Mohinder Bhagat

ਮਹਿੰਦਰ ਭਗਤ ਨੇ ਪੰਜਾਬ ਕੈਬਿਨਟ ਮੰਤਰੀ ਵਜੋਂ ਅਹੁਦਾ ਸੰਭਾਲਿਆ, ਮਿਲੇ ਇਹ ਵਿਭਾਗ

ਚੰਡੀਗੜ੍ਹ, 27 ਸਤੰਬਰ 2024: ਪੰਜਾਬ ਕੈਬਿਨਟ ‘ਚ ਪੰਜ ਨਵੇਂ ਮੰਤਰੀਆਂ ਦੀ ਐਂਟਰੀ ਹੋਈ ਹੈ | ਅੱਜ ਜਲੰਧਰ ਪੱਛਮੀ ਤੋਂ ਨਵ-ਨਿਯੁਕਤ ਵਿਧਾਇਕ ਮਹਿੰਦਰ ਭਗਤ (Mohinder Bhagat) ਨੇ ਪੰਜਾਬ ਦੇ ਕੈਬਿਨਟ ਮੰਤਰੀ ਵਜੋਂ ਅਹੁਦਾ ਸਾਂਭ ਲਿਆ ਹੈ | ਮੁੱਖ ਮੰਤਰੀ ਭਗਵੰਤ ਮਾਨ ਨੇ ਮਹਿੰਦਰ ਭਗਤ ਨੂੰ ਰੱਖਿਆ ਸੇਵਾਵਾਂ ਭਲਾਈ, ਸੁਤੰਤਰਤਾ ਸੈਨਾਨੀ, ਅਤੇ ਬਾਗਬਾਨੀ ਵਿਭਾਗ ਦੀ ਜ਼ਿੰਮੇਵਾਰੀ ਦਿੱਤੀ ਹੈ |

ਮਹਿੰਦਰ ਭਗਤ (Mohinder Bhagat) ਦੇ ਅਹੁਦਾ ਸਾਂਭਣ ਮੌਕੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ, ਕੈਬਿਨਟ ਮੰਤਰੀ ਲਾਲ ਚੰਦ ਕਟਾਰੂਚੱਕ, ਸਿਹਤ ਮੰਤਰੀ ਡਾ: ਬਲਬੀਰ ਸਿੰਘ, ਕੈਬਿਨਟ ਮੰਤਰੀ ਬਰਿੰਦਰ ਕੁਮਾਰ ਗੋਇਲ, ਕੈਬਿਨਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਧ, ਕੈਬਿਨਟ ਮੰਤਰੀ ਹਰਦੀਪ ਸਿੰਘ ਮੁੰਡੀਆਂ, ਸਰਕਾਰੀ ਅਧਿਕਾਰੀਆਂ, ਪਰਿਵਾਰਕ ਮੈਂਬਰ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਰਹੇ |

ਕੈਬਿਨਟ ਮੰਤਰੀ ਮਹਿੰਦਰ ਭਗਤ ਨੇ ਇਸ ਖ਼ਾਸ ਮੌਕੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਧੰਨਵਾਦ ਕੀਤਾ ਹੈ । ਉਨ੍ਹਾਂ ਪੰਜਾਬ ਦੇ ਵਿਕਾਸ ਅਤੇ ਖੁਸ਼ਹਾਲੀ ਨੂੰ ਵਧਾਉਣ ਲਈ ਪੰਜਾਬ ਸਰਕਾਰ ਦੇ ਯਤਨਾਂ ‘ਚ ਆਪਣੇ ਵਿਸ਼ਾਲ ਤਜ਼ਰਬੇ ਅਤੇ ਲੋਕ ਸੇਵਾ ਦੇ ਜਨੂੰਨ ਨਾਲ ਅਹਿਮ ਯੋਗਦਾਨ ਪਾਉਣ ਦਾ ਵਾਅਦਾ ਕੀਤਾ।

ਇਸ ਮੌਕੇ ਮਹਿੰਦਰ ਭਗਤ ਨੇ ਸੈਨਿਕਾਂ, ਸਾਬਕਾ ਸੈਨਿਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਦਿੱਤੀ ਜਾ ਰਹੀ ਪਹਿਲ ਬਾਰੇ ਪੱਤਰਕਾਰਾਂ ਨਾਲ ਜਾਣਕਾਰੀ ਸਾਂਝੀ ਕੀਤੀ ਹੈ । ਉਨ੍ਹਾਂ ਸੁਤੰਤਰਤਾ ਸੰਗਰਾਮ ‘ਚ ਹਿੱਸਾ ਲੈਣ ਵਾਲੇ ਆਜ਼ਾਦੀ ਘੁਲਾਟੀਆਂ ਦੀਆਂ ਕੁਰਬਾਨੀਆਂ ਦਾ ਸਨਮਾਨ ਕਰਨ ਦਾ ਅਹਿਦ ਵੀ ਕੀਤਾ। ਉਨ੍ਹਾਂ ਕਿਹਾ ਕਿ ਖੁਸ਼ਹਾਲ ਭਵਿੱਖ ਨੂੰ ਯਕੀਨੀ ਬਣਾਉਣ ਲਈ ਖੇਤੀਬਾੜੀ ‘ਚ ਵਿਭਿੰਨਤਾ ਜ਼ਰੂਰੀ ਹੈ, ਇਸ ਲਈ ਉਹ ਪੰਜਾਬ ਦੇ ਬਾਗਬਾਨੀ ਖੇਤਰ ਨੂੰ ਉਤਸ਼ਾਹਿਤ ਕਰਕੇ ਕਿਸਾਨਾਂ ਅਤੇ ਖੇਤੀਬਾੜੀ ਨਾਲ ਜੁੜੇ ਹੋਰਨਾਂ ਦੀ ਆਮਦਨ ਵਧਾਉਣ ਲਈ ਹਰ ਸੰਭਵ ਯਤਨ ਕਰਨਗੇ।

Scroll to Top