Best Literary book awards

ਭਾਸ਼ਾ ਵਿਭਾਗ ਪੰਜਾਬ ਵੱਲੋਂ ਹਿੰਦੀ, ਸੰਸਕ੍ਰਿਤ ਤੇ ਉਰਦੂ ਦੇ ਸਰਵੋਤਮ ਪੁਸਤਕ ਪੁਰਸਕਾਰਾਂ ਦਾ ਐਲਾਨ

ਪਟਿਆਲਾ, 09 ਅਕਤੂਬਰ 2024: ਪੰਜਾਬ ਸਰਕਾਰ ਦੇ ਭਾਸ਼ਾ ਵਿਭਾਗ ਰਾਹੀਂ ਹਰ ਸਾਲ ਵੱਖ-ਵੱਖ ਭਾਸ਼ਾਵਾਂ ਦੀਆਂ ਪੁਸਤਕਾਂ ਨੂੰ ਪ੍ਰਦਾਨ ਕੀਤੇ ਜਾਣ ਵਾਲੇ ਸਰਵੋਤਮ ਸਾਹਿਤਕ ਪੁਸਤਕ ਪੁਰਸਕਾਰਾਂ (Best Literary book awards) ਤਹਿਤ ਵਿਭਾਗ ਦੁਆਰਾ ਹਿੰਦੀ, ਸੰਸਕ੍ਰਿਤ ਅਤੇ ਉਰਦੂ ਭਾਸ਼ਾ ਦੇ ਵੱਖ-ਵੱਖ ਵੰਨਗੀਆਂ ਨਾਲ ਸੰਬੰਧੀ 11 ਸਰਵੋਤਮ ਪੁਸਤਕ ਪੁਰਸਕਾਰਾਂ ਦਾ ਐਲਾਨ ਕੀਤਾ ਗਿਆ ਹੈ |

ਇਸ ਸੰਬੰਧੀ ਹੋਰ ਜਾਣਕਾਰੀ ਸਾਂਝੀ ਕਰਦਿਆਂ ਡਾਇਰੈਕਟਰ, ਭਾਸ਼ਾ ਵਿਭਾਗ, ਪੰਜਾਬ ਜਸਵੰਤ ਸਿੰਘ ਜ਼ਫ਼ਰ ਨੇ ਦੱਸਿਆ ਕਿ ਇਹ ਪੁਰਸਕਾਰ ਪੰਜਾਬੀ ਮਾਹ (ਨਵੰਬਰ 2024) ਦੇ ਸੂਬਾ ਪੱਧਰੀ ਸਮਾਪਤੀ ਸਮਾਗਮ ਦੌਰਾਨ ਭਾਸ਼ਾ ਭਵਨ, ਪਟਿਆਲਾ ਵਿਖੇ ਦਿੱਤੇ ਜਾਣਗੇ।

ਇਸਦੇ ਨਾਲ ਹੀ ਜਸਵੰਤ ਸਿੰਘ ਜ਼ਫ਼ਰ ਨੇ ਦੱਸਿਆ ਕਿ ਇਨ੍ਹਾਂ ਪੁਰਸਕਾਰਾਂ ਲਈ ਹਿੰਦੀ ਦੀਆਂ 2022 ਦੌਰਾਨ, ਸੰਸਕ੍ਰਿਤ 2022 ਤੇ 2023 ਦੌਰਾਨ ਅਤੇ ਉਰਦੂ ਦੀਆਂ 2023 ਦੌਰਾਨ ਛਪੀਆਂ ਪੁਸਤਕਾਂ ਦੀ ਸਰਵੋਤਮ ਪੁਸਤਕ ਪੁਰਸਕਾਰਾਂ ਲਈ ਮੰਗ ਕੀਤੀ ਸੀ ਅਤੇ ਵੱਖ-ਵੱਖ ਖੇਤਰਾਂ ਦੇ ਵਿਦਵਾਨ ਵਿਸ਼ਾ ਮਾਹਰਾਂ ਤੋਂ ਇਨ੍ਹਾਂ ਪੁਸਤਕਾਂ ਦਾ ਮੁਲਾਂਕਣ ਕਰਵਾਇਆ ਗਿਆ, ਫਿਰ ਸਰਵੋਤਮ ਪੁਸਤਕਾਂ ਦੀ ਚੋਣ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਪੁਰਸਕਾਰ ’ਚ ਇਨਾਮੀ ਰਾਸ਼ੀ ਦੇ ਨਾਲ-ਨਾਲ ਇੱਕ ਪਲੇਕ ਅਤੇ ਸ਼ਾਲ ਭੇਂਟ ਕੀਤੀ ਜਾਣੀ ਹੈ।

ਜਸਵੰਤ ਸਿੰਘ ਜ਼ਫ਼ਰ ਨੇ ਦੱਸਿਆ ਕਿ ਹਿੰਦੀ ਦੇ ਸਾਲ 2023 ਨਾਲ ਸੰਬੰਧਿਤ ਸਰਵੋਤਮ ਸਾਹਿਤਕ ਪੁਸਤਕ ਪੁਰਸਕਾਰਾਂ (Best Literary book awards)  ਤਹਿਤ ਗਿਆਨੀ ਸੰਤ ਸਿੰਘ ਪੁਰਸਕਾਰ (ਕਵਿਤਾ) ਅਮਰਜੀਤ ਕੌਂਕੇ ਦੀ ਪੁਸਤਕ ‘ਆਕਾਸ਼ ਕੇ ਪੰਨੇ ਪਰ’ ਨੂੰ, ਸੁਦਰਸ਼ਨ ਪੁਰਸਕਾਰ (ਨਾਵਲ/ਕਹਾਣੀ) ਯਸ਼ਪਾਲ ਸ਼ਰਮਾ ਦੀ ਪੁਸਤਕ ‘ਬਸੰਤੀ ਲੋਟ ਆਈ ਹੈ’ ਨੂੰ, ਮੋਹਨ ਰਾਕੇਸ਼ ਪੁਰਸਕਾਰ (ਨਾਟਕ/ਇਕਾਂਗੀ) ਡਾ. ਦਰਸ਼ਨ ਤ੍ਰਿਪਾਠੀ ਦੀ ਪੁਸਤਕ ‘ਔਰ ਸ਼ਮਾਂ ਜਲਤੀ ਰਹੀ’ ਨੂੰ, ਗਿਆਨੀ ਗਿਆਨ ਸਿੰਘ ਪੁਰਸਕਾਰ (ਜੀਵਨੀ/ਸਫ਼ਰਨਾਮਾ) ਵੀਣਾ ਵਿਜ ਦੀ ਪੁਸਤਕ ‘ਛੁਟ-ਪੁਟ ਅਫਸਾਨੇ’ ਨੂੰ ਅਤੇ ਬਾਲ ਸਾਹਿਤਯ ਪੁਰਸਕਾਰ ਸੁਕਰੀਤੀ ਭਟਨਾਗਰ ਦੀ ਪੁਸਤਕ ‘ਧਰੋਹਰ’ ਨੂੰ ਪ੍ਰਦਾਨ ਕੀਤੇ ਜਾਣਗੇ। ਜਿਕਰਯੋਗ ਹੈ ਕਿ ਇਨ੍ਹਾਂ ਪੁਰਸਕਾਰਾਂ ਲਈ ਵੱਖ-ਵੱਖ ਵੰਨਗੀਆਂ ਦੀਆਂ 23 ਪੁਸਤਕਾਂ ਪ੍ਰਾਪਤ ਹੋਈਆਂ।

ਇਸ ਤੋਂ ਇਲਾਵਾ ਸੰਸਕ੍ਰਿਤ ਦਾ ਸਾਲ 2022 ਨਾਲ ਸੰਬੰਧਿਤ ਕਾਲੀਦਾਸ ਪੁਰਸਕਾਰ ਡਾ. ਸਰਲਾ ਭਾਰਦਵਾਜ ਦੀ ਪੁਸਤਕ ‘ਸੰਸਕ੍ਰਿਤ ਸਾਹਿਤਯ ਮੇਂ ਨੈਤਿਕ ਮੁਲਯ ਐਵਮ ਰਾਸ਼ਟਰੀਆ ਚੇਤਨਾ’ ਨੂੰ ਅਤੇ ਸਾਲ 2023 ਦਾ ਕਾਲੀਦਾਸ ਪੁਰਸਕਾਰ ਮੋਹਨ ਲਾਲ ਸ਼ਰਮਾ ਦੀ ਪੁਸਤਕ ‘ਕੇਚਨ ਭਾਰਤੀਆ ਵਿਗਿਆਨਕ’ ਨੂੰ ਪ੍ਰਦਾਨ ਕੀਤਾ ਜਾਵੇਗਾ।

ਇਸਦੇ ਨਾਲ ਹੀ ਸਾਲ 2024 ਦੇ ਉਰਦੂ ਭਾਸ਼ਾ ਨਾਲ ਸੰਬੰਧਿਤ ਸਰਵੋਤਮ ਸਾਹਿਤਕ ਪੁਸਤਕ ਪੁਰਸਕਾਰਾਂ ਤਹਿਤ ਰਾਜਿੰਦਰ ਸਿੰਘ ਬੇਦੀ ਪੁਰਸਕਾਰ (ਨਾਵਲ/ਕਹਾਣੀ/ਡਰਾਮਾ/ਇਕਾਂਗੀ) ਮਲਕੀਤ ਸਿੰਘ ਮਛਾਣਾ ਦੀ ਪੁਸਤਕ ‘ਜੰਬੀਲ-ਏ-ਰੰਗ’ ਨੂੰ, ਸਾਹਿਰ ਲੁਧਿਆਣਵੀ ਪੁਰਸਕਾਰ (ਨਜ਼ਮ) ਡਾ. ਸ਼ਸ਼ੀਕਾਂਤ ਉੱਪਲ ਦੀ ਪੁਸਤਕ ‘ਰੌਸ਼ਨੀ ਕਾ ਸਫ਼ਰ’ ਨੂੰ, ਹਾਫਿਜ਼ ਮਹਿਮੂਦ ਸ਼ੀਰਾਨੀ ਪੁਰਸਕਾਰ (ਤਨਕੀਦ) ਡਾ. ਇਮਰਾਨਾ ਖਾਤੂਨ ਦੀ ਪੁਸਤਕ ‘ਉਰਦੂ ਰੁਬਾਈ ਮੇਂ ਇਨਸਾਨੀ ਅਕਦਾਰ ਕੀ ਤਲਾਸ਼’ ਨੂੰ ਅਤੇ ਕਨ੍ਹੱਈਆ ਲਾਲ ਕਪੂਰ ਪੁਰਸਕਾਰ (ਨਸਰ) ‘ਜਨਾਬ ਮੁਹੰਮਦ ਬਸ਼ੀਰ ਮਾਲੇਰਕੋਟਲਵੀ’ ਦੀ ਪੁਸਤਕ ਅਜ਼ਕਾਰ (ਖਾਕੇ) ਨੂੰ ਪ੍ਰਦਾਨ ਕੀਤੇ ਜਾਣਗੇ।

ਜਸਵੰਤ ਸਿੰਘ ਜ਼ਫ਼ਰ ਨੇ ਦੱਸਿਆ ਕਿ ਬਾਕੀ ਰਹਿੰਦੇ ਸਰਵੋਤਮ ਪੁਸਤਕ ਪੁਰਸਕਾਰਾਂ ਦਾ ਛੇਤੀ ਹੀ ਐਲਾਨ ਕੀਤਾ ਜਾਵੇਗਾ ਅਤੇ ਇਹ ਪੰਜਾਬੀ ਮਾਹ ਦੇ ਸਮਾਗਮਾਂ ਦੌਰਾਨ ਹੀ ਪ੍ਰਦਾਨ ਕੀਤੇ ਜਾਣਗੇ। ਉਨ੍ਹਾਂ ਸਾਰੇ ਪੁਰਸਕਾਰ ਜੇਤੂਆਂ ਨੂੰ ਵਧਾਈਆਂ ਦਿੱਤੀਆਂ ਅਤੇ ਪੰਜਾਬੀ ਭਾਸ਼ਾ ਦੇ ਪ੍ਰਚਾਰ ਪ੍ਰਸਾਰ ਲਈ ਇਸੇ ਤਰ੍ਹਾਂ ਨਿਰੰਤਰ ਯਤਨਸ਼ੀਲ ਰਹਿਣ ਦੀ ਅਪੀਲ ਕੀਤੀ ਹੈ ।

Scroll to Top