ਚੰਡੀਗੜ੍ਹ, 28 ਅਗਸਤ 2024: ਆਈਸੀਸੀ ਨੇ ਤਾਜ਼ਾ ਟੈਸਟ ਰੈਂਕਿੰਗ (ICC Test Rankings) ਜਾਰੀ ਕੀਤੀ ਹੈ | ਇਸ ਰੈਂਕਿੰਗ ‘ਚ ਭਾਰਤ ਦੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਅਤੇ ਸਲਾਮੀ ਬੱਲੇਬਾਜ਼ ਯਸ਼ਸਵੀ ਜੈਸਵਾਲ ਨੂੰ ਫਾਇਦਾ ਮਿਲਿਆ ਹੈ। ਹਾਲਾਂਕਿ ਕਪਤਾਨ ਰੋਹਿਤ ਸ਼ਰਮਾ ਨੂੰ ਇੱਕ ਸਥਾਨ ਦਾ ਨੁਕਸਾਨ ਹੋਇਆ ਹੈ। ਕੋਹਲੀ ਬੱਲੇਬਾਜ਼ਾਂ ਦੀ ਰੈਂਕਿੰਗ ‘ਚ ਦੋ ਸਥਾਨ ਦੇ ਫਾਇਦੇ ਨਾਲ ਅੱਠਵੇਂ ਸਥਾਨ ‘ਤੇ ਪਹੁੰਚ ਗਿਆ ਹੈ, ਜਦਕਿ ਯਸ਼ਸਵੀ ਵੀ ਟਾਪ 10 ‘ਚ ਹੈ। ਯਸ਼ਸਵੀ ਇਕ ਸਥਾਨ ਦੇ ਫਾਇਦੇ ਨਾਲ ਸੱਤਵੇਂ ਸਥਾਨ ‘ਤੇ ਪਹੁੰਚ ਗਿਆ ਹੈ। ਰੋਹਿਤ ਸ਼ਰਮਾਂ ਛੇਵੇਂ ਸਥਾਨ ‘ਤੇ ਖਿਸਕ ਗਏ ਹਨ।
ਦੂਜੇ ਪਾਸੇ ਇੰਗਲੈਂਡ ਦੇ ਧਾਕੜ ਬੱਲੇਬਾਜ਼ ਜੋਅ ਰੂਟ ਮਾਨਚੈਸਟਰ ‘ਚ ਸ਼੍ਰੀਲੰਕਾ ਖਿਲਾਫ਼ ਚੰਗੇ ਪ੍ਰਦਰਸ਼ਨ ਤੋਂ ਬਾਅਦ ਟੈਸਟ ਬੱਲੇਬਾਜ਼ੀ ਰੈਂਕਿੰਗ ‘ਚ ਚੋਟੀ ‘ਤੇ ਬਰਕਰਾਰ ਹਨ। ਓਲਡ ਟਰੈਫਰਡ ‘ਚ 56 ਅਤੇ 32 ਦੌੜਾਂ ਦੀ ਪਾਰੀ ਖੇਡਣ ਵਾਲਾ ਇੰਗਲੈਂਡ ਦਾ ਹੈਰੀ ਬਰੂਕ ਤਿੰਨ ਸਥਾਨ ਦੇ ਫਾਇਦੇ ਨਾਲ ਚੌਥੇ ਸਥਾਨ ‘ਤੇ ਪਹੁੰਚ ਗਿਆ ਹੈ।
ਗੇਂਦਬਾਜ਼ਾਂ ਦੀ ਰੈਂਕਿੰਗ (ICC Test Rankings) ‘ਚ ਭਾਰਤ ਦੇ ਤਜਰਬੇਕਾਰ ਆਫ ਸਪਿਨਰ ਰਵੀਚੰਦਰਨ ਅਸ਼ਵਿਨ ਸਿਖਰ ‘ਤੇ ਹਨ। ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਅਤੇ ਖੱਬੇ ਹੱਥ ਦੇ ਸਪਿਨਰ ਰਵਿੰਦਰ ਜਡੇਜਾ ਕ੍ਰਮਵਾਰ ਤੀਜੇ ਅਤੇ ਸੱਤਵੇਂ ਸਥਾਨ ‘ਤੇ ਬਣੇ ਹੋਏ ਹਨ।