ਪਠਾਨਕੋਟ 24 ਸਤੰਬਰ 2024 : ਬੀਤੇ ਦਿਨ ਥਾਣਾ ਡਿਵੀਜ਼ਨ ਨੰਬਰ 2 ਅਧੀਨ ਪੈਂਦੇ ਇਲਾਕੇ ਵਿੱਚ ਨਸ਼ੇ ਦੀ ਓਵਰਡੋਜ਼ ਕਾਰਨ 25 ਸਾਲਾ ਨੌਜਵਾਨ ਦੀ ਮੌਤ ਹੋ ਗਈ| ਮੌਤ ਹੋਣ ਦੇ ਮਾਮਲੇ ਵਿੱਚ ਪੁਲਿਸ ਨੇ ਮ੍ਰਿਤਕ ਦੀ ਮਾਤਾ ਦੇ ਬਿਆਨਾਂ ਦੇ ਆਧਾਰ ’ਤੇ ਅਣਪਛਾਤੇ ਨੌਜਵਾਨਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਨੌਜਵਾਨ ਦੀ ਮਾਂ ਅੰਜੂ ਨੇ ਪੁਲਿਸ ਕੋਲ ਆਪਣੇ ਬਿਆਨ ਦਰਜ ਕਰਵਾਏ ਕਿ ਉਸ ਦਾ ਲੜਕਾ ਅਸ਼ੀਸ਼ ਮਾੜੀ ਸੰਗਤ ਵਿੱਚ ਪੈ ਜਾਣ ਕਾਰਨ ਨਸ਼ੇ ਦਾ ਆਦੀ ਹੋ ਗਿਆ ਸੀ। ਜਿਸ ਕਾਰਨ ਕੁਝ ਅਣਪਛਾਤੇ ਵਿਅਕਤੀ ਉਸ ਦੇ ਲੜਕੇ ਨੂੰ ਹੈਰੋਇਨ ਦਾ ਸੇਵਨ ਕਰਨ ਲਈ ਮਜਬੂਰ ਕਰਦੇ ਸਨ। ਇਸ ਕਾਰਨ ਉਸ ਦਾ ਲੜਕਾ 21 ਸਤੰਬਰ ਨੂੰ ਘਰੋਂ ਚਲਾ ਗਿਆ ਅਤੇ ਰਾਤ ਤੱਕ ਘਰ ਵਾਪਸ ਨਹੀਂ ਆਇਆ। ਇਸ ਤੋਂ ਬਾਅਦ ਮੁਹੱਲੇ ਦੇ ਲੜਕਿਆਂ ਨੇ ਉਸ ਨੂੰ ਦੱਸਿਆ ਕਿ ਉਨ੍ਹਾਂ ਦਾ ਲੜਕਾ ਸਿਵਲ ਹਸਪਤਾਲ ‘ਚ ਦਾਖਲ ਹੈ। ਉਹ ਤੁਰੰਤ ਸਿਵਲ ਹਸਪਤਾਲ ਦੀ ਐਮਰਜੈਂਸੀ ’ਚ ਪਹੁੰਚਿਆ, ਜਿੱਥੇ ਉਸ ਦੇ ਲੜਕੇ ਦੀ ਤਬੀਅਤ ਖਰਾਬ ਹੋਣ ਕਾਰਨ ਉਸ ਨੂੰ ਨਿੱਜੀ ਹਸਪਤਾਲ ਲਿਜਾਇਆ ਗਿਆ। ਇੱਥੇ ਡਾਕਟਰ ਨੇ ਉਸ ਦੇ ਪੁੱਤਰ ਨੂੰ ਮ੍ਰਿਤਕ ਐਲਾਨ ਦਿੱਤਾ।
ਮਾਂ ਦਾ ਦੋਸ਼ ਹੈ ਕਿ ਉਸ ਨੂੰ ਯਕੀਨ ਹੈ ਕਿ ਉਸ ਦੇ ਪੁੱਤਰ ਦੀ ਮੌਤ ਨਸ਼ੇ ਦੀ ਓਵਰਡੋਜ਼ ਕਾਰਨ ਹੋਈ ਹੈ, ਜੋ ਕਿ ਅਣਪਛਾਤੇ ਲੋਕਾਂ ਵੱਲੋਂ ਪੁੱਤਰ ਨੂੰ ਦਿੱਤੀ ਗਈ ਸੀ। ਥਾਣਾ ਡਿਵੀਜ਼ਨ ਨੰਬਰ 2 ਦੀ ਪੁਲੀਸ ਨੇ ਮਾਂ ਦੀ ਸ਼ਿਕਾਇਤ ’ਤੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਵਰਨਣਯੋਗ ਹੈ ਕਿ ਉਕਤ ਨੌਜਵਾਨ ਦੇ ਪਿਤਾ ਦੀ ਦਸ ਸਾਲ ਪਹਿਲਾਂ ਇਕ ਹਾਦਸੇ ਵਿਚ ਮੌਤ ਹੋ ਗਈ ਸੀ ਅਤੇ ਉਹ ਆਪਣੇ ਪਰਿਵਾਰ ਦਾ ਇਕਲੌਤਾ ਪੁੱਤਰ ਸੀ ਅਤੇ ਉਸ ਦੀ ਵੀ ਮੌਤ ਹੋ ਗਈ ਸੀ। ਇਸ ਕਾਰਨ ਉਸ ਦੀ ਮਾਂ ਘਰ ਵਿਚ ਇਕੱਲੀ ਰਹਿ ਗਈ ਹੈ।