10 ਅਕਤੂਬਰ 2024: ਜਲੰਧਰ ਅੰਮ੍ਰਿਤਸਰ ਰੋਡ ਤੇ ਸਥਿਤ C.J.S ਪਬਲਿਕ ਸਕੂਲ ਵੱਲੋਂ ਸਕੂਲੀ ਬੱਚਿਆਂ ਦੇ ਨਾਮ ਤੇ ਇੱਕ ਲਿਖਤੀ ਫਰਮਾਨ ਜਾਰੀ ਕੀਤਾ ਗਿਆ, ਜਿਸ ਵਿੱਚ ਬੱਚਿਆਂ ਨੂੰ ਸਕੂਲ ਅੰਦਰ ਕੜੇ ਨਾ ਪਾ ਕੇ ਆਉਣ ਬਾਰੇ ਕਿਹਾ ਗਿਆ। ਜਦ ਇਸ ਫੁਰਮਾਨ ਬਾਰੇ ਸਿੱਖ ਤਾਲਮੇਲ ਕਮੇਟੀ ਨੂੰ ਪਤਾ ਲੱਗਾ ਤਾਂ ਉਸਦੇ ਮੈਂਬਰ ਤੁਰੰਤ ਸੀਜੀਐਸ ਪਬਲਿਕ ਸਕੂਲ ਪਹੁੰਚੇ। ਜਦੋਂ ਸਾਰੇ ਮੈਂਬਰਾਂ ਨੇ ਸਕੂਲ ਜਾ ਕੇ ਬੱਚਿਆਂ ਨਾਲ ਗੱਲਬਾਤ ਕੀਤੀ, ਤਾਂ ਬੱਚਿਆਂ ਨੇ ਦੱਸਿਆ ਕਿ ਸਕੂਲ ਵਿੱਚ ਕੜਾ ਪਾਕੇ ਆਉਣ ਤੇ ਉਹਨਾਂ ਤੋਂ 500 ਰੁਪਏ ਤੱਕ ਦਾ ਜੁਰਮਾਨਾ ;ਲਿਆ ਜਾਂਦਾ ਸੀ। ਮੈਂਬਰਾਂ ਨੂੰ ਬੱਚਿਆਂ ਨੇ ਦੱਸਿਆ ਕਿ ਮੈਨੇਜਮੈਂਟ ਨੇ ਇੱਕ ਵੱਡਾ ਸਾਰਾ ਬੋਰਡ ਬਣਾਇਆ ਹੈ, ਜਿੱਥੇ ਬੱਚਿਆਂ ਦੇ ਕੜੇ ਲਹਾ ਕੇ ਟੰਗੇ ਜਾਂਦੇ ਹਨ|
ਸਿੱਖ ਤਾਲਮੇਲ ਕਮੇਟੀ ਵੱਲੋਂ ਡਿਵੀਜ਼ਨ ਨੰਬਰ ਇੱਕ ਦੀ ਪੁਲਿਸ ਨੂੰ ਵੀ ਇਸ ਬਾਰੇ ਸੂਚਿਤ ਕੀਤਾ ਗਿਆ। ਅਤੇ ਸੁਰਜੀਤ ਸਿੰਘ ਏਐਸਆਈ ਦੀ ਅਗਵਾਈ ਵਿੱਚ ਪੁਲਿਸ ਪਾਰਟੀ ਮੌਕੇ ਤੇ ਪਹੁੰਚ ਗਈ, ਅਤੇ ਸਕੂਲ ਮੈਨੇਜਮੈਂਟ ਦੇ ਲਲਿਤ ਮਿੱਤਲ ਵੀ ਮੌਕੇ ਤੇ ਪਹੁੰਚ ਗਏ। ਕਮੇਟੀ ਮੈਂਬਰਾਂ ਵੱਲੋਂ ਸਾਰਾ ਮਾਮਲਾ ਉਹਨਾਂ ਦੀ ਜਾਣਕਾਰੀ ਵਿੱਚ ਲਿਆਂਦਾ ਗਿਆ । ਜਿਸ ਤੇ ਉਹਨਾਂ ਨੇ ਸਾਰੀ ਮੈਨੇਜਮੈਂਟ ਕਮੇਟੀ ਵੱਲੋਂ ਸਮੁੱਚੇ ਸਿੱਖ ਜਗਤ ਤੋਂ ਮੁਆਫੀ ਮੰਗੀ ਅਤੇ ਅੱਗੋਂ ਤੋਂ ਸਿੱਖ ਭਾਵਨਾਵਾਂ ਦਾ ਪੂਰਾ ਆਦਰ ਕਰਨ ਦਾ ਭਰੋਸਾ ਦਿੱਤਾ।
ਉੱਥੇ ਹੀ ਸਕੂਲ ਦੀ ਪ੍ਰਿੰਸੀਪਲ ਡਾਕਟਰ ਰਵੀ ਸੁਤਾ ਨੇ ਆਪਣੀ ਗਲਤੀ ਲਈ ਹੱਥ ਜੋੜ ਕੇ ਮੁਆਫੀ ਮੰਗੀ ਅਤੇ ਰਹਿੰਦੀ ਜ਼ਿੰਦਗੀ ਵਿੱਚ ਕਦੇ ਵੀ ਅਜਿਹੀ ਗਲਤੀ ਨਾ ਕਰਨ ਦਾ ਭਰੋਸਾ ਦਿੱਤਾ। ਮੈਨੇਜਮੈਂਟ ਦੇ ਸਕੱਤਰ ਲਲਿਤ ਮਿੱਤਲ ਨੇ ਤੁਰੰਤ ਪ੍ਰਿੰਸੀਪਲ ਦਾ ਅਸਤੀਫਾ ਲੈ ਕੇ ਉਸ ਨੂੰ ਨੌਕਰੀ ਤੋਂ ਫਾਰਗ ਕਰ ਦਿੱਤਾ, ਅਤੇ ਸਿੱਖ ਤਾਲਮੇਲ ਕਮੇਟੀ ਨਾਲ ਗਲਤ ਵਿਵਹਾਰ ਕਰਨ ਵਾਲੇ ਕਲਰਕ ਨੂੰ ਵੀ ਨੌਕਰੀ ਤੋਂ ਫਾਰਗ ਕਰ ਦਿੱਤਾ ਗਿਆ।
ਇਸ ਮੌਕੇ ਤੇ ਜਿਹੜੇ ਬੱਚਿਆਂ ਦੇ ਕੜੇ ਲਵਾ ਕੇ ਰੱਖੇ ਹੋਏ ਸਨ, ਉਹਨਾਂ ਨੂੰ ਖੁਦ ਪ੍ਰਿੰਸੀਪਲ ਨੇ ਉਹਨਾਂ ਦੇ ਹੱਥਾਂ ਵਿੱਚ ਪਵਾ ਕੇ ਮੁਆਫੀ ਮੰਗੀ ਤੇ ਗਲਤੀ ਦਾ ਪਛਤਾਵਾ ਕੀਤਾ। ਸਾਰੇ ਬੱਚਿਆਂ ਨੇ ਸਿੱਖ ਤਾਲਮੇਲ ਕਮੇਟੀ ਦਾ ਧੰਨਵਾਦ ਕੀਤਾ। ਅਤੇ ਜੈਕਾਰੇ ਬੁਲਾ ਕੇ ਖੁਸ਼ੀ ਮਨਾਈ। ਅੱਗੋਂ ਤੋਂ ਅਜਿਹਾ ਨਾ ਕਰਨ ਦਾ ਭਰੋਸਾ ਦੇਣ ਉਪਰੰਤ ਹੋਰਾ ਨੂੰ ਚੇਤਾਵਨੀ ਦਿੱਤੀ ਕਿ ਅਜਿਹਾ ਕਰਮ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ।