ਜਲੰਧਰ 10 ਸਤੰਬਰ 2024 : ਆਰ.ਪੀ.ਐਫ. (ਰੇਲਵੇ ਸੁਰੱਖਿਆ ਬਲ) ਨੇ ਚੱਲਦੀ ਟਰੇਨ ਵਿੱਚੋਂ 2.905 ਕਿਲੋ ਸੋਨਾ ਬਰਾਮਦ ਕੀਤਾ, ਜਿਸ ਦੀ ਕੀਮਤ 1.30 ਕਰੋੜ ਰੁਪਏ ਤੋਂ ਵੱਧ ਦੱਸੀ ਜਾ ਰਹੀ ਹੈ। ਪੁਲਿਸ ਅਨੁਸਾਰ ਅੰਮ੍ਰਿਤਸਰ ਦਾ ਜਵੈਲਰ ਉਕਤ ਗਹਿਣੇ ਲੈ ਕੇ ਜਾ ਰਿਹਾ ਸੀ ਅਤੇ ਗਹਿਣਿਆਂ ਸਬੰਧੀ ਕੋਈ ਦਸਤਾਵੇਜ਼ ਨਹੀਂ ਦਿਖਾ ਸਕਿਆ, ਜਿਸ ਕਾਰਨ ਪੁਲਿਸ ਨੇ ਉਹਨਾਂ ਨੂੰ ਹਿਰਾਸਤ ਵਿੱਚ ਲੈ ਲਿਆ।
ਇਹ ਬਰਾਮਦਗੀ ਅੰਮ੍ਰਿਤਸਰ ਤੋਂ ਕੋਲਕਾਤਾ ਜਾਣ ਵਾਲੀ ਰੇਲਗੱਡੀ ਨੰਬਰ 12380 ਜਲ੍ਹਿਆਂਵਾਲਾ ਬਾਗ ਐਕਸਪ੍ਰੈਸ ਤੋਂ ਹੋਈ ਹੈ। ਆਰ.ਪੀ.ਐਫ. ਨੇ ਬਿਆਸ ਅਤੇ ਜਲੰਧਰ ਦੇ ਵਿਚਕਾਰ ਇਸ ਵਿਅਕਤੀ ਨੂੰ ਸੋਨੇ ਦੇ ਗਹਿਣਿਆਂ ਸਮੇਤ ਕਾਬੂ ਕੀਤਾ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਬਰਾਮਦਗੀ ਤੋਂ ਬਾਅਦ ਪੁਲਿਸ ਵੱਲੋਂ ਆਮਦਨ ਕਰ ਵਿਭਾਗ ਨੂੰ ਸੂਚਿਤ ਕੀਤਾ ਗਿਆ ਤਾਂ ਜੋ ਮਾਮਲੇ ਦੀ ਤਹਿ ਤੱਕ ਪਹੁੰਚ ਕੀਤੀ ਜਾ ਸਕੇ।
ਆਰ.ਪੀ.ਐਫ. ਜਲੰਧਰ ਛਾਉਣੀ ਦੇ ਐਸ.ਐਚ.ਓ. ਰਵਿੰਦਰ ਸਿੰਘ ਸਿਨਹਾ ਨੇ ਦੱਸਿਆ ਕਿ ਉਕਤ ਵਿਅਕਤੀ ਨੂੰ ਗੁਪਤ ਸੂਚਨਾ ਦੇ ਆਧਾਰ ‘ਤੇ ਕਾਬੂ ਕੀਤਾ ਗਿਆ ਹੈ | ਪੁਲਿਸ ਅਨੁਸਾਰ ਇਹ ਵਿਅਕਤੀ ਇਕੱਲਾ ਹੀ ਬਿਹਾਰ ਜਾ ਰਿਹਾ ਸੀ। ਜਾਂਚ ਦੌਰਾਨ ਉਕਤ ਵਿਅਕਤੀ ਕੋਲੋਂ 12,500 ਰੁਪਏ ਵੀ ਬਰਾਮਦ ਕੀਤੇ ਗਏ। ਜ਼ਬਤ ਕੀਤੇ ਗਏ ਸੋਨੇ ਦੀ ਕੀਮਤ 1,30,92,993 ਰੁਪਏ ਦੱਸੀ ਜਾ ਰਹੀ ਹੈ। ਆਮਦਨ ਕਰ ਵਿਭਾਗ ਵੀ ਇਸ ਮਾਮਲੇ ਦੀ ਜਾਂਚ ਕਰ ਰਿਹਾ ਹੈ।