Punjab government

ਪੰਜਾਬ ਸਰਕਾਰ ਵੱਲੋਂ ਡਾ. ਬੀ.ਆਰ. ਅੰਬੇਦਕਰ ਭਵਨਾਂ ਦੀ ਮੁਰੰਮਤ ਲਈ 2 ਕਰੋੜ ਰੁਪਏ ਜਾਰੀ

ਚੰਡੀਗੜ੍ਹ, 25 ਸਤੰਬਰ 2024: ਪੰਜਾਬ ਸਰਕਾਰ (Punjab Government) ਨੇ ਡਾ. ਬੀ.ਆਰ. ਅੰਬੇਦਕਰ ਭਵਨਾਂ ਦੀ ਮੁਰੰਮਤ ਅਤੇ ਰੱਖ-ਰਖਾਅ ਲਈ 2 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਮੰਤਰੀ ਡਾ.ਬਲਜੀਤ ਕੌਰ ਨੇ ਦੱਸਿਆ ਕਿ ਪੰਜਾਬ ਦੇ 6 ਜ਼ਿਲ੍ਹਿਆਂ ‘ਚ ਸਥਾਪਿਤ ਡਾ. ਬੀ.ਆਰ. ਅੰਬੇਦਕਰ ਭਵਨਾਂ ਦੀ ਮੁਰੰਮਤ ਅਤੇ ਰੱਖ ਰਖਾਅ ਲਈ ਸਾਲ 2024-25 ਵਾਸਤੇ 2 ਕਰੋੜ ਦੀ ਰਾਸ਼ੀ ਜਾਰੀ ਕੀਤੀ ਹੈ।

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡਾ.ਬਲਜੀਤ ਕੌਰ ਨੇ ਦੱਸਿਆ ਕਿ ਇਸ ਕੰਮ ਲਈ ਵੱਖ-ਵੱਖ ਜ਼ਿਲ੍ਹਿਆਂ ਦੇ ਅੰਬੇਡਕਰ ਭਵਨਾਂ ਲਈ ਅੰਮ੍ਰਿਤਸਰ ਲਈ 30 ਲੱਖ ਰੁਪਏ, ਫਿਰੋਜ਼ਪੁਰ ਲਈ 30.85 ਲੱਖ ਰੁਪਏ, ਪਟਿਆਲਾ ਲਈ 50 ਲੱਖ ਰੁਪਏ, ਸੰਗਰੂਰ ਲਈ 20.50 ਲੱਖ ਰੁਪਏ, ਫਰੀਦਕੋਟ ਲਈ 23.47 ਲੱਖ ਰੁਪਏ ਅਤੇ ਰੂਪਨਗਰ ਲਈ 45.18 ਲੱਖ ਰੁਪਏ ਜਾਰੀ ਕੀਤੇ ਹਨ |

ਕੈਬਨਿਟ ਮੰਤਰੀ ਨੇ ਦੱਸਿਆ ਕਿ ਪੰਜਾਬ ਸਰਕਾਰ (Punjab Government)  ਵੱਲੋਂ ਹਰ ਜ਼ਿਲ੍ਹੇ ‘ਚ ਡਾ. ਬੀ. ਆਰ. ਅੰਬੇਦਕਰ ਭਵਨ ਸਥਾਪਿਤ ਕਰਨ ਦਾ ਫੈਸਲਾ ਲਿਆ ਸੀ ਤਾਂ ਜੋ ਅਨੁਸੂਚਿਤ ਜਾਤੀਆਂ, ਪੱਛੜੀਆਂ ਸ੍ਰੇਣੀਆਂ ਅਤੇ ਹੋਰ ਗਰੀਬ ਵਰਗ ਦੇ ਲੋਕਾਂ ਲਈ ਸਿੰਗਲ ਵਿੰਡੋਂ ਇੱਕ ਛੱਤ ਹੇਠ ਸਹੂਲਤਾਂ ਮੁਹੱਈਆ ਕਰਵਾਈਆ ਜਾ ਸਕਣ।

ਉਨ੍ਹਾਂ ਕਿਹਾ ਕਿ ਹੁਣ ਤੱਕ 17 ਜ਼ਿਲ੍ਹਿਆਂ ‘ਚ ਡਾ.ਬੀ.ਆਰ ਅੰਬੇਦਕਰ ਭਵਨ ਦੀ ਸਥਾਪਨਾ ਕੀਤੀ ਗਈ ਹੈ। ਬਾਕੀ ਰਹਿੰਦੇ ਛੇ ਜ਼ਿਲ੍ਹਿਆਂ ‘ਚੋਂ ਐਸ.ਏ.ਐਸ.ਨਗਰ, ਬਰਨਾਲਾ ਅਤੇ ਮਲੇਰਕੋਟਲਾ ਵਿੱਚ ਡਾ. ਅੰਬੇਦਕਰ ਭਵਨ ਸਥਾਪਤ ਕਰਨ ਲਈ ਜ਼ਮੀਨ ਦਾ ਪ੍ਰਬੰਧ ਕਰਨ ਲਈ ਉਪਰਾਲੇ ਕੀਤੇ ਜਾ ਰਹੇ ਹਨ, ਜਦਕਿ ਪਠਾਨਕੋਟ, ਤਰਨ ਤਾਰਨ ਅਤੇ ਫਾਜਿਲਕਾ ਵਿਖੇ ਜ਼ਮੀਨ ਦਾ ਪ੍ਰਬੰਧ ਹੋ ਚੁੱਕਾ ਹੈ।

ਉਨ੍ਹਾਂ ਨੇ ਡਾ.ਬੀ.ਆਰ.ਅੰਬੇਦਕਰ ਇਮਾਰਤਾਂ ਦੀ ਮੁਰੰਮਤ ਅਤੇ ਰੱਖ-ਰਖਾਅ ਲਈ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਸਰਕਾਰੀ ਕੰਮਾਂ ‘ਚ ਪਾਰਦਰਸ਼ਤਾ ਅਤੇ ਗੁਣਵੱਤਾ ਨੂੰ ਯਕੀਨੀ ਬਣਾਉਣ ਅਤੇ ਵਿੱਤੀ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕੀਤੀ ਜਾਵੇ।

Scroll to Top