ਚੰਡੀਗੜ੍ਹ, 07 ਅਕਤੂਬਰ 2024: ਟ੍ਰਾਈਸਿਟੀ ‘ਚ ਮੈਟਰੋ ਪ੍ਰੋਜੈਕਟ (Metro project) ਨੂੰ ਲੈ ਕੇ ਅਹਿਮ ਖ਼ਬਰ ਸਾਹਮਣੇ ਆਈ ਹੈ | ਟ੍ਰਾਈਸਿਟੀ (ਚੰਡੀਗੜ੍ਹ, ਮੋਹਾਲੀ ਅਤੇ ਪੰਚਕੂਲਾ) ‘ਚ ਮੈਟਰੋ ਪ੍ਰੋਜੈਕਟ ਦੀ ਦੋ ਬੋਗੀਆਂ ਨਾਲ ਸ਼ੁਰੂਆਤ ਕੀਤੀ ਜਾਵੇਗੀ। ਇਸ ਨੂੰ ਯਾਤਰੀਆਂ ਦੀ ਗਿਣਤੀ ਅਤੇ ਮੰਗ ਦੇ ਹਿਸਾਬ ਨਾਲ ਭਵਿੱਖ ‘ਚ ਵਧਾ ਕੇ ਚਾਰ ਬੋਗੀਆਂ ਕੀਤੀਆਂ ਜਾ ਸਕਦੀਆਂ ਹਨ।
ਇਸਦੇ ਨਾਲ ਹੀ ਮੈਟਰੋ ਦੇ ਸੰਚਾਲਨ ਅਤੇ ਰੱਖ-ਰਖਾਅ (O&M) ਦੀ ਇੱਕ ਵਿਸਤ੍ਰਿਤ ਵਿਸ਼ਲੇਸ਼ਣ ਰਿਪੋਰਟ ਤਿਆਰ ਕੀਤੀ ਜਾ ਰਹੀ ਹੈ, ਜਿਸ ‘ਚ ਸ਼ਹਿਰ ਦੀਆਂ ਪ੍ਰਮੁੱਖ ਸੜਕਾਂ, ਵਾਹਨਾਂ ਦੀ ਗਿਣਤੀ, ਆਵਾਜਾਈ ਦੀਆਂ ਸਥਿਤੀਆਂ ਅਤੇ ਭਵਿੱਖ ਵਿੱਚ ਵਿਸਥਾਰ ਦੀਆਂ ਸੰਭਾਵਨਾਵਾਂ ਦਾ ਡੂੰਘਾਈ ਨਾਲ ਅਧਿਐਨ ਕੀਤਾ ਜਾਵੇਗਾ।
ਚੰਡੀਗੜ੍ਹ ਪ੍ਰਸ਼ਾਸਨ ਦੇ ਇੱਕ ਸੀਨੀਅਰ ਅਧਿਕਾਰੀਦੇ ਮੁਤਾਕ ਇਹ ਰਿਪੋਰਟ ਮੈਟਰੋ ਸੰਚਾਲਨ ਨਾਲ ਸਬੰਧਤ ਵੱਖ-ਵੱਖ ਸੇਵਾਵਾਂ ਦਾ ਮੁਲਾਂਕਣ ਵੀ ਕਰੇਗੀ, ਜਿਸ ‘ਚ ਸਫਾਈ ਦਾ ਕੰਮ, ਬਿਜਲੀ ਸਪਲਾਈ, ਰੱਖ-ਰਖਾਅ ਅਤੇ ਹੋਰ ਬੁਨਿਆਦੀ ਸੇਵਾਵਾਂ ਸ਼ਾਮਲ ਹਨ। ਰਿਪੋਰਟ ਦੇ ਆਧਾਰ ‘ਤੇ ਇਨ੍ਹਾਂ ਸੇਵਾਵਾਂ ਦੇ ਖਰਚੇ ਅਤੇ ਲਾਗਤ ਦਾ ਵਿਸਤ੍ਰਿਤ ਮੁਲਾਂਕਣ ਕੀਤਾ ਜਾਵੇਗਾ। ਆਮਦਨ ਦੇ ਹੋਰ ਸਰੋਤ, ਟਿਕਟ ਦੇ ਕਿਰਾਏ ਨਿਰਧਾਰਤ ਕਰਨ ਤੋਂ ਲੈ ਕੇ ਗੈਰ-ਟਿਕਟ ਆਮਦਨੀ ਜਿਵੇਂ ਕਿ ਇਸ਼ਤਿਹਾਰਬਾਜ਼ੀ ਅਤੇ ਵਪਾਰਕ ਗਤੀਵਿਧੀਆਂ ਰਾਹੀਂ, ਇਸ ਨੂੰ ਵੀ ਰਿਪੋਰਟ ‘ਚ ਸ਼ਾਮਲ ਕੀਤਾ ਜਾਵੇਗਾ। ਸ਼ੁਰੂਆਤੀ ਪ੍ਰੋਜੈਕਟ ਦੇ ਤਹਿਤ ਮੈਟਰੋ ਸ਼ੁਰੂ ‘ਚ ਦੋ ਬੋਗੀਆਂ ਨਾਲ ਚੱਲੇਗੀ, ਪਰ ਭਵਿੱਖ ‘ਚ ਇਸਦੀ ਗਿਣਤੀ ਚਾਰ ਤੱਕ ਵਧਾਈ ਜਾ ਸਕਦੀ ਹੈ।