Dr. Balbir Singh

ਵਿਦਿਆਰਥੀਆਂ ਨੂੰ ਫ਼ਸਟ ਏਡ ਤੇ ਲਾਈਫ਼ ਸਕਿੱਲ ਦੀ ਦਿੱਤੀ ਜਾਵੇਗੀ ਟਰੇਨਿੰਗ: ਡਾ. ਬਲਬੀਰ ਸਿੰਘ

ਪਟਿਆਲਾ, 22 ਅਕਤੂਬਰ 2024: ਪੰਜਾਬ ਭਰ ਦੇ ਸਰਕਾਰੀ ਸਕੂਲਾਂ ‘ਚ ਅੱਜ ਮਾਪੇ-ਅਧਿਆਪਕ ਮਿਲਣੀ (Parent-teacher meeting) ਪ੍ਰੋਗਰਾਮ ਕਰਵਾਏ ਜਾ ਰਹੇ ਹਨ | ਇਸ ਤਹਿਤ ਅੱਜ ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ (Dr. Balbir Singh) ਨੇ ਅੱਜ ਪਟਿਆਲਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਿਵਲ ਲਾਈਨਜ਼ ਵਿਖੇ ਮਾਪੇ-ਅਧਿਆਪਕ ਮਿਲਣੀ ਦੌਰਾਨ ਵਿਦਿਆਰਥੀਆਂ ਤੇ ਮਾਪਿਆਂ ਨਾਲ ਮੁਲਾਕਾਤ ਕੀਤੀ |

ਇਸ ਦੌਰਾਨ ਡਾ. ਬਲਬੀਰ ਸਿੰਘ ਨੇ ਕਿਹਾ ਕਿ ਸਕੂਲ ਦੇ ਵਿਦਿਆਰਥੀਆਂ ਨੂੰ ਲਾਈਫ਼ ਸਕਿੱਲ, ਫ਼ਸਟ ਏਡ ਅਤੇ ਪਾਣੀ ਤੋਂ ਹੋਣ ਵਾਲੀਆਂ ਬਿਮਾਰੀਆਂ (ਵੈਕਟਰ ਬੋਰਨ ਬਿਮਾਰੀਆਂ) ਤੋਂ ਬਚਾਅ ਲਈ ਸਿਖਲਾਈ ਦਿੱਤੀ ਜਾਵੇਗੀ | ਇਸ ਪ੍ਰੋਜੈਕਟ ਦੀ ਸ਼ੁਰੂਆਤ ਪਟਿਆਲਾ ਤੋਂ ਕੀਤੀ ਜਾਵੇਗੀ ।

ਸਿਹਤ ਮੰਤਰੀ (Dr. Balbir Singh) ਨੇ ਦੱਸਿਆ ਕਿ ਇਸ ਪਹਿਲਕਦਮੀ ਦਾ ਉਦੇਸ਼ ਵਿਦਿਆਰਥੀਆਂ ਨੂੰ ਫ਼ਸਟ ਏਡ ਅਤੇ ਲਾਈਫ਼ ਸਕਿੱਲ ਦੀ ਸਿਖਲਾਈ ਦੇਣਾ ਹੈ | ਇਸ ਨਾਲ ਵਿਦਿਆਰਥੀ ਕਿਸੇ ਵੀ ਦੁਰਘਟਨਾ ਸਮੇਂ ਡਾਕਟਰੀ ਸਹਾਇਤਾ ਮਿਲਣ ਤੋਂ ਪਹਿਲਾਂ ਪੀੜਤ ਨੂੰ ਮੁੱਢਲੀ ਸਹਾਇਤਾ ਦੇ ਕੇ ਕੀਮਤੀ ਜਾਨਾਂ ਬਚਾਅ ਸਕਦੇ ਹਨ ।

ਇਹ ਸਿਖਲਾਈ 12ਵੀਂ ਕਲਾਸ ਦੇ ਵਿਦਿਆਰਥੀਆਂ ਨੂੰ ਦਿੱਤੀ ਜਾਵੇਗੀ ਅਤੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਵੀ ਦਿੱਤੇ ਜਾਣਗੇ। ਇਸ ਦੇ ਨਾਲ ਹੀ ਵਿਦਿਆਰਥੀਆਂ ਨੂੰ ਪਾਣੀ ਤੋਂ ਹੋਣ ਵਾਲੀਆਂ ਬਿਮਾਰੀਆਂ ਸਬੰਧੀ ਜਾਗਰੂਕ ਕੀਤਾ ਜਾਵੇਗਾ ਤਾਂ ਕਿ ਡੇਂਗੂ, ਮਲੇਰੀਆਂ ਤੇ ਚਿਕਨਗੁਨੀਆਂ ਵਰਗੀਆਂ ਬਿਮਾਰੀਆਂ ਤੋਂ ਬਚਿਆ ਜਾ ਸਕੇ | ਸਿਹਤ ਮੰਤਰੀ ਨੇ ਕਿਹਾ ਕਿ ਪਿਛਲੇ ਸਾਲਾਂ ਦੇ ਮੁਕਾਬਲੇ ਵਾਟਰ ਬੋਰਨ ਡਜ਼ੀਜ਼ ਮਾਮਲਿਆਂ ਦੇ ਘੱਟ ਹੋਣ ਦਾ ਵੱਡਾ ਕਾਰਨ ਜਾਗਰੂਕਤਾ ਹੀ ਹੈ ਤੇ ਵਿਦਿਆਰਥੀ ਇਸ ਜਾਗਰੂਕਤਾ ਮੁਹਿੰਮ ਦੇ ਬਰਾਂਡ ਅੰਬੈਸਡਰ ਹੋਣਗੇ।

ਸੀਨੀਅਰ ਸੈਕੰਡਰੀ ਸਕੂਲ ਮਾਡਲ ਟਾਊਨ ਵਿਖੇ ਮਾਪਿਆਂ ਨਾਲ ਗੱਲਬਾਤ ਕਰਦਿਆਂ ਡਾ. ਬਲਬੀਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਸਿੱਖਿਆ ਸੁਧਾਰਾਂ ਵੱਲ ਖ਼ਾਸ ਧਿਆਨ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਜਿੱਥੇ ਅਧਿਆਪਕਾਂ ਦੀ ਸਿਖਲਾਈ ਕੌਮਾਂਤਰੀ ਪੱਧਰ ‘ਤੇ ਕਰਵਾਈ ਜਾ ਰਹੀ ਹੈ, ਉਥੇ ਹੀ ਵਿਦਿਆਰਥੀਆਂ ਨੂੰ ਕਿੱਤਾ ਮੁਖੀ ਕੋਰਸਾਂ ਨਾਲ ਜੋੜਨ ਲਈ ਸਕੂਲ ਆਫ਼ ਐਮੀਨੈਂਸ ਬਣਾਏ ਹਨ, ਇਨ੍ਹਾਂ ਸਕੂਲਾਂ ‘ਚ ਵਿਦਿਆਰਥੀ ਦੀ ਰੁਚੀ ਮੁਤਾਬਕ ਉਨ੍ਹਾਂ ਨੂੰ ਆਪਣੇ ਕਿੱਤੇ ਦੀ ਚੋਣ ਕਰਨ ਦੀ ਖੁੱਲ੍ਹ ਦਿੱਤੀ ਹੈ।

ਡਾ. ਬਲਬੀਰ ਸਿੰਘ (Dr. Balbir Singh) ਨੇ ਕਿਹਾ ਕਿ ਸਰਕਾਰੀ ਸਕੂਲਾਂ ਦੀ ਇਹ ਲਗਾਤਾਰ ਤੀਜੀ ਮਾਪੇ-ਅਧਿਆਪਕ ਮਿਲਣੀ ਹੈ ਅਤੇ ਇਨ੍ਹਾਂ 2.5 ਸਾਲਾਂ ‘ਚ ਸਿੱਖਿਆ ਦੇ ਮਿਆਰ ‘ਚ ਸੁਧਾਰ ਹੋਇਆ ਹੈ ਅਤੇ ਸਕੂਲਾਂ ‘ਚ ਦਾਖਲੇ ਵਧੇ ਹਨ । ਉਨ੍ਹਾਂ ਕਿਹਾ ਕਿ ਇਸ ਸਮੇਂ ਦੌਰਾਨ ਪੰਜਾਬ ਸਰਕਾਰ ਵੱਲੋਂ 12 ਹਜ਼ਾਰ ਅਧਿਆਪਕਾਂ ਨੂੰ ਪੱਕੇ ਕੀਤਾ ਹੈ ਤੇ 10 ਹਜ਼ਾਰ ਤੋਂ ਵੱਧ ਨਵੇਂ ਅਧਿਆਪਕ ਵੀ ਭਰਤੀ ਕੀਤੇ ਹਨ।

ਡਾ. ਬਲਬੀਰ ਸਿੰਘ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਤੇ ਮੁਨੀਸ਼ ਸਿਸੋਦੀਆਂ ਵੱਲੋਂ ਜੋ ਸਿੱਖਿਆ ਮਾਡਲ ਦਿੱਲੀ ‘ਚ ਬਣਾਇਆ ਗਿਆ ਹੈ, ਉਸੇ ਤਰ੍ਹਾਂ ਦਾ ਸਿੱਖਿਆ ਮਾਡਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਅਗਵਾਈ ‘ਚ ਪੰਜਾਬ ਅੰਦਰ ਵੀ ਵਿਕਸਤ ਕੀਤਾ ਹੈ, ਜਿਸ ਨਾਲ ਪਿਛਲੇ ਢਾਈ ਸਾਲਾਂ ਅੰਦਰ ਸਿੱਖਿਆ ਖੇਤਰ ਵਿੱਚ ਕ੍ਰਾਂਤੀਕਾਰੀ ਸੁਧਾਰ ਹੋਏ ਹਨ।

ਇਸ ਮਿਲਣੀ ਦੌਰਾਨ ਡਾ. ਬਲਬੀਰ ਸਿੰਘ ਨੇ ਸਕੂਲੀ ਵਿਦਿਆਰਥੀਆਂ ਵੱਲੋਂ ਬਣਾਏ ਸੋਲਰ ਚਾਰਜਰ, ਵਾਟਰ ਟਰੀਟਮੈਂਟ ਪਲਾਂਟ ਦੇ ਮਾਡਲ ਤੇ ਵੇਸਟ ਟੂ ਵੈਲਥ ਤਹਿਤ ਬੇਕਾਰ ਪਏ ਸਮਾਨ ਤੋਂ ਬਣਾਈ ਵਸਤੂਆਂ ਵਾਲੀ ਪ੍ਰਦਰਸ਼ਨੀ ਦੇਖੀਆਂ | ਇਸ ਮੌਕੇ ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੇ ਵਾਤਾਵਰਣ ਦੀ ਸ਼ੁੱਧਤਾ ਲਈ ਜੋ ਮਾਡਲ ਤਿਆਰ ਕੀਤੇ ਹਨ, ਉਹ ਇਸ ਗੱਲ ਦਾ ਸੁਨੇਹਾ ਦੇ ਰਹੇ ਹਨ ਕਿ ਸਾਡੀ ਆਉਣ ਵਾਲੀ ਪੀੜੀ ਵਾਤਾਵਰਣ ਪ੍ਰਤੀ ਸੁਚੇਤ ਹੈ ਤੇ ਵਾਤਾਵਰਣ ਦੀ ਸ਼ੁੱਧਤਾ ਲਈ ਕੰਮ ਕਰਨ ਲਈ ਅੱਗੇ ਆ ਰਹੀ ਹੈ। ਇਸ ਮੌਕੇ ਉਨ੍ਹਾਂ ਕਿਸਾਨਾਂ ਨੂੰ ਵੀ ਪਰਾਲੀ ਪ੍ਰਬੰਧਨ ਲਈ ਇੰਨ ਸੀਟੂ ਤੇ ਐਕਸ ਸੀਟੂ ਤਕਨੀਕਾਂ ਅਪਣਾਉਣ ਦੀ ਅਪੀਲ ਕੀਤੀ ਹੈ |

 

Scroll to Top