Congress

ਕੀ ਹਰਿਆਣਾ ‘ਚ ਕਾਂਗਰਸ ਨੂੰ ਲੈ ਬੈਠਾ ਭੂਪੇਂਦਰ ਹੁੱਡਾ, ਕੁਮਾਰੀ ਸ਼ੈਲਜਾ ਤੇ ਸੁਰਜੇਵਾਲਾ ਦਾ ਮਤਭੇਦ ?

ਚੰਡੀਗੜ੍ਹ, 08 ਅਕਤੂਬਰ 2024: ਹਰਿਆਣਾ ਵਿਧਾਨ ਸਭਾ ਚੋਣ ਨਤੀਜਿਆਂ ਦੇ ਰੁਝਾਨਾਂ ‘ਚ ਭਾਜਪਾ ਨੂੰ ਬਹੁਮਤ ਮਿਲਿਆ ਹੈ। ਭਾਜਪਾ ਤੀਜੀ ਵਾਰ ਸਰਕਾਰ ਬਣਾਉਣ ਦੇ ਨੇੜੇ ਹੈ | ਹਾਲਾਂਕਿ ਅੰਤਿਮ ਨਤੀਜਿਆਂ ਤੋਂ ਬਾਅਦ ਹੀ ਸਥਿਤੀ ਸਪੱਸ਼ਟ ਹੋਵੇਗੀ ਪਰ ਮੌਜੂਦਾ ਸਥਿਤੀ ਦੇ ਆਧਾਰ ‘ਤੇ ਕਾਂਗਰਸ (Congress) ਦੀ ਮਾੜੀ ਕਾਰਗੁਜ਼ਾਰੀ ਦੇ ਕਾਰਨਾਂ ‘ਤੇ ਚਰਚਾ ਸ਼ੁਰੂ ਹੋ ਗਈ ਹੈ।

ਸਿਆਸੀ ਗਲਿਆਰੇ ‘ਚ ਚਰਚਾ ਹੈ ਕਿ ਕਾਂਗਰਸ ਦੀ ਮਾੜੀ ਕਾਰਗੁਜ਼ਾਰੀ ਪਿੱਛੇ ਸਭ ਤੋਂ ਅਹਿਮ ਕਾਰਨ ਧੜੇਬੰਦੀ ਹੈ। ਕੀ ਚੋਣਾਂ ਦੌਰਾਨ ਹੀ ਸੂਬੇ ‘ਚ ਪਾਰਟੀ ਦੇ ਮੁੱਖ ਚਿਹਰੇ ਸਾਬਕਾ ਸੀਐਮ ਭੂਪੇਂਦਰ ਹੁੱਡਾ ਅਤੇ ਸਾਬਕਾ ਕੇਂਦਰੀ ਮੰਤਰੀ ਕੁਮਾਰੀ ਸ਼ੈਲਜਾ ਵਿਚਾਲੇ ਮਤਭੇਦ ਕਾਰਨ ਚੋਣਾਂ ‘ਚ ਨੁਕਸਾਨ ਹੋਇਆ ਹੈ ?

ਹਰਿਆਣਾ (Congress) ‘ਚ ਕੁਮਾਰੀ ਸ਼ੈਲਜਾ ਅਤੇ ਸਾਬਕਾ ਸੀਐਮ ਭੂਪੇਂਦਰ ਹੁੱਡਾ ਦੋਵੇਂ ਹੀ ਮੁੱਖ ਮੰਤਰੀ ਅਹੁਦੇ ਲਈ ਦਾਅਵੇਦਾਰ ਮੰਨੇ ਜਾਂਦੇ ਸਨ । ਇਹੀ ਕਾਰਨ ਹੈ ਕਿ ਦੋਵੇਂ ਆਗੂਆਂ ਵਿਚਾਲੇ ਦਰਾਰ ਦੀਆਂ ਖਬਰਾਂ ਅਕਸਰ ਸੁਰਖੀਆਂ ਬਣੀਆਂ ਰਹੀਆਂ । ਭੂਪੇਂਦਰ ਹੁੱਡਾ ਹਰਿਆਣਾ ਦੇ ਉੱਘੇ ਜਾਟ ਆਗੂ ਹਨ ਅਤੇ ਪਿਛਲੇ ਕਈ ਸਾਲਾਂ ਤੋਂ ਹਰਿਆਣਾ ‘ਚ ਕਾਂਗਰਸ ਦਾ ਮੁੱਖ ਚਿਹਰਾ ਰਹੇ ਹਨ।

ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਵੀ ਭੂਪੇਂਦਰ ਹੁੱਡਾ ਦਾ ਚਿਹਰਾ ਅੱਗੇ ਸੀ ਪਰ ਕਾਂਗਰਸ ਨੂੰ ਉਸ ‘ਚ ਹਾਰ ਦਾ ਮੂੰਹ ਦੇਖਣਾ ਪਿਆ ਸੀ। ਇਹੀ ਕਾਰਨ ਹੈ ਕਿ ਇਸ ਵਾਰ ਹਰਿਆਣਾ ‘ਚ ਕਾਂਗਰਸ ਦੇ ਪ੍ਰਮੁੱਖ ਚਿਹਰਿਆਂ ਵਿੱਚ ਭੂਪੇਂਦਰ ਹੁੱਡਾ ਨੂੰ ਸ਼ਾਮਲ ਕੀਤਾ ਗਿਆ ਸੀ, ਪਰ ਪਾਰਟੀ ‘ਚ ਮੁੱਖ ਮੰਤਰੀ ਅਹੁਦੇ ਦੀ ਦੌੜ ‘ਚ ਹੋਰ ਆਗੂ ਵੀ ਸਨ ਅਤੇ ਉਨ੍ਹਾਂ ਵਿੱਚੋਂ ਸਭ ਤੋਂ ਪ੍ਰਮੁੱਖ ਚਿਹਰਾ ਕੁਮਾਰੀ ਸ਼ੈਲਜਾ ਸੀ।

ਕੁਮਾਰੀ ਸ਼ੈਲਜਾ ਹਰਿਆਣਾ ‘ਚ ਦਲਿਤ ਰਾਜਨੀਤੀ ਦਾ ਇੱਕ ਪ੍ਰਮੁੱਖ ਚਿਹਰਾ ਹੈ। ਇਸ ਤੋਂ ਇਲਾਵਾ ਉਹ ਪੰਜ ਵਾਰ ਸੰਸਦ ਮੈਂਬਰ ਰਹਿ ਚੁੱਕੀ ਹੈ ਅਤੇ ਕਾਂਗਰਸ ਸਰਕਾਰ ‘ਚ ਕੇਂਦਰੀ ਮੰਤਰੀ ਵੀ ਰਹਿ ਚੁੱਕੀ ਹੈ। ਇਸ ਤੋਂ ਇਲਾਵਾ ਕਾਂਗਰਸ ਦੇ ਸੀਨੀਅਰ ਆਗੂ ਰਣਦੀਪ ਸੁਰਜੇਵਾਲਾ ਦਾ ਨਾਂ ਵੀ ਮੁੱਖ ਮੰਤਰੀ ਅਹੁਦੇ ਦੀ ਦੌੜ ‘ਚ ਆ ਰਿਹਾ। ਅਜਿਹਾ ‘ਚ ਮੰਨਿਆ ਜਾ ਰਿਹਾ ਹੈ ਕਿ ਲੀਡਰਸ਼ਿਪ ਨੂੰ ਲੈ ਕੇ ਭੰਬਲਭੂਸੇ ਦੀ ਇਸ ਸਥਿਤੀ ਨੇ ਕਾਂਗਰਸ ਨੂੰ ਡੁਬਾ ਦਿੱਤਾ |

ਸੰਸਦ ਮੈਂਬਰ ਦੀਪੇਂਦਰ ਹੁੱਡਾ ਨੇ ਮੁੱਖ ਮੰਤਰੀ ਦੇ ਅਹੁਦੇ ਲਈ ਆਪਣੇ ਪਿਤਾ ਭੂਪੇਂਦਰ ਸਿੰਘ ਹੁੱਡਾ ਲਈ ਲਾਬਿੰਗ ਕੀਤੀ। ਸੰਸਦ ਮੈਂਬਰ ਨੇ ਕਿਹਾ ਕਿ ਹੁੱਡਾ ਸਾਹਿਬ ਨੇ ਬਹੁਤ ਮਿਹਨਤ ਕੀਤੀ ਹੈ। ਚੋਣਾਂ ਵਿੱਚ ਸਾਰਿਆਂ ਨੇ ਯੋਗਦਾਨ ਪਾਇਆ ਹੈ, ਇਸ ਨਾਲ ਕਾਂਗਰਸ (Congress) ਮਜ਼ਬੂਤ ​​ਹੋਈ ਹੈ। ਇਸ ਦੇ ਨਾਲ ਹੀ ਸੀਐਮ ਦੇ ਸਵਾਲ ‘ਤੇ ਭੁਪਿੰਦਰ ਸਿੰਘ ਹੁੱਡਾ ਨੇ ਕਿਹਾ ਕਿ ਮੈਂ ਨਾ ਤਾਂ ਥੱਕਿਆ ਹਾਂ ਅਤੇ ਨਾ ਹੀ ਰਿਟਾਇਰਡ ਹਾਂ।

ਦੂਜੇ ਪਾਸੇ ਕੁਮਾਰੀ ਸ਼ੈਲਜਾ ਦਾ ਕਹਿਣਾ ਸੀ ਕਿ ਇਸ ਬਾਰੇ ਫੈਸਲਾ ਵਿਧਾਇਕ ਦਲ ਦੀ ਬੈਠਕ ‘ਚ ਲਿਆ ਜਾਵੇਗਾ। ਲੋਕਾਂ ਨੂੰ ਬਹੁਤ ਉਮੀਦਾਂ ਹਨ, ਚਾਹੇ ਉਹ ਦਲਿਤਾਂ ਬਾਰੇ ਹੋਵੇ ਜਾਂ ਬੀਬੀਆਂ ਬਾਰੇ, ਹਾਈਕਮਾਂਡ ਸਭ ਕੁਝ ਜਾਣਦੀ ਹੈ।

ਇਸੇ ਦੌੜ ‘ਚ ਸੁਰਜੇਵਾਲਾ ਦਾ ਕਹਿਣਾ ਸੀ ਕਿ ਜੇਕਰ ਕੋਈ ਚੋਣ ਨਹੀਂ ਲੜਦਾ ਤਾਂ ਇਸ ਦਾ ਮਤਲਬ ਇਹ ਨਹੀਂ ਕਿ ਕੋਈ ਸਰਕਾਰ ਚਲਾਉਣ ਦੀ ਇੱਛਾ ਨਹੀਂ ਰੱਖਦਾ। ਮੁੱਖ ਮੰਤਰੀ ਉਮੀਦਵਾਰ ਕੋਲ ਹਰਿਆਣਾ ‘ਚ ਬਦਲਾਅ ਅਤੇ ਕਿਸਾਨਾਂ ਦੀ ਜ਼ਿੰਦਗੀ ‘ਚ ਖੁਸ਼ਹਾਲੀ ਲਿਆਉਣ ਦਾ ਵਿਜ਼ਨ ਹੋਣਾ ਚਾਹੀਦਾ ਹੈ। ਮੇਰੇ ਕੋਲ ਹਰਿਆਣਾ ਦੇ ਵਿਕਾਸ ਦਾ ਵਿਜ਼ਨ ਹੈ।

Scroll to Top