Vigilance Bureau

PM ਆਵਾਸ ਯੋਜਨਾ ਤਹਿਤ ਗ੍ਰਾਂਟ ਹੜੱਪਣ ਦੇ ਦੋਸ਼ ਹੇਠ ਪੰਚਾਇਤ ਸਕੱਤਰ, ਸਰਪੰਚ ਤੇ ਇੱਕ ਹੋਰ ਵਿਅਕਤੀ ਖ਼ਿਲਾਫ ਵਿਜੀਲੈਂਸ ਵੱਲੋਂ ਪਰਚਾ ਦਰਜ

ਚੰਡੀਗੜ੍ਹ, 27 ਅਗਸਤ, 2024: ਪੰਜਾਬ ਵਿਜੀਲੈਂਸ ਬਿਊਰੋ ਨੇ ਪ੍ਰਧਾਨ ਮੰਤਰੀ ਆਵਾਸ ਯੋਜਨਾ (PM Awas Yojana) ਤਹਿਤ ਕੇਂਦਰ ਤੋਂ ਪ੍ਰਾਪਤ 1,20,000 ਰੁਪਏ ਦੀ ਗ੍ਰਾਂਟ ਨੂੰ ਹੜੱਪਣ ਦੇ ਦੋਸ਼ ਹੇਠ ਪੰਚਾਇਤ ਸਕੱਤਰ, ਸਰਪੰਚ ਤੇ ਇੱਕ ਹੋਰ ਵਿਅਕਤੀ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ | ਮੁਲਜਮਾਂ ‘ਚ ਪੰਚਾਇਤ ਸਕੱਤਰ ਸੰਤੋਖ ਸਿੰਘ ਬਲਾਕ ਵਿਕਾਸ ਤੇ ਪੰਚਾਇਤ ਦਫ਼ਤਰ ਫਾਜ਼ਿਲਕਾ ਵਿਖੇ ਤਾਇਨਾਤ ਸੀ | ਇਸਦੇ ਨਾਲ ਹੀ ਸਰਪੰਚ ਮਾਹਲਾ ਸਿੰਘ ਪਿੰਡ ਸੈਦੇ ਕੇ ਹਿਠਾੜ, ਜ਼ਿਲ੍ਹਾ ਫਾਜ਼ਿਲਕਾ ਅਤੇ ਇੱਕ ਹੋਰ ਵਿਅਕਤੀ ਮੁਖਤਿਆਰ ਸਿੰਘ ਸ਼ਾਮਲ ਹੈ |

ਵਿਜੀਲੈਂਸ ਨੇ ਪੜਤਾਲ ਦੌਰਾਨ ਪਾਇਆ ਕਿ ਉਕਤ ਮੁਲਜ਼ਮ ਮੁਖਤਿਆਰ ਸਿੰਘ ਨੂੰ ਸੂਬਾ ਸਰਕਾਰ ਵੱਲੋਂ ਆਪਣਾ ਘਰ ਬਣਾਉਣ ਲਈ 5 ਮਰਲੇ ਪੰਚਾਇਤੀ ਜ਼ਮੀਨ ਅਲਾਟ ਕੀਤੀ ਸੀ | ਜਿਸ ‘ਚ ਮੁਲਜ਼ਮ ਨੇ ਪਹਿਲਾਂ ਹੀ ਇਸ 5 ਮਰਲੇ ਦੇ ਪਲਾਟ ‘ਚ ਆਪਣਾ ਮਕਾਨ ਬਣਾਇਆ ਹੋਇਆ ਸੀ, ਪਰ ਅਜਿਹਾ ਹੋਣ ਦੇ ਬਾਵਜੂਦ ਵੀ ਉਸਨੇ ਪ੍ਰਧਾਨ ਮੰਤਰੀ ਆਵਾਸ ਯੋਜਨਾ (PM Awas Yojana) ਤਹਿਤ ਗੈਰ-ਕਾਨੂੰਨੀ ਢੰਗ ਨਾਲ 1,20,000 ਰੁਪਏ ਦੀ ਰਾਸ਼ੀ ਪ੍ਰਾਪਤ ਕੀਤੀ।

ਵਿਜੀਲੈਂਸ ਮੁਤਾਬਕ ਮੁਲਜ਼ਮ ਸਰਪੰਚ ਮਾਹਲਾ ਸਿੰਘ ਅਤੇ ਪੰਚਾਇਤ ਸਕੱਤਰ ਸੰਤੋਖ ਸਿੰਘ ਨੂੰ ਮੁਖਤਿਆਰ ਸਿੰਘ ਦੇ ਆਪਣੇ ਪੱਕੇ ਘਰ ਹੋਣ ਬਾਰੇ ਪਤਾ ਸੀ | ਇਸਦੇ ਬਾਵਜੂਦ ਆਪਸੀ ਮਿਲੀਭੁਗਤ ਨਾਲ ਉਸਦਾ ਸਵੈ-ਘੋਸ਼ਣਾ ਪੱਤਰ ਤਸਦੀਕ ਕਰਕੇ ਉਸ ਨੂੰ ਉਕਤ ਸਕੀਮ ਹੇਠ ਯੋਗ ਕਰਾਰ ਦਿੱਤਾ ਗਿਆ।

ਇਨ੍ਹਾਂ ਮੁਲਜ਼ਮਾਂ ਖਿਲਾਫ਼ ਵਿਜੀਲੈਂਸ ਬਿਊਰੋ ਦੇ ਥਾਣਾ ਫਿਰੋਜ਼ਪੁਰ ਰੇਂਜ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 13(1)ਏ ਤੇ 13(2) ਅਤੇ ਆਈ.ਪੀ.ਸੀ ਦੀ ਧਾਰਾ 409, 467, 468, 471, 120-ਬੀ ਤਹਿਤ ਮੁਕੱਮਦਾ ਦਰਜ ਕਰ ਲਿਆ ਹੈ ਅਤੇ ਅਗਲੇਰੀ ਜਾਂਚ ਜਾਰੀ ਹੈ।

Scroll to Top