10 Lok Sabha

ਬਦਲੇ ਹੋਏ ਸਿਆਸੀ ਹਾਲਤਾਂ ‘ਚ ਸ਼੍ਰੋਮਣੀ ਅਕਾਲੀ ਦਲ ਸਾਹਮਣੇ ਚੁਣੌਤੀਆਂ ‘ਤੇ ਸੰਕਟ

15 ਸਤੰਬਰ 2024: ਇਸ ਵੇਲੇ ਦੇਸ਼ ਦੀ ਸਭ ਤੋਂ ਪੁਰਾਣੀ ਸੂਬਾਈ ਪਾਰਟੀ ਸ਼੍ਰੋਮਣੀ ਅਕਾਲੀ ਦਲ ਆਪਣੇ ਸਭ ਤੋਂ ਮਾੜੇ ਸਮੇਂ ਵਿੱਚੋਂ ਗੁਜਰ ਰਹੀ ਹੈ। ਸ਼੍ਰੋਮਣੀ ਅਕਾਲੀ ਦਲ ਦਾ ਮੌਜੂਦਾ ਨਿਘਾਰ ਉਸ ਦੀਆਂ ਵਧ ਰਹੀਆਂ ਅਦਰੂਨੀ ਅਤੇ ਬਾਹਰੀ ਚੁਣੌਤੀਆਂ ਨੂੰ ਜੱਗ ਜਾਹਿਰ ਕਰਦਾ ਦਿਖਾਈ ਦੇ ਰਿਹਾ ਹੈ ।

ਸਭ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੀਆਂ ਅੰਦਰੂਨੀ ਚੁਣੌਤੀਆਂ ਦੀ ਗੱਲ ਕਰੀਏ ਤਾਂ ਮੌਜੂਦਾ ਸਮੇਂ ਵਿੱਚ ਲੀਡਰਸ਼ਿਪ ਖੜੋਤ ਅਕਾਲੀ ਦਲ ਲਈ ਗੰਭੀਰ ਵਿਸ਼ਾ ਬਣੀ ਹੋਈ ਹੈ। ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਨੂੰ 2017 ਦੀ ਹਾਰ ਤੋਂ ਬਾਅਦ ਬਦਲਣ ਦੀ ਮੰਗ ਮੱਧਮ ਜ਼ੁਬਾਨ ਵਿੱਚ ਉੱਠਣੀ ਸ਼ੁਰੂ ਹੋਈ । ਪਾਰਟੀ ਪ੍ਰਧਾਨ ਬਦਲਣ ਦੀ ਉੱਚੀ ਆਵਾਜ ਕਰਕੇ ਹੋਕਾ ਦਿੱਤਾ ਜਾਵੇ ਕਿਸੇ ਲੀਡਰ ਦੀ ਪਾਰਟੀ ਵਿੱਚ ਜੁਰਤ ਇਸ ਕਰਕੇ ਨਹੀਂ ਪਈ ਕਿਉ ਕਿ ਉਸ ਵੇਲੇ ਤੱਕ ਪੂਰਨ ਕਾਬਜ ਰੂਪ ਵਿੱਚ ਬਾਦਲ ਪਰਿਵਾਰ ਜਾਂ ਉਸ ਦੇ ਸਮਰਥਕ ਨੇਤਾ ਬੈਠੇ ਸਨ ਜਿਨ੍ਹਾਂ ਵਿੱਚ ਅੱਜ ਬਣੀ ਸੁਧਾਰ ਲਹਿਰ ਦੇ ਕਈ ਨੇਤਾ ਵੀ ਸ਼ਾਮਿਲ ਰਹੇ।

ਇਸ ਵੇਲੇ ਅਕਾਲੀ ਦਲ ਦੇ ਇਕ ਧੜੇ ਵੱਲੋ ਜੋਰ ਸ਼ੋਰ ਨਾਲ ਮੁੜ ਮੰਗ ਨੂੰ ਚੁੱਕਿਆ ਗਿਆ ਪਰ ਪ੍ਰਧਾਨਗੀ ਪਦ ਤੋਂ ਸੁਖਬੀਰ ਸਿੰਘ ਬਾਦਲ ਨੂੰ ਪਾਸੇ ਨਾ ਕਰਨ ਦੀ ਸੂਰਤ ਵਿੱਚ ਇੱਕ ਵੱਖਰਾ ਧੜਾ ਬਣਾ ਕੇ ਸੁਖਬੀਰ ਸਿੰਘ ਬਾਦਲ ਵਾਲੇ ਵੱਡੇ ਅਕਾਲੀ ਦਲ ਦੇ ਧੜੇ ਸਾਹਮਣੇ ਵੱਡੀ ਚੁਣੌਤੀ ਪੇਸ਼ ਕੀਤੀ। ਸੰਤ ਫ਼ਤਹਿ ਸਿੰਘ ਗਰੁੱਪ ਅਤੇ ਮਾਸਟਰ ਤਾਰਾ ਸਿੰਘ ਧੜਿਆਂ ਦੀ ਆਪਸੀ ਖਿਚੋਤਾਣ ਤੋਂ ਬਾਅਦ ਜੇਕਰ ਅਕਾਲੀ ਦਲ ਦਾ ਸਭ ਤੋਂ ਵੱਡਾ ਵਿਭਾਜਨ ਹੋਇਆ ਤਾਂ ਇਸ ਵੇਲੇ ਹੋਇਆ ਹੈ। ਇਸ ਤੋਂ ਪਹਿਲਾਂ ਬਰਨਾਲਾ ਧੜੇ ਨਾਲ ਪ੍ਰਕਾਸ ਸਿੰਘ ਬਾਦਲ ਧੜੇ ਦੇ ਸਿਆਸੀ ਕਲੇਸ਼ ਵੇਲੇ ਵੀ ਅਕਾਲੀ ਲੀਡਰਸ਼ਿਪ ਦੇ ਮਤਭੇਦ ਕਦੇ ਮਨ ਭੇਦ ਵਿੱਚ ਨਹੀਂ ਬਦਲੇ ਸਨ।

ਸੁਖਬੀਰ ਸਿੰਘ ਬਾਦਲ ਵਾਲੇ ਧੜੇ ਨੂੰ ਚੁਣੌਤੀ

ਇਸ ਵੇਲੇ ਪ੍ਰਮੁੱਖ ਰੂਪ ਵਿੱਚ ਅਕਾਲੀ ਦਲ ਵਿੱਚ ਪੰਜ ਵੱਡੇ ਧੜੇ ਨੇ ਜਿਹੜੇ ਅਕਾਲੀ ਸਿਆਸਤ ਨੂੰ ਕੰਟਰੋਲ ਕਰਦੇ ਹਨ। ਜਿੰਨਾ ਵਿੱਚ ਹਾਲੇ ਵੀ ਬਿਖਰਦੇ ਹੋਏ ਬਾਦਲ ਪਰਿਵਾਰ ਨਾਲ ਜੁੜਿਆ ਧੜਾ ਵੱਡੇ ਰੂਪ ਵਿੱਚ ਬੈਠਾ ਹੋਇਆ ਹੈ । ਇਸ ਤੋਂ ਇਲਾਵਾ ਪ੍ਰੋ ਪ੍ਰੇਮ ਸਿੰਘ ਚੰਦੂਮਾਜਰਾ ਦਾ ਧੜਾ ਸੁਖਬੀਰ ਸਿੰਘ ਬਾਦਲ ਵਾਲੇ ਧੜੇ ਨੂੰ ਚੁਣੌਤੀ ਪੇਸ਼ ਕਰਦਾ ਹੈ। ਬਿਕਰਮ ਮਜੀਠੀਆ ਦਾ ਧੜਾ ਵੀ ਨਿੱਤ ਦਿਨ ਵਧਦਾ ਜਾ ਰਿਹਾ ਹੈ ਪਰ ਇਸ ਪੂਰੇ ਮੌਜੂਦਾ ਸਿਆਸੀ ਕਾਟੋ ਕਲੇਸ਼ ਤੋਂ ਓਹਨਾ ਦੀ ਦੂਰੀ ਸਿਆਸੀ ਸਮਝ ਦੀ ਉਦਾਹਰਨ ਪੇਸ਼ ਕਰਦਾ ਹੈ ।
ਮਾਲਵੇ ਵਿੱਚ ਢੀਂਡਸਾ ਪਰਿਵਾਰ ਦਾ ਧੜਾ ਅਤੇ ਦੁਆਬੇ ਵਿੱਚ ਬੀਬੀ ਜਗੀਰ ਕੌਰ ਦਾ ਧੜਾ ਅਕਾਲੀ ਸਿਆਸਤ ਨੂੰ ਕਿਸੇ ਹੱਦ ਤੱਕ ਜ਼ਰੂਰ ਪ੍ਰਭਾਵਿਤ ਕਰਨ ਦਾ ਦਮ ਖਮ ਰੱਖਦਾ।

ਅਕਾਲੀ ਦਲ ‘ਚ ਇੱਕ ਵੱਡੇ ਧੜੇ ਦੀ ਨੁਮਾਇੰਦਗੀ

ਇਸ ਤੋਂ ਇਲਾਵਾ ਮਨਪ੍ਰੀਤ ਇਯਾਲੀ ਦੀ ਮੌਜੂਦਾ ਸਮੇਂ ਵਿੱਚ ਤੰਗ ਦਿਲੀ ਵਾਲੀ ਸਿਆਸਤ ਬੜੇ ਮਾਇਨੇ ਦੇ ਰੂਪ ਵਿਚ ਉਭਾਰ ਲੈ ਚੁੱਕੀ ਹੈ। ਇਸ ਤੋਂ ਬਿਨਾਂ ਅਕਾਲੀ ਦਲ ਕੋਲ ਅਜਿਹਾ ਕੋਈ ਵੀ ਲੀਡਰ ਨਹੀਂ ਬਚਿਆ ਜਿਹੜਾ ਆਪਣੇ ਜਿਲੇ ਜਾਂ ਹਲਕੇ ਤੋ ਬਾਹਰ ਵੱਡੀ ਤਾਕਤ ਰੱਖਦਾ ਹੋਵੇ। ਬਲਵਿੰਦਰ ਭੂੰਦੜ ਨੇ ਕਦੇ ਧੜੇ ਦੀ ਸਿਆਸਤ ਨਹੀਂ ਕੀਤੀ ਓਹਨਾ ਨੇ ਹਮੇਸ਼ਾ ਹੀ ਪਾਰਟੀ ਵਿੱਚ ਤਾਕਤਵਰ ਧੜੇ ਦੀ ਪਿੱਠ ਥਾਪੜੀ। ਡਾਕਟਰ ਦਲਜੀਤ ਚੀਮਾ ਬੇਸ਼ਕ ਇਸ ਵੇਲੇ ਅਕਾਲੀ ਦਲ ਵਿੱਚ ਇੱਕ ਵੱਡੇ ਧੜੇ ਦੀ ਨੁਮਾਇੰਦਗੀ ਕਰਨ ਵਾਲਿਆਂ ਦੇ ਸਿਲਪ ਸਲਾਹਕਾਰ ਅਤੇ ਰਣਨੀਤਿਕ ਤੌਰ ਤੇ ਬਿਰਾਜਮਾਨ ਹਨ ਪਰ ਓਹ ਵੀ ਧੜੇ ਦੇ ਤੌਰ ਤੇ ਹਲਕੇ ਤੱਕ ਸੀਮਤ ਹਨ ਅਤੇ ਦਫ਼ਤਰੀ ਪਾਵਰ ਕਰਕੇ ਸਿਆਸੀ ਕਾਬਜ ਹੋਣ ਦਾ ਜਰੂਰ ਫਾਇਦਾ ਮਿਲਦਾ ਰਿਹਾ । ਇਸ ਤੋਂ ਇਲਾਵਾ ਮਹੇਸ਼ਇੰਦਰ ਸਿੰਘ ਗਰੇਵਾਲ ਹੋਣ ਜਾਂ ਹੀਰਾ ਸਿੰਘ ਗਾਬੜੀਆ ਦੀ ਗੱਲ ਕਰੀਏ ਤਜੁਰਬੇ ਪੱਖ ਤੋਂ ਸਿਆਸੀ ਹੁੰਕਾਰ ਜੁਰੁਰ ਭਰਦੇ ਹਨ ਪਰ ਧੜੇ ਦੀ ਸਿਆਸਤ ਸਿਫ਼ਰ ਦੇ ਲਗਭਗ ਹੈ।

ਸੁਖਬੀਰ ਸਿੰਘ ਬਾਦਲ ਕੇਂਦਰੀ ਕੈਬਨਿਟ ਮੰਤਰੀ ਬਣਦੇ

ਜੇਕਰ ਹੁਣ ਬਾਹਰੀ ਚੁਣੌਤੀਆਂ ਦੀ ਗੱਲ ਕਰੀਏ ਤਾਂ ਹਮੇਸ਼ਾ ਹੀ ਹੁਣ ਤਕ ਇਤਿਹਾਸਿਕ ਤੌਰ ਤੇ ਅਕਾਲੀ ਦਲ ਦੇ ਬਾਗੀ ਧੜੇ ਨੂੰ ਸਮੇਂ ਸਮੇਂ ਤੇ ਕਾਂਗਰਸ ਦੇ ਏਜੰਟ ਕਹਿ ਕੇ ਵੱਡਾ ਧੜਾ ਹਮਲਾਵਰ ਰਿਹਾ। ਪਰ ਇਹ ਪਹਿਲੀ ਵਾਰ ਸੀ ਕਿ ਜਿਸ ਬੀਜੇਪੀ ਨਾਲ ਅਕਾਲੀ ਦਲ ਹੁਣ ਤੱਕ ਨਹੁ ਮਾਸ ਵਾਲਾ ਰਿਸ਼ਤਾ ਹੋਣ ਦਾ ਦਾਅਵਾ ਕਰਦਾ ਰਿਹਾ, ਤਾਂ ਬਾਗੀ ਧੜੇ ਨੂੰ ਓਹਨਾ ਦੇ ਏਜੰਟ ਕਹਿਣਾ ਆਪਣੇ ਤੌਰ ਤੇ ਸਿਆਸੀ ਬੇਸਮਝੀ ਦੀ ਉਦਾਹਰਨ ਪੇਸ਼ ਕਰਦਾ ਹੈ। ਜਿਸ ਬੀਜੇਪੀ ਨਾਲ 1997 ਤੋਂ 2017 ਤੱਕ ਦੇ ਵੀਹ ਸਾਲਾਂ ਦੇ ਸਿਆਸੀ ਸਫ਼ਰ ਵਿੱਚੋ 15 ਸਾਲ ਰਾਜ ਸੱਤਾ ਹੰਢਾਈ ਅੱਜ ਉਸ ਦੇ ਏਜੰਟ ਕਹਿਣਾ ਆਪਣੀ ਸਿਆਸਤ ਨੂੰ ਤੇਲੰਜਲੀ ਦੇਣ ਦੇ ਬਰਾਬਰ ਰਿਹਾ। ਕੇਂਦਰ ਵਿੱਚ ਜਿਸ ਭਾਈਵਾਲ ਬੀਜੇਪੀ ਸਰਕਾਰ ਦੌਰਾਨ ਸੁਖਬੀਰ ਸਿੰਘ ਬਾਦਲ ਪਹਿਲੀ ਵਾਰ ਕੇਂਦਰੀ ਕੈਬਨਿਟ ਮੰਤਰੀ ਬਣਦੇ ਹਨ ਅਤੇ ਇਸ ਤੋਂ ਬਾਅਦ 2014 ਵਿੱਚ ਤਮਾਮ ਸੀਨੀਅਰ ਆਗੂ ਨਜਰ ਅੰਦਾਜ਼ ਕਰਕੇ ਬੀਬਾ ਹਰਸਿਮਰਤ ਕੌਰ ਬਾਦਲ ਮੰਤਰੀ ਬਣਦੇ ਹਨ, ਉਸ ਬਾਦਲ ਪਰਵਾਰ ਲਈ ਬੀਜੇਪੀ ਕਦੋਂ ਵੱਡੀ ਵਿਰੋਧੀ ਸਿਆਸੀ ਜਮਾਤ ਬਣੀ, ਵੱਡੀ ਚਰਚਾ ਦਾ ਵਿਸ਼ਾ ਹੈ।

ਕਿਸਾਨਾਂ ਦੀ ਨਰਾਜ਼ਗੀ

ਜਿਸ ਮੁੱਦਿਆਂ ਤੇ ਬੀਜੇਪੀ ਤੋਂ ਵੱਖ ਹੋਣ ਦਾ ਦਾ ਕਾਰਨ ਮੌਜੂਦਾ ਅਕਾਲੀ ਦਲ ਦੀ ਲੀਡਰਸ਼ਿਪ ਦਾਅਵਾ ਕਰਦੀ ਦਿਖਾਈ ਦਿੱਤੀ, ਕੀ ਇਹ ਮੁੱਦੇ 1997 ਤੋਂ ਬਾਅਦ ਕਦੇ ਸਿਆਸੀ ਗਠਬੰਧਨ ਦੇ ਤੌਰ ਤੇ ਦੋ ਧਿਰੀ ਸਿਆਸੀ ਸਾਂਝ ਵੇਲੇ ਸ਼ਰਤਾਂ ਤਹਿਤ ਰੱਖੇ ਗਏ ਸਨ ਜਿਸ ਤੋਂ ਬੀਜੇਪੀ ਨੇ ਆਪਣਾ ਪੱਲਾ ਝਾੜਿਆ। ਖੇਤੀ ਕਾਨੂੰਨਾਂ ਦੇ ਪਹਿਲੇ ਪਹਿਰ ਕੇਂਦਰ ਸਰਕਾਰ ਦੀ ਵਕਾਲਤ ਕਰਨ ਵੇਲੇ ਕੀ ਅਕਾਲੀ ਦਲ ਸੂਬੇ ਅੰਦਰ ਆਪਣੀ ਸਿਆਸੀ ਪੈਂਠ ਨੂੰ ਸਮਝਦਾ ਸੀ ਕਿ ਇਸ ਕਦਮ ਨਾਲ ਨਫ਼ਾ ਨੁਕਸਾਨ ਕਿਹੜੇ ਸਿਆਸੀ ਭਾਅ ਲਵੇਗਾ। ਵਾਰ ਵਾਰ ਪ੍ਰੈਸ ਕਾਨਫਰੰਸ ਕਰਕੇ ਜਾਂ ਸਮੇਂ ਸਮੇਂ ਮੀਡੀਆ ਦੇ ਸਾਹਮਣੇ ਜਾਕੇ ਬੈਠੇ ਬਿਠਾਏ ਕਿਸਾਨਾਂ ਦੀ ਨਰਾਜ਼ਗੀ ਮੁੱਲ ਲੈਣ ਵੇਲੇ ਅਕਾਲੀ ਦਲ ਨੇ ਤਾਜਾ ਹਲਾਤਾਂ ਦਾ ਅਨੁਮਾਨ ਕਦੇ ਲਗਾਉਣ ਦੀ ਕੋਸ਼ਿਸ ਕੀਤੀ ਸੀ। ਬੰਦੀ ਸਿੰਘਾਂ ਦੀ ਰਿਹਾਈ ਦੇ ਅਸਲ ਰੂਪ ਵਿੱਚ ਮੁੱਦਈ ਬਣਨ ਦਾ ਦਾਅਵਾ ਜਿਹੜਾ ਹੁਣ ਪੇਸ਼ ਕੀਤਾ ਜਾ ਰਿਹਾ ਹੈ ਜਦੋਂ ਸੂਬੇ ਦੀ ਸੱਤਾ ਅਤੇ ਕੇਂਦਰੀ ਸੱਤਾ ਵਿੱਚ ਭਾਈਵਾਲ ਰੂਪ ਵਿਚ ਕਾਬਜ ਸੀ ਉਸ ਵੇਲੇ ਜਗਤਾਰ ਸਿੰਘ ਹਵਾਰਾ ਵਰਗੇ ਬੰਦੀ ਸਿੰਘਾਂ ਲਈ ਵਰਤੀ ਗਈ ਸ਼ਬਦਾਵਲੀ ਨੇ ਪੰਥਕ ਸਫਾਂ ਵਿੱਚ ਜਿਹੜਾ ਚਿਹਰਾ ਪੇਸ਼ ਕੀਤਾ ਉਹ ਸਿਆਸੀ ਮਜਬੂਰੀ ਨੂੰ ਬਿਆਨ ਕਰਦਾ ਹੈ।

ਸਿਆਸੀ ਜ਼ਹਿਰ

ਕੁਝ ਦਿਨ ਪਹਿਲਾਂ ਦੇਸ਼ ਦੀ ਸਿਆਸਤ ਨੂੰ ਪਿਛਲੇ 6 ਦਹਾਕਿਆਂ ਤੋਂ ਵੇਖਣ ਅਤੇ ਸਮਝਣ ਵਾਲੇ ਘੱਟ ਗਿਣਤੀਆਂ ਕਮਿਸ਼ਨ ਦੇ ਸਾਬਕਾ ਚੇਅਰਮੈਨ ਸਰਦਾਰ ਤਰਲੋਚਨ ਸਿੰਘ ਜੀ ਨੂੰ ਦਿੱਲੀ ਵਿਖੇ ਮਿਲਣ ਦਾ ਮੌਕਾ ਮਿਲਿਆ। ਓਹਨਾ ਨੇ ਅਕਾਲੀ ਦਲ ਦੀ ਮੌਜੂਦਾ ਤਾਜਾ ਹਾਲਾਤ ਨੂੰ ਜਿੰਮੇਵਾਰ ਤੌਰ ਤੇ ਅਕਾਲੀ ਦਲ ਦੀ ਮੁੱਦਿਆਂ ਤੇ ਦੋਹਰੀ ਨੀਤੀ ਨੂੰ ਕਰਾਰ ਦਿੱਤਾ। ਓਹਨਾਂ ਨੇ ਕਿਹਾ ਕਿ ਅਕਾਲੀ ਦਲ ਜਿਹੜੇ ਮੁੱਦਿਆਂ ਨੂੰ ਹੁਣ ਆਪਣੇ ਲਈ ਸੰਜੀਵਨੀ ਬੂਟੀ ਬਣਾਉਣ ਦੀ ਦੌੜ ਵਿੱਚ ਲੱਗਾ ਹੋਇਆ ਹੈ ਉਸ ਨੂੰ ਸਿਆਸੀ ਜ਼ਹਿਰ ਵੀ ਪਹਿਲਾਂ ਲੀਡਰਸ਼ਿਪ ਨੇ ਹੀ ਦਿੱਤੀ। ਜਿਸ ਕਰਕੇ ਅਕਾਲੀ ਦਲ ਦੇ ਹਲਾਤ ਇਹ ਨੇ ਕਿ ਲੋਕਾਂ ਨੂੰ ਓਹਨਾ ਦੀ ਕਿਸੇ ਵੀ ਗੱਲ ਤੇ ਯਕੀਨ ਨਹੀਂ ਹੋ ਰਿਹਾ। ਭਰੋਸੇ ਦੀ ਸਿਆਸਤ ਵਿੱਚ ਅਕਾਲੀ ਦਲ ਦੂਜੇ ਖੇਤਰੀ ਦਲਾਂ ਦੇ ਮੁਕਾਬਲੇ ਬਹੁਤ ਹੇਠਾਂ ਚਲਾ ਗਿਆ ਹੈ। ਸਮੇਂ ਸਮੇਂ ਤੇ ਖੇਤਰੀ ਮੁੱਦਿਆਂ ਤੋਂ ਪਿੱਛੇ ਹਟਣਾ ਜਾਂ ਰਾਜ ਸੱਤਾ ਲਈ ਪਿਛਲੇ 20 ਸਾਲ ਜਦੋਂ ਜਹਿਦ ਕਰਨਾ ਵੀ ਹਾਸ਼ੀਏ ਤੇ ਜਾਣ ਦਾ ਵੱਡਾ ਕਾਰਨ ਰਿਹਾ। ਅਕਾਲੀ ਦਲ ਦੀ ਮੌਜੂਦਾ ਕਾਬਜ ਲੀਡਰਸ਼ਿਪ ਮੁੱਦਿਆਂ ਸਿਆਸੀ ਖੇਤਰੀ ਪੰਥਕ ਨੂੰ ਅਣਗੋਹਲੇ ਕਰਦੀ ਰਹੀ ਅਤੇ ਕੇਲਕੁਲੇਸ਼ਨ ਦੀ ਰਾਜਨੀਤੀ ਨੂੰ ਆਪਣਾ ਅਧਾਰ ਬਣਾਇਆ। ਸਿਆਸੀ ਜੋੜ ਤੋੜ ਕਿਸੇ ਨੂੰ ਕਮਜੋਰ ਕਰਨ ਜਾਂ ਕਿਸੇ ਨੂੰ ਚੋਣਾਂ ਮੌਕੇ ਤਾਕਤਵਰ ਕਰਨ ਦੇ ਕਲੁਕੇਲਸ਼ਨ ਵਾਲੀ ਥਿਊਰੀ ਨੇ ਅਕਾਲੀ ਦਲ ਨੂੰ ਮੁੱਦਾ ਹੀਣ ਕੀਤਾ ।

ਮੌਜੂਦਾ ਲੀਡਰਸ਼ਿਪ ਵਿੱਚੋ ਕੋਈ ਨੇਤਾ ਅਕਾਲੀ ਦਲ ਨੂੰ ਸੰਕਟ ਵਿੱਚੋ ਕੱਢੇਗਾ ਇਸ ਤੇ ਓਹਨਾ ਨੇ ਬੜਾ ਸਪੱਸ਼ਟ ਜਵਾਬ ਦਿੰਦਿਆਂ ਕਿਹਾ ਕਿਹਾ ਕਿ ਸਿਆਸਤ ਵਿਸ਼ਵਾਸ ਤੇ ਖੜੀ ਹੈ। ਜਦੋਂ ਤੱਕ ਅਕਾਲੀ ਲੀਡਰਸ਼ਿਪ ਆਮ ਲੋਕਾਂ ਵਿਚ ਸਿਆਸੀ ਵਿਸ਼ਵਾਸ਼ ਨੂੰ ਪੈਦਾ ਨਹੀਂ ਕਰੇਗੀ ਓਹਨਾ ਸਮਾਂ ਅਕਾਲੀ ਦਲ ਕਦੇ ਰਾਜ ਸੱਤਾ ਜਾਂ ਸੂਬਾਈ ਸਿਆਸਤ ਵਿੱਚ ਕਾਮਯਾਬ ਨਹੀਂ ਹੋਵੇਗਾ। ਇਸ ਤੋਂ ਇਲਾਵਾ ਹੱਠ ਵਾਲੀ ਸਿਆਸਤ ਦੇ ਹਮੇਸ਼ਾ ਇਹੀ ਨਤੀਜੇ ਨਿਕਲੇ ਹਨ ਜਿਸ ਦਾ ਖੁਮਿਆਜਾ ਮਾਇਆਵਤੀ ਤੋਂ ਲੈਕੇ ਚੌਟਾਲਾ ਪਰਵਾਰ ਭੁਗਤ ਚੁੱਕਾ ਹੈ।

Scroll to Top