ਚੰਡੀਗੜ੍ਹ, 05 ਅਕਤੂਬਰ 2024: ਭਾਰਤ ਦੇ ਵਿਦੇਸ਼ ਮੰਤਰੀ ਡਾ. ਜੈਸ਼ੰਕਰ (Dr. Jaishankar) 15-16 ਅਕਤੂਬਰ ਨੂੰ ਐਸਸੀਓ ਬੈਠਕ ‘ਚ ਸ਼ਾਮਲ ਹੋਣ ਲਈ ਪਾਕਿਸਤਾਨ ਜਾਣਗੇ। ਜਿਕਰਯੋਗ ਹੈ ਕਿ ਪਿਛਲੇ 9 ਸਾਲਾਂ ‘ਚ ਕਿਸੇ ਭਾਰਤੀ ਮੰਤਰੀ ਦੀ ਪਾਕਿਸਤਾਨ ਦੀ ਇਹ ਪਹਿਲੀ ਯਾਤਰਾ ਹੋਵੇਗੀ।
ਪਾਕਿਸਤਾਨ ਜਾਣ ਦੇ ਸੰਬੰਧ ‘ਚ ਇੱਕ ਸਵਾਲ ‘ਤੇ ਉਨ੍ਹਾਂ ਕਿਹਾ ਕਿ “ਇਹ SCO ਬੈਠਕ ਇੱਕ ਬਹੁਪੱਖੀ ਸਮਾਗਮ ਹੈ ਅਤੇ ਮੈਂ ਭਾਰਤ-ਪਾਕਿਸਤਾਨ ਸਬੰਧਾਂ ‘ਤੇ ਚਰਚਾ ਨਹੀਂ ਕਰਨ ਜਾ ਰਿਹਾ। ਮੈਂ ਉੱਥੇ ਸ਼ੰਘਾਈ ਸਹਿਯੋਗ ਸੰਗਠਨ ਦੇ ਇੱਕ ਚੰਗੇ ਮੈਂਬਰ ਵਜੋਂ ਜਾ ਰਿਹਾ ਹਾਂ। ਕਿਉਂਕਿ ਮੈਂ ਇੱਕ ਨਿਮਰ ਵਿਅਕਤੀ ਹਾਂ, ਮੈਂ ਉਸੇ ਮੁਤਾਬਕ ਵਿਵਹਾਰ ਕਰਾਂਗਾ।
ਵਿਦੇਸ਼ ਮੰਤਰੀ ਐਸ ਜੈਸ਼ੰਕਰ (Dr. Jaishankar) ਨੇ ਸਾਬਕਾ ਗ੍ਰਹਿ ਮੰਤਰੀ ਸਰਦਾਰ ਪਟੇਲ ਦੀ ਪਾਕਿਸਤਾਨ ਨੀਤੀ ਦੀ ਤਾਰੀਫ਼ ਕੀਤੀ। ਉਨ੍ਹਾਂ ਕਿਹਾ, ‘ਸਰਦਾਰ ਪਟੇਲ ਸੰਯੁਕਤ ਰਾਸ਼ਟਰ ਜਾਣ ਦੇ ਵਿਰੁੱਧ ਸਨ। ਉਨ੍ਹਾਂ ਨੇ ਜੂਨਾਗੜ੍ਹ, ਹੈਦਰਾਬਾਦ ਰਿਆਸਤ ਦੇ ਮਾਮਲੇ ‘ਚ ਵੀ ਇਸ ਦਾ ਵਿਰੋਧ ਕੀਤਾ ਸੀ। ਉਹ ਇਸ ਗੱਲ ‘ਤੇ ਬਹੁਤ ਸਾਫ ਸਨ ਕਿ ਭਾਰਤ ਨੂੰ ਆਪਣੇ ਮੁੱਦੇ ਦੂਜੀਆਂ ਸ਼ਕਤੀਆਂ ‘ਤੇ ਨਹੀਂ ਛੱਡਣੇ ਚਾਹੀਦੇ। ਸਾਡੇ ਸਾਰਿਆਂ ਲਈ ਅਫ਼ਸੋਸ ਦੀ ਗੱਲ ਹੈ ਕਿ ਉਸ ਦੀ ਸਾਵਧਾਨੀ ਨੂੰ ਨਜ਼ਰਅੰਦਾਜ਼ ਕੀਤਾ ਗਿਆ ਸੀ।
‘ਜੰਮੂ-ਕਸ਼ਮੀਰ ਸਵਾਲ’ ਦੇ ਤੌਰ ‘ਤੇ ਜੋ ਸ਼ੁਰੂ ਹੋਇਆ, ਉਹ ਆਸਾਨੀ ਨਾਲ ਭਾਰਤ ਅਤੇ ਪਾਕਿਸਤਾਨ ਦੇ ਸਵਾਲ ‘ਚ ਬਦਲ ਗਿਆ। ਇਸ ਮਾਮਲੇ ਨੂੰ ਸੰਯੁਕਤ ਰਾਸ਼ਟਰ ‘ਚ ਲਿਜਾਣ ਦੀ ਦੀ ਝਿਜਕ ਉਨ੍ਹਾਂ ਦੇ ਇਸ ਵਿਸ਼ਵਾਸ ਤੋਂ ਆਈ ਸੀ ਕਿ ਪਾਕਿਸਤਾਨ ਨੂੰ ਹੇਰਾਫੇਰੀ ਕਰਨ ਦੀ ਇਜਾਜ਼ਤ ਦੇਣ ਦੀ ਬਜਾਏ ਪਾਕਿਸਤਾਨ ਨਾਲ ਸਿੱਧੇ ਤੌਰ ‘ਤੇ ਨਜਿੱਠਣਾ ਬਿਹਤਰ ਸੀ। ਕਿਸੇ ਹੋਰ ਗੁਆਂਢੀ ਵਾਂਗ ਭਾਰਤ ਪਾਕਿਸਤਾਨ ਨਾਲ ਚੰਗੇ ਸਬੰਧ ਬਣਾਉਣਾ ਚਾਹੁੰਦਾ ਹੈ, ਪਰ ਸਰਹੱਦ ਪਾਰ ਅੱ.ਤ.ਵਾ.ਦ ਨੂੰ ਨਜ਼ਰਅੰਦਾਜ਼ ਕਰਕੇ ਨਹੀਂ। ਸਰਦਾਰ ਪਟੇਲ ਵੀ ਮੰਨਦੇ ਸਨ ਕਿ ਯਥਾਰਥਵਾਦ ਸਾਡੀ ਨੀਤੀ ਦਾ ਆਧਾਰ ਹੋਣਾ ਚਾਹੀਦਾ ਹੈ।
ਵਿਦੇਸ਼ ਮੰਤਰੀ ਨੇ ਦਿੱਲੀ ‘ਚ ਆਈਸੀ ਸੈਂਟਰ ਫਾਰ ਗਵਰਨੈਂਸ ਦੁਆਰਾ ਕਰਵਾਏ ਸਰਦਾਰ ਪਟੇਲ ਲੈਕਚਰ ‘ਚ ਸ਼ਿਰਕਤ ਕੀਤੀ ਸੀ। ਇਸ ਦੌਰਾਨ ਉਨ੍ਹਾਂ ਨੇ ਮੱਧ ਪੂਰਬ ਦੀ ਸਥਿਤੀ ‘ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਸਥਿਤੀ ਅਸਲ ‘ਚ ਚਿੰਤਾਜਨਕ ਹੈ। ਇਸ ਦਾ ਸਾਡੇ ਉੱਤੇ ਵੀ ਅਸਰ ਪਵੇਗਾ। ਜੈਸ਼ੰਕਰ ਨੇ ਕਿਹਾ ਕਿ ਮੈਂ ਇਮਾਨਦਾਰੀ ਨਾਲ ਕਹਾਂਗਾ, ਭਾਵੇਂ ਸੰਘਰਸ਼ ਯੂਕਰੇਨ ‘ਚ ਹੋਵੇ ਜਾਂ ਮੱਧ ਪੂਰਬ ਅਤੇ ਪੱਛਮੀ ਏਸ਼ੀਆ ‘ਚ… ਇਸ ਨਾਲ ਅਸਥਿਰਤਾ ਵਧੇਗੀ। ਮੈਨੂੰ ਲੱਗਦਾ ਹੈ ਕਿ ਭਾਰਤ ਸਮੇਤ ਪੂਰੀ ਦੁਨੀਆ ਇਸ ਨੂੰ ਲੈ ਕੇ ਚਿੰਤਤ ਹੈ।