Dearness Allowance

Dearness Allowance: ਕੇਂਦਰ ਸਰਕਾਰ ਵੱਲੋਂ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਮਹਿੰਗਾਈ ਭੱਤੇ ‘ਚ 3% ਵਾਧਾ

ਚੰਡੀਗੜ੍ਹ, 16 ਅਕਤੂਬਰ 2024: ਕੇਂਦਰ ਸਰਕਾਰ ਨੇ ਦੇਸ਼ ਭਰ ਦੇ 1 ਕਰੋੜ ਤੋਂ ਵੱਧ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਲਈ ਅਹਿਮ ਫੈਸਲਾ ਲਿਆ ਹੈ | ਕੇਂਦਰ ਸਰਕਾਰ ਨੇ ਇੱਕ ਕਰੋੜ ਤੋਂ ਵੱਧ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਮਹਿੰਗਾਈ ਭੱਤੇ ‘ਡੀਏ‘ (Dearness Allowance) ਅਤੇ ਮਹਿੰਗਾਈ ਰਾਹਤ ‘ਡੀਆਰ’ ‘ਚ 3 ਫ਼ੀਸਦੀ ਦਾ ਵਾਧਾ ਕੀਤਾ ਹੈ | ਕੇਂਦਰੀ ਮੰਤਰੀ ਮੰਡਲ ਨੇ ਅੱਜ ਡੀਏ ਦੀਆਂ ਦਰਾਂ ਵਧਾਉਣ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ ।

ਹੁਣ ਪਹਿਲੀ ਜੁਲਾਈ ਤੋਂ ਮਿਲਣ ਵਾਲੇ ਮਹਿੰਗਾਈ ਭੱਤੇ ਦੀ ਦਰ ਹੁਣ 50 ਫੀਸਦੀ ਤੋਂ ਵਧ ਕੇ 53 ਫੀਸਦੀ ਹੋ ਗਈ ਹੈ। ਇਸ ਸੰਬੰਧੀ ਜਾਣਕਾਰੀ ਕੇਂਦਰੀ ਮੰਤਰੀ ਅਸ਼ਵਨੀ ਵੈਸ਼ਨਵ ਨੇ ਕੇਂਦਰੀ ਮੰਤਰੀ ਮੰਡਲ ਦੀ ਬੈਠਕ ਤੋਂ ਬਾਅਦ ਪ੍ਰੈਸ ਵਾਰਤਾ ਦੌਰਾਨ ਸਾਂਝੀ ਕੀਤੀ ਹੈ |

ਜਾਣਕਾਰੀ ਮੁਤਾਬਕ ਇਸ ਤੋਂ ਪਹਿਲਾਂ ਕਨਫੈਡਰੇਸ਼ਨ ਆਫ ਸੈਂਟਰਲ ਗਵਰਨਮੈਂਟ ਇੰਪਲਾਈਜ਼ ਐਂਡ ਵਰਕਰਜ਼ ਦੇ ਜਨਰਲ ਸਕੱਤਰ ਐਸਬੀ ਯਾਦਵ ਨੇ 30 ਸਤੰਬਰ ਨੂੰ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੂੰ ਚਿੱਠੀ ਲਿਖ ਕੇ ਬਿਨਾਂ ਕਿਸੇ ਦੇਰੀ ਦੇ ਡੀਏ (Dearness Allowance) ਦੀਆਂ ਦਰਾਂ ਵਧਾਉਣ ਦੀ ਮੰਗ ਕੀਤੀ ਸੀ। ਚਿੱਠੀ ‘ਚ ਕਿਹਾ ਗਿਆ ਹੈ ਕਿ ਆਮ ਤੌਰ ‘ਤੇ ਮਹਿੰਗਾਈ ਭੱਤੇ ‘ਚ ਵਾਧੇ ਅਤੇ ਮਹਿੰਗਾਈ ਰਾਹਤ ਅਕਤੂਬਰ ਦੇ ਪਹਿਲੇ ਹਫ਼ਤੇ ਅਦਾ ਕੀਤੀ ਜਾਂਦੀ ਹੈ। ਇਸ ਵਾਰ ਕੇਂਦਰ ਸਰਕਾਰ ਨੇ ਦੁਸਹਿਰੇ ‘ਤੇ ਵੀ ਅਜਿਹਾ ਕੋਈ ਐਲਾਨ ਨਹੀਂ ਕੀਤਾ।

ਦੂਜੇ ਪਾਸੇ ਇਸ ਵਾਧੇ ਨਾਲ ਜੇਕਰ ਕਿਸੇ ਕਰਮਚਾਰੀ ਦੀ ਮੁੱਢਲੀ ਤਨਖ਼ਾਹ 18 ਹਜ਼ਾਰ ਰੁਪਏ ਹੈ ਤਾਂ 53 ਫੀਸਦੀ ਮਹਿੰਗਾਈ ਭੱਤੇ ਦੇ ਹਿਸਾਬ ਨਾਲ ਹਰ ਮਹੀਨੇ ਉਸਨੂੰ ਕਰੀਬ 540 ਰੁਪਏ ਦਾ ਵੱਧ ਮਿਲਣਗੇ | ਇਸੇ ਤਰ੍ਹਾਂ ਜੇਕਰ ਕਰਮਚਾਰੀ ਦੀ ਮੁੱਢਲੀ ਤਨਖਾਹ 25 ਹਜ਼ਾਰ ਰੁਪਏ ਹੈ ਤਾਂ ਉਸ ਨੂੰ 750 ਰੁਪਏ ਪ੍ਰਤੀ ਮਹੀਨਾ ਦਾ ਲਾਭ ਮਿਲੇਗਾ। ਜਿਸ ਕਰਮਚਾਰੀ ਦੀ ਤਨਖਾਹ 35 ਹਜ਼ਾਰ ਰੁਪਏ ਹੈ, ਉਸ ਨੂੰ ਪ੍ਰਤੀ ਮਹੀਨਾ 1050 ਰੁਪਏ ਹੋਰ ਮਿਲਣਗੇ।

3 ਅਕਤੂਬਰ ਨੂੰ ਹੋਈ ਕੇਂਦਰੀ ਮੰਤਰੀ ਮੰਡਲ ਬੈਠਕ ‘ਚ ਰੇਲਵੇ ਕਰਮਚਾਰੀਆਂ ਨੂੰ 78 ਦਿਨਾਂ ਦਾ ਬੋਨਸ ਦੇਣ ਦਾ ਐਲਾਨ ਕੀਤਾ ਗਿਆ ਸੀ। ਕੇਂਦਰੀ ਮੰਤਰੀ ਅਸ਼ਵਿਨੀ ਵੈਸ਼ਨਵ ਨੇ ਕਿਹਾ ਸੀ ਕਿ ਰੇਲਵੇ ਕਰਮਚਾਰੀਆਂ ਲਈ 2029 ਕਰੋੜ ਰੁਪਏ ਦਾ ਬੋਨਸ ਮਨਜ਼ੂਰ ਕੀਤਾ ਗਿਆ ਹੈ।

Scroll to Top