ਅਧਿਆਪਕ ਦਿਵਸ

ਅਧਿਆਪਕ ਦਿਵਸ 2025: ਐਵੇਂ ਹੀ ਨਹੀਂ ਅਧਿਆਪਕ ਨੂੰ ਪਹਿਲੇ ਗੁਰੂ ਦਾ ਦਰਜ਼ਾ ਮਿਲਿਆ

ਅਧਿਆਪਕ ਦਿਵਸ 2025: ਅਧਿਆਪਕ / ਸਿੱਖਿਅਕ ਜਾਂ ਗੁਰੂ ਕੁਝ ਵੀ ਕਰੋ ਸਤਿਕਾਰਤ ਹਨ। ਇਕ ਅਧਿਆਪਕ ਦੀ ਭੂਮਿਕਾ ਬੱਚੇ ਦੇ ਅੰਦਰ ਨਿਰੰਤਰ ਵਹਿਣ ਵਾਲੀ ਸਮਾਜਿਕ, ਨੈਤਿਕ ਤੇ ਬੌਧਿਕ ਗਿਆਨ ਦੀ ਨਦੀ ਦੇ ਵਹਾਅ ਵਾਂਗ ਹੈ ।

ਵਿਲਿਅਮ ਵੇਅਰਜ਼ ਆਪਣੀ ਪੁਸਤਕ ਟੂ-ਟੀਚ ਦਿ ਜਰਨੀ ਆਫ-ਏ- ਟੀਚਰ ‘ਚ ਸਿੱਖਿਆ ਦੇ ਕੁਦਰਤੀ ਦਾਤਾ ਵਾਂਗ ਸੌਖਾ ਪਰ ਅਣਸੁੱਤਾ ਦੱਸਦਾ ਹੈ। ਜਿਵੇਂ ਹਵਾ, ਪਾਣੀ, ਅੱਗ, ਜੀਵਨ ਵਿੱਚ ਸੌਖੇ ਅਤੇ ਬਿਨਾਂ ਮੁੱਲ ਦੇ ਮਿਲਦੇ ਹਨ, ਪਰ ਜੀਵਨ ਦਾ ਅਧਾਰ ਹਨ। ਉਵੇਂ ਹੀ ਸਿੱਖਿਆ ਵੀ ਸੁਚੱਜੀ ਜੀਵਨ-ਜਾਂਚ ਦੀ ਪੌੜੀ ਹੈ ਅਤੇ ਅਧਿਆਪਕ ਇਸ ਸੁਖ ਤੇ ਸੁਚੱਜੀ ਜੀਵਨ-ਜਾਂਚ ਦੀ ਸਿੱਖਿਆ ਦਾ ਸ੍ਰੋਤ ਹੈ ।

“ਗੁਰੂ ਗੋਬਿੰਦ ਦੋਊ ਖੜੇ, ਕਾਕੇ ਲਾਗੂ ਪਾਏ
ਬਲਿਹਾਰੀ ਗੁਰੂ ਆਪਨੋ, ਗੋਬਿੰਦ ਦਿਯੋ ਮਿਲਾਏ”

ਉਤਸ਼ਾਹ : ਉਤਸ਼ਾਹ ਨਾਲ ਭਰਿਆ ਵਿਸ਼ੇ ‘ਤੇ ਪਕੜ ਰੱਖਣ ਵਾਲਾ ਅਧਿਆਪਕ ਕਿਤਾਬਾਂ ‘ਚ ਜਾਨ ਪਾਉਣ ਦੀ ਮੁਹਾਰਤ ਰੱਖਦਾ ਹੈ। ਵਿਸ਼ੇ ਨੂੰ ਰੋਚਕ ਬਣਾਉਣ ਲਈ ਉਹ ਹਰ ਹੀਲਾ ਵਰਤਦਾ ਹੈ ।

“ਪਿਛਲੇ ਦਿਨੀਂ ਜਮਾਤ ‘ਚ ਕਾਪੀਆਂ ‘ਤੇ ਕੰਮ ਨਾਂ ਕਰਨ ਵਾਲੇ ਵਿਦਿਆਰਥੀਆਂ ਨੂੰ ਨਿਕੰਮੇਪਣ ਤੋਂ ਵਰਜਣ ਲਈ ਹਾਸੇ ‘ਚ ਕਿਹਾ ਕਿ ਵਾਰ-ਵਾਰ ਬਹਾਨੇ ਬਣਾ ਕੇ ਸਮਾਂ ਗੁਆ ਰਹੇ ਹੋ। ਤੁਹਾਡੇ ਬਹਾਨੇ ਬਣਾ ਕੇ ਦਿਨ ਲੰਘੀ ਜਾਂਦਾ ਹੈ , ਉਹ ਜਿਵੇਂ ਕਹਿੰਦੇ ਹੁੰਦੇ ਐ ਬੀ” ਜਿਹਦਾ ਗੱਲੀ ਬਾਤੀ ਸਰੇ ਉਹ ਚੌਂਕੇ ਕਿਉਂ ਚੜੇ”

ਬੱਚੇ ਹੱਸ ਕੇ ਕਹਿੰਦੇ ਵਾਹ ਮੈਡਮ, ਹੁਣ ਅਸੀਂ ਇਹ ਅਖਾਣ ਕਦੇ ਨਹੀਂ ਭੁਲਦੇ।

ਵਿਦਿਆਰਥੀਆਂ ਨਾਲ ਸੰਵਾਦ:– ਸਭ ਤੋਂ ਵੱਦਾ ਕਾਰਗਰ ਸਾਬਿਤ ਹੁੰਦਾ ਹੈ, ਬੜੀ ਬਰੀਕੀ ਨਾਲ ਅਸੀ ਛਾਂਟੀ ਕਰ ਲੈਂਦੇ ਹਾਂ, ਜਿੰਨਾਂ ਦੀ ਵਿਸ਼ੇ ‘ਤੇ ਪਹਿਲੇ ਹੱਲੇ ਪਕੜ ਹੋ ਜਾਂਦੀ ਤੇ ਉਹ ਵੀ ਜਿੰਨਾਂ ਨੂੰ ਬਾਅਦ ਦੀਆਂ ਕੋਸ਼ਿਸ਼ਾਂ ਨਾਲ ਸਮਝਾਇਆ ਜਾਂਦਾ ।

ਭੋਲੇ ਜਿਹੇ ਚਿਹਰਿਆਂ ਵਾਲੇ ਬੱਚੇ ਆਪਣੇ ਅੰਦਰ ਬੜਾ ਕੁਝ ਸਮੇਟੀ ਬੈਠੇ ਰਹਿੰਦੇ । ਜਿੰਨਾਂ ਹੱਥ ਵਧਾਉਣ ਦੀ ਦੇਰ ਹੁੰਦੀ ਹੈ ਇਹ ਝੱਟ ਸਾਨੂੰ ਅਪਣਾ ਕਰਜ਼ਦਾਰ ਬਣਾ ਕੇ ਆਪਾ ਸੋਹਲ ਕੇ ਰੱਖ ਦਿੰਦੇ ਹਨ ।

ਮੱਦਦ: ਲਗਾਤਾਰ ਗੈਰ-ਹਾਜ਼ਰੀ, ਕੰਮ ਨਾ ਕਰ ਕੇ ਆਉਣਾ, ਫੀਸ, ਯੂਨੀਫਾਰਸ

” ਪੁੱਤ ਤੇਰੀ ਯੂਨੀਫਾਰਮ ਸਾਫ ਨਹੀਂ, ਤੂੰ ਉਦਾਸ ਜਿਹੀ ਕਿਉਂ ਹੈ ? ਕੰਮ ਵੀ ਪੂਰਾ ਨਹੀਂ ਕਰ ਰਹੀ – ਕੀ ਗੱਲ ਐ ?

ਬਸ, ਐਨਾ ਕੁ ਅਪਣਤ ਭਰਿਆ ਲਹਿਜਾ ‘ਤੇ ਕੁੜੀ ਫੁੱਟ-ਫੁੱਟ ਕੇ ਰੋਣ ਲੱਗ ਪਈ । “ਮੈਡਮ / ਮੇਰੇ ਪਿਤਾ ਹਰ ਰੋਜ਼ ਸ਼ਰਾਬ ਪੀ ਕੇ ਘਰ ਦਾ ਮਾਹੌਲ ਖਰਾਬ ਕਰਦੇ ਨੇ ਜੀ । ਮੰਮੀ ਬਹੁਤ ਬਿਮਾਰ ਰਹਿੰਦੇ ਨੇ। ਮੈਨੂੰ ਘਰ ਦਾ ਸਾਰਾ ਕੰਮ ਕਰਨਾ ਪੈਂਦਾ ਅਤੇ ਛੋਟੇ ਵੀਰ ਨੂੰ ਵੀ ਸੰਭਾਲਦੀ ਹਾਂ ਜੀ।”

ਫਿਰ ਸ਼ੁਰੂ ਹੁੰਦੀ ਐ ਸਾਡੀ ਡਿਊਟੀ । ਬੱਚੇ ਦੇ ਸਿਰ ‘ਤੇ ਹੱਥ ਧਰਨਾਂ ਇੱਕ ਅਧਿਆਪਕ ਤੋਂ ਵੱਧ ਹੋਰ ਕੌਣ ਜਾਣ ਸਕਦਾ ਹੈ।

ਐਵੇਂ ਨਹੀਂ ਰੱਬ ਤੋਂ ਪਹਿਲੇ ਗੁਰੂ ਦਾ ਦਰਜ਼ਾ ਮਿਲਿਆ। ਅਸੀਂ ਆਪਣੀਆਂ ਹੱਦਾਂ ਹਰ ਰੋਜ਼ ਵਧਾਉਂਦੇ ਹਾਂ, ਆਪਣੇ ਦਾਇਰੇ ਵੱਡੇ ਕਰਦੇ ਹਾਂ ਤਾਂ ਜੋ ਉਹ ਜ਼ਿੰਮੇਵਾਰੀਆਂ ਵੀ ਸਾਡੇ ਦਾਇਰੇ ਅੰਦਰ ਆ ਜਾਣ ਜੋ ਕਿਸੇ ਵਿਭਾਗ ਨੇ ਸਾਨੂੰ ਕਦੇ ਨਹੀਂ ਸੌਂਪੀਆਂ |

ਪੜ੍ਹਾਈ ਖ਼ਤਮ ਹੁੰਦਿਆਂ-ਹੁੰਦਿਆਂ 3-4 ਵਿਕਲਪ ਸੀ ਕਿ ਬੈਂਕ ‘ਚ ਨੌਕਰੀ, ਫ਼ੌਜ ‘ਚ ਨੌਕਰੀ, ਪੁਲਿਸ ‘ਚ ਜਾਂ ਅਧਿਆਪਕ । ਮੇਰੇ ਪਿਤਾ ਜੋ ਖੁਦ ਅਧਿਆਪਕ ਰਹਿ ਚੁੱਕੇ ਹਨ ਉਨ੍ਹਾਂ ਨੇ ਬੜੀ ਸੋਹਣੀ ਗੱਲ ਕਹੀ ਕਿ “ ਪੁੱਤ ਬਾਕੀ ਸਿਰਫ ਨੌਕਰੀਆਂ ਹੋਣਗੀਆਂ ਪਰ ਅਧਿਆਪਕ ਬਣ ਕੇ ਤੁਸੀਂ ਆਪਣੇ ਵਰਗੇ ਹਜ਼ਾਰਾਂ All Rounders ਬਣਾ ਸਕਦੇ ਹੋ । ਤੁਹਾਡੇ ਸਮੁੱਚੇ ਤਜਰਬੇ ਦਾ ਸਹੀ ਉਪਯੋਗ ਸਿਰਫ ਸਕੂਲ ਅਧਿਆਪਕ ਬਣ ਕੇ ਹੀ ਹੋਵੇਗਾ ।

ਸੱਚ ਜਾਣਿਓ। ਨੌਕਰੀ ‘ਚ ਆਉਣ ਤੋਂ ਲੈ ਕੇ ਅੱਜ ਦੇ ਦਿਨ ਤੱਕ ਹਰ ਦਿਨ ਉਤਸ਼ਾਹ ਨਾਲ ਭਰਿਆ ਹੁੰਦਾ ਹੈ । ਅੱਜ ਕੁੱਝ ਨਵਾਂ ਸਿਖਾਉਣਾ, ਅੱਜ ਕਿਸ ਨਵੇਂ ਵਿਸ਼ੇ ‘ਤੇ ਗੱਲ ਕਰਾਂਗੀ |

ਅਸੀਂ ਅਧਿਆਪਕ ਹਾਂ ਅਪਣੇ ਅਧਿਆਪਕ ਰੁਜ਼ਗਾਰ ਦਾ ਵਸੀਲਾ ਹੀ ਨਹੀਂ ਮੰਨਦੇ ਸਗੋਂ ਉੱਚੀ ਅਤੇ ਸੁੱਚੀ ਸਮਾਜ ਸੇਵਾ ਵੀ ਮੰਨਦੇ ਹਾਂ । ਸਾਨੂੰ ਮਾਣ ਹੁੰਦੇ ਜਦੋਂ ਸਾਡੇ ਪੜਾਏ ਸਾਡੇ ਨਾਲ ਆ ਕੇ ਨੌਕਰੀ ’ਚ ਸਾਡੇ ਸਾਥੀ ਬਣਦੇ ਹਨ । ਪੁਲਿਸ, ਫੌਜ, ਡਾਕਟਰ, ਵਕੀਲ, ਇੰਜੀਨੀਅਰ ਗੱਲ ਹਰ ਖੇਤਰ ‘ਚ ਪੜ੍ਹਾਏ ਵਿਦਿਆਰਥੀ ਜਦੋਂ ਮੁੜ ਕਿਸੇ ਮੋੜ ‘ਤੇ ਮਿਲਦੇ ਹਨ ਤਾਂ ਮਾਣ ਨਾਲ ਮਨ ਭਰ ਜਾਂਦੇ ਕਿ ਹਾਂ ! ਮੈਂ ਅਧਿਆਪਕ ਹਾਂ |

ਮੈਂ ਆਪਣੀ ਮਿਹਨਤ ਨਾਲ ਸਮਾਜ ਨੂੰ ਸੁਚੱਜੇ ਅਤੇ ਕਾਬਿਲ ਨਾਗਰਿਕ ਦੇ ਰਹੀ ਹਾਂ | ਦੁਨੀਆ ਦੇ ਹਰ ਖਿੱਤੇ ‘ਚ ਵਸਦੇ ਸਮੂਹ ਅਧਿਆਪਕਾਂ ਨੂੰ ਮੇਰਾ ਸਲਾਮ |

ਡਾ. ਸਰਵਪੱਲੀ ਰਾਧਾਕ੍ਰਿਸ਼ਨਨ ਨੂੰ ਸਮਰਪਿਤ ਅਧਿਆਪਕ ਦਿਵਸ

Teacher day 2025

ਭਾਰਤ ‘ਚ ਅਧਿਆਪਕ ਦਿਵਸ ਪਹਿਲੇ ਉਪ ਰਾਸ਼ਟਰਪਤੀ ਅਤੇ ਦੂਜੇ ਰਾਸ਼ਟਰਪਤੀ ਡਾ. ਸਰਵਪੱਲੀ ਰਾਧਾਕ੍ਰਿਸ਼ਨਨ ਨੂੰ ਸਮਰਪਿਤ ਹੈ। ਇੱਕ ਸਿਆਸਤਦਾਨ ਹੋਣ ਦੇ ਨਾਲ-ਨਾਲ, ਉਹ ਇੱਕ ਮਹਾਨ ਅਧਿਆਪਕ, ਵਿਦਵਾਨ ਅਤੇ ਪ੍ਰਸਿੱਧ ਦਾਰਸ਼ਨਿਕ ਵੀ ਸਨ। ਉਨ੍ਹਾਂ ਦਾ ਜਨਮ 5 ਸਤੰਬਰ 1888 ਨੂੰ ਤਾਮਿਲਨਾਡੂ ਦੇ ਤਿਰੂਤਾਨੀ ‘ਚ ਹੋਇਆ ਸੀ।

ਇਸ ਦਿਨ ਨੂੰ ਡਾ. ਸਰਵਪੱਲੀ ਦੇ ਜਨਮ ਦਿਨ ਦੀ ਯਾਦ ‘ਚ ਅਧਿਆਪਕ ਦਿਵਸ ਵਜੋਂ ਮਨਾਇਆ ਜਾਂਦਾ ਹੈ। ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਡਾ. ਰਾਧਾਕ੍ਰਿਸ਼ਨਨ ਦੇ ਜਨਮ ਦਿਨ ‘ਤੇ ਦੇਸ਼ ਦੇ ਅਧਿਆਪਕਾਂ ਨੂੰ ਸਨਮਾਨਿਤ ਕਰਨ ਦਾ ਰੁਝਾਨ ਕਿਉਂ ਹੈ? ਤਾਂ ਇਸ ਪਿੱਛੇ ਇੱਕ ਦਿਲਚਸਪ ਕਾਰਨ ਹੈ, ਜੋ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ।

ਭਾਰਤ ‘ਚ ਅਸੀਂ ਇਸ ਦਿਨ ਨੂੰ ਡਾ. ਸਰਵਪੱਲੀ ਰਾਧਾਕ੍ਰਿਸ਼ਨਨ ਦੇ ਜਨਮ ਦਿਨ ‘ਤੇ ਮਨਾਉਂਦੇ ਹਾਂ। ਦਰਅਸਲ, ਇੱਕ ਦਿਨ ਉਨ੍ਹਾਂ ਦੇ ਵਿਦਿਆਰਥੀਆਂ ਅਤੇ ਦੋਸਤਾਂ ਨੇ ਉਨ੍ਹਾਂ ਨੂੰ ਉਨ੍ਹਾਂ ਦਾ ਜਨਮ ਦਿਨ ਸ਼ਾਨਦਾਰ ਢੰਗ ਨਾਲ ਮਨਾਉਣ ਦੀ ਇਜਾਜ਼ਤ ਦੇਣ ਲਈ ਬੇਨਤੀ ਕੀਤੀ। ਡਾ. ਸਰਵਪੱਲੀ ਨੇ ਅਜਿਹਾ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ, ਕਿਉਂਕਿ ਉਹ ਇਸ ਦੇ ਹੱਕ ‘ਚ ਨਹੀਂ ਸਨ। ਹਾਲਾਂਕਿ, ਉਨ੍ਹਾਂ ਨੂੰ ਆਪਣੇ ਪੇਸ਼ੇ ਨਾਲ ਡੂੰਘਾ ਪਿਆਰ ਸੀ ਅਤੇ ਉਹ ਦੇਸ਼ ‘ਚ ਅਧਿਆਪਕਾਂ ਦੀ ਸਥਿਤੀ ਤੋਂ ਵੀ ਚੰਗੀ ਤਰ੍ਹਾਂ ਜਾਣੂ ਸਨ। ਅਜਿਹੀ ਸਥਿਤੀ ‘ਚ, ਕੁਝ ਦੇਰ ਚੁੱਪ ਰਹਿਣ ਤੋਂ ਬਾਅਦ, ਉਨ੍ਹਾਂ ਕਿਹਾ ਕਿ ਮੈਨੂੰ ਖੁਸ਼ੀ ਹੋਵੇਗੀ ਜੇਕਰ ਇਹ ਸਨਮਾਨ ਸਿਰਫ਼ ਮੈਨੂੰ ਹੀ ਨਹੀਂ ਸਗੋਂ ਦੇਸ਼ ਦੇ ਸਾਰੇ ਅਧਿਆਪਕਾਂ ਨੂੰ ਦਿੱਤਾ ਜਾਵੇ।

ਡਾ. ਸਰਵਪੱਲੀ ਨੇ ਕਿਹਾ ਕਿ ਇਹ ਉਨ੍ਹਾਂ ਲਈ ਮਾਣ ਅਤੇ ਸਨਮਾਨ ਦੀ ਗੱਲ ਹੋਵੇਗੀ ਜੇਕਰ ਉਨ੍ਹਾਂ ਦੇ ਜਨਮਦਿਨ ਦੀ ਬਜਾਏ ਅਧਿਆਪਕ ਦਿਵਸ ਮਨਾਇਆ ਜਾਵੇ। ਇਸ ਤਰ੍ਹਾਂ, ਭਾਰਤ ‘ਚ ਅਧਿਆਪਕ ਦਿਵਸ ਮਨਾਉਣ ਦੀ ਪ੍ਰਥਾ ਸ਼ੁਰੂ ਹੋਈ। ਇਸ ਤੋਂ ਬਾਅਦ, ਡਾ. ਰਾਧਾਕ੍ਰਿਸ਼ਨਨ ਦੁਆਰਾ ਸਿੱਖਿਆ ਦੇ ਖੇਤਰ ‘ਚ ਕੀਤੇ ਗਏ ਕੰਮਾਂ ਨੂੰ ਧਿਆਨ ‘ਚ ਰੱਖਦੇ ਹੋਏ, ਉਨ੍ਹਾਂ ਦੇ ਜਨਮਦਿਨ ਨੂੰ ਭਾਰਤ ‘ਚ ਅਧਿਆਪਕ ਦਿਵਸ ਵਜੋਂ ਘੋਸ਼ਿਤ ਕੀਤਾ ਗਿਆ। ਰਾਸ਼ਟਰੀ ਅਧਿਆਪਕ ਦਿਵਸ ਪਹਿਲੀ ਵਾਰ 1962 ‘ਚ ਮਨਾਇਆ ਗਿਆ ਸੀ ਅਤੇ ਉਦੋਂ ਤੋਂ 5 ਸਤੰਬਰ ਨੂੰ ਅਧਿਆਪਕ ਦਿਵਸ ਵਜੋਂ ਮਨਾਇਆ ਜਾਣ ਲੱਗਾ।

ਸਤਿੰਦਰ ਕੌਰ ਸਿੱਧੂ
ਲੈਕਚਰਾਰ- ਪੰਜਾਬੀ
ਮੋਹਾਲੀ
Scroll to Top