ਨਵਾਂਸ਼ਹਿਰ , 22 ਅਕਤੂਬਰ 2024: ਪੰਜਾਬ ਕੈਬਿਨਟ ਮੰਤਰੀ ਡਾ.ਰਵਜੋਤ ਸਿੰਘ (Dr. Ravjot Singh) ਨੇ ਮੰਡੀਆਂ ‘ਚੋਂ ਝੋਨੇ ਦੀ ਲਿਫਟਿੰਗ ਨਾ ਹੋਣ ਲਈ ਕੇਂਦਰ ਸਰਕਾਰ ਦੀ ਢਿੱਲ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਡਾ.ਰਵਜੋਤ ਸਿੰਘ ਅੱਜ ਸਕੂਲ ਆਫ ਐਮੀਨੈਂਸ, ਨਵਾਂਸ਼ਹਿਰ ਵਿਖੇ ਮਾਪੇ-ਅਧਿਆਪਕ ਮਿਲਣੀ ਪ੍ਰੋਗਰਾਮ ‘ਚ ਹਿੱਸਾ ਲੈਣ ਪਹੁੰਚੇ ਸਨ |
ਮੰਡੀਆਂ ‘ਚੋਂ ਝੋਨੇ ਦੀ ਲਿਫਟਿੰਗ ਨਾ ਹੋਣ ਸਬੰਧੀ ਉਨ੍ਹਾਂ ਨੇ ਕਿਹਾ ਕਿ ਇਸ ਸਬੰਧੀ ਪੰਜਾਬ ਸਰਕਾਰ ਦਾ ਕੋਈ ਕਮੀ ਨਹੀਂ ਹੈ | ਅੱਜ ਮੁੱਖ ਮੰਤਰੀ ਸਮੇਤ ਸੂਬੇ ਦਾ ਪੂਰਾ ਮੰਤਰਾਲਾ ਮੰਡੀਆਂ ‘ਚ ਹੈ | ਉਨ੍ਹਾਂ ਕਿਹਾ ਕਿ ਇਹ ਸਭ ਕੇਂਦਰ ਸਰਕਾਰ ਦੀ ਢਿੱਲ ਕਾਰਨ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਜਾਣਬੁੱਝ ਕੇ ਪੰਜਾਬ ਦੀ ਖੇਤੀ ਅਤੇ ਸ਼ਾਂਤੀ ਨੂੰ ਵਿਗਾੜਨਾ ਚਾਹੁੰਦੀ ਹੈ।
ਉਨ੍ਹਾਂ (Dr. Ravjot Singh) ਕਿਹਾ ਕਿ ਕਿਸਾਨਾਂ ਨੂੰ ਘੱਟੋ-ਘੱਟ ਸਮਰਥਨ ਮੁੱਲ ਦੀ ਗਾਰੰਟੀ ਦੇਣਾ ਤਾਂ ਦੂਰ, ਹੁਣ ਉਹ ਜਾਣਬੁੱਝ ਕੇ ਮਿੱਥੇ ਸਮੇਂ ‘ਤੇ ਫ਼ਸਲਾਂ ਨਹੀਂ ਚੁੱਕ ਰਹੇ ਹਨ, ਜਿਸ ਕਾਰਨ ਕਿਸਾਨਾਂ ਨੂੰ ਨੁਕਸਾਨ ਝੱਲਣਾ ਪੈ ਰਿਹਾ ਹੈ |
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਕੇਂਦਰ ਨੂੰ ਲਗਾਤਾਰ ਪੱਤਰ ਲਿਖੇ, ਮੁੱਖ ਮੰਤਰੀ ਖੁਦ ਉਨ੍ਹਾਂ ਨੂੰ ਮਿਲਣ ਗਏ ਪਰ ਇਸ ਦੇ ਬਾਵਜੂਦ ਉਹ ਆਪਣੀ ਰਾਜਨੀਤੀ ਕਰਨ ਲਈ ਪੰਜਾਬ ਦੇ ਗੋਦਾਮ ਖਾਲੀ ਨਹੀਂ ਕਰ ਰਹੇ। ਉਨ੍ਹਾਂ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਲਿਫਟਿੰਗ ਦੇ ਇਸ ਮਸਲੇ ਨੂੰ ਛੇਤੀ ਤੋਂ ਛੇਤੀ ਹੱਲ ਕੀਤਾ ਜਾਵੇ।