸੁਰੱਖਿਅਤ ਰਾਹ ਨੂੰ ਯਕੀਨੀ ਬਣਾਉਣ ਲਈ ਬਾਕੀ ਰਹਿੰਦੇ ਕੰਮ ਨੂੰ 12 ਨਵੰਬਰ ਤੱਕ ਪੂਰਾ ਕੀਤਾ ਜਾਵੇ। ਇਸਦੇ ਨਾਲ ਹੀ ਜ਼ੀਰਕਪੁਰ ਚੌਂਕ, ਦੈੜੀ ਆਦਿ ਟੀ-ਪੁਆਇੰਟ ‘ਤੇ ਬੰਦ ਲਾਈਟਾਂ ਨੂੰ ਚਾਲੂ ਕਰਨ ਲਈ ਕਿਹਾ ਹੈ |