ਚੰਡੀਗੜ੍ਹ, 09 ਅਕਤੂਬਰ 2024: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਬੀਤੇ ਦਿਨ ਪੰਜਾਬ ਮੰਤਰੀ ਮੰਡਲ (Punjab Cabinet) ਦੀ ਚੰਡੀਗੜ੍ਹ ਵਿਖੇ ਮੁੱਖ ਮੰਤਰੀ ਦੀ ਸਰਕਾਰੀ ਰਿਹਾਇਸ਼ ‘ਤੇ ਅਹਿਮ ਬੈਠਕ ਹੋਈ | ਇਸ ਅਹਿਮ ਬੈਠਕ ‘ਚ ਪੰਜਾਬ ਸਰਕਾਰ ਨੇ ਕਈਂ ਫੈਸਲੇ ਲਏ ਹਨ | ਇਸਦੇ ਨਾਲ ਹੀ ਪੰਜਾਬ ਕੈਬਿਨਟ ਨੇ ਡੈਮਾਂ ਦੇ ਸੁਧਾਰਾਂ ਲਈ ਅਹਿਮ ਫੈਸਲਾ ਲਿਆ ਹੈ |
ਇਸਦੇ ਨਾਲ ਪੰਜਾਬ ਮੰਤਰੀ ਮੰਡਲ (Punjab Cabinet) ਨੇ ਇੱਕ ਹੋਰ ਅਹਿਮ ਫੈਸਲਾ ਲੈਂਦਿਆਂ ਉਚੇਰੀ ਸਿੱਖਿਆ ਤੇ ਭਾਸ਼ਾਵਾਂ ਵਿਭਾਗ ‘ਚ 166 ਅਸਾਮੀਆਂ ਭਰਨ ਦੀ ਮਨਜ਼ੂਰੀ ਦੇ ਦਿੱਤੀ ਹੈ | ਪੰਜਾਬ ‘ਚ ਐਨ.ਸੀ.ਸੀ. ਦੇ ਕੰਮਾਂ ਨੂੰ ਸੁਚਾਰੂ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਚਲਾਉਣ ਲਈ ਉਚੇਰੀ ਸਿੱਖਿਆ ਅਤੇ ਭਾਸ਼ਾਵਾਂ ਵਿਭਾਗ ‘ਚ ਐਨ.ਸੀ.ਸੀ. ਹੈੱਡਕੁਆਰਟਰਾਂ, ਯੂਨਿਟਾਂ ਅਤੇ ਕੇਂਦਰਾਂ ਲਈ ਪੈਸਕੋ ਵੱਲੋਂ ਆਊਟਸੋਰਸਿੰਗ ਰਾਹੀਂ 166 ਅਸਾਮੀਆਂ ਭਰਨ ਨੂੰ ਹਰੀ ਝੰਡੀ ਦਿੱਤੀ ਹੈ |
ਪੰਜਾਬ ਸਰਕਾਰ ਮੁਤਾਬਕ ਇਸਦਾ ਉਦੇਸ਼ ਵਿੱਤੀ ਸਾਲ 2024-25 ਲਈ ਐਨਸੀਸੀ ਗਤੀਵਿਧੀਆਂ ਦੇ ਸੁਚਾਰੂ ਕੰਮਕਾਜ ਨੂੰ ਯਕੀਨੀ ਬਣਾਉਣਾ ਹੈ। ਇਹ ਕਦਮ ਐਨਸੀਸੀ ਯੂਨਿਟਾਂ ਦੇ ਕੰਮਕਾਜ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ‘ਚ ਕਾਰਗਾਰ ਸਿੱਧ ਹੋਵੇਗਾ ਅਤੇ ਸੂਬੇ ‘ਚ ਐਨਸੀਸੀ ਕੈਡਿਟਾਂ ਦੀ ਕੁਸ਼ਲਤਾ ‘ਚ ਵਾਧਾ ਵੀ ਹੋਵੇਗਾ।
Read More: ਪੰਜਾਬ ਕੈਬਿਨਟ ਨੇ ਸੂਬੇ ‘ਚ ਡੈਮਾਂ ਅਤੇ ਛੋਟੇ ਕਾਸ਼ਤਕਾਰਾਂ ਲਈ ਲਿਆ ਅਹਿਮ ਫੈਸਲਾ
ਪੰਜਾਬ ਸਰਕਾਰ ਮੁਤਾਬਕ ਬਦਲੇ ਹੋਏ ਹਲਾਤਾਂ ਕਾਰਨ ਪੈਦਾ ਹੋਈਆਂ ਨਵੀਆਂ ਚੁਣੌਤੀਆਂ ਕਾਰਨ ਪੁਲਿਸ ਵਿਭਾਗ ‘ਚ ਕਈ ਨਵੇਂ ਵਿੰਗ ਅਤੇ ਬਟਾਲੀਅਨਾਂ ਦੇ ਨਾਲ-ਨਾਲ ਸੀਨੀਅਰ ਅਧਿਕਾਰੀਆਂ ਦੀਆਂ ਅਸਾਮੀਆਂ ਵੀ ਬਣਾਈਆਂ ਗਈਆਂ ਹਨ, ਪਰ ਸਟੈਨੋਗ੍ਰਾਫ਼ੀ ਕੇਡਰ ਦੇ ਮੁਲਾਜ਼ਮਾਂ ਦੀ ਗਿਣਤੀ ਪਹਿਲਾਂ ਜਿੰਨੀ ਹੀ ਬਣੀ ਹੋਈ ਹੈ।
ਪੰਜਾਬ ਮੰਤਰੀ ਮੰਡਲ ਨੇ ਇਸ ਸਮੱਸਿਆ ਦੇ ਹੱਲ ਲਈ ਸੀਨੀਅਰ ਸਕੇਲ ਸਟੈਨੋਗ੍ਰਾਫਰਾਂ ਦੀਆਂ 10 ਅਸਾਮੀਆਂ ਅਤੇ ਸਟੈਨੋ ਟਾਈਪਿਸਟਾਂ ਦੀਆਂ 6 ਅਸਾਮੀਆਂ ਖ਼ਤਮ ਕਰਨ ਅਤੇ ਇਸੇ ਕੇਡਰ ‘ਚ ਪ੍ਰਾਈਵੇਟ ਸਕੱਤਰ ਅਤੇ ਨਿੱਜੀ ਸਹਾਇਕ ਦੀਆਂ 10 ਅਸਾਮੀਆਂ ਸਿਰਜਣ ਦੀ ਪ੍ਰਵਾਨਗੀ ਦੇ ਦਿੱਤੀ ਹੈ। ਇਸ ਕਦਮ ਨਾਲ ਜਿੱਥੇ ਦਫ਼ਤਰੀ ਕੰਮਕਾਜ ‘ਚ ਕੁਸ਼ਲਤਾ ਆਵੇਗੀ, ਉੱਥੇ ਇਸ ਨਾਲ ਸਰਕਾਰੀ ਖਜ਼ਾਨੇ ‘ਤੇ ਵਾਧੂ ਬੋਝ ਵੀ ਨਹੀਂ ਪਵੇਗਾ।
ਇਸਦੇ ਨਾਲ ਹੀ ਪੰਜਾਬ ਮੰਤਰੀ ਮੰਡਲ ਨੇ ਸਨਅਤੀ ਸਿਖਲਾਈ ਸੰਸਥਾਵਾਂ (ITI) ‘ਚ ਕਰਾਫਟ ਇੰਸਟ੍ਰਕਟਰਾਂ ਦੀ ਭਰਤੀ ਲਈ ਵਿਦਿਅਕ ਯੋਗਤਾ ‘ਚ ਸੋਧ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਇਹ ਕਦਮ ਆਈ.ਟੀ.ਆਈਜ਼ ‘ਚ ਯੋਗ ਟ੍ਰੇਨਰਾਂ ਦੀ ਭਰਤੀ ਨੂੰ ਯਕੀਨੀ ਬਣਾਇਆ ਜਾਵੇਗਾ | ਇਸ ਕਦਮ ਨਾਲ ਸੂਬੇ ਦੇ ਨੌਜਵਾਨਾਂ ਨੂੰ ਮੁਹੱਈਆ ਕਰਵਾਈ ਜਾਣ ਵਾਲੀ ਸਨਅਤੀ ਸਿੱਖਿਆ ‘ਚ ਸੁਧਾਰ ਹੋਵੇਗਾ। ਇਸ ਨਾਲ ਨੌਜਵਾਨਾਂ ਲਈ ਰੁਜ਼ਗਾਰ ਦੇ ਨਵੇਂ ਰਾਹ ਵੀ ਖੁੱਲ੍ਹਣਗੇ।