ਚੰਡੀਗੜ੍ਹ, 26 ਅਗਸਤ 2024: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ‘ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ-3’ (Khedan Watan Punjab Diyan) ਦਾ ਟੀ-ਸ਼ਰਟ ਅਤੇ ਲੋਗੋ ਲਾਂਚ ਕਰ ਦਿੱਤਾ ਹੈ | ਪੰਜਾਬ ‘ਚ ਖੇਡਾਂ ਦੇ ਮਹਾਂਕੁੰਭ ‘ਖੇਡਾਂ ਵਤਨ ਪੰਜਾਬ ਦੀਆਂ 2024-ਸੀਜ਼ਨ ਤੀਜਾ’ ਦੀ ਸ਼ੁਰੂਆਤ ਹੋਣ ਜਾ ਰਹੀ ਹੈ | ਇਨ੍ਹਾਂ ਖੇਡਾਂ ਦੀ ਸ਼ੁਰੂਆਤ ਹਾਕੀ ਦੇ ਜਾਦੂਗਰ ਮੇਜਰ ਧਿਆਨ ਚੰਦ ਦੇ ਜਨਮ ਦਿਨ ਮੌਕੇ 29 ਅਗਸਤ ਨੂੰ ਸੰਗਰੂਰ ਤੋਂ ਹੋਵੇਗੀ | ਇਸ ਦਿਨ ਸੰਗਰੂਰ ਦੇ ਵਾਰ ਹੀਰੋਜ਼ ਸਟੇਡੀਅਮ ਵਿਖੇ ਕੌਮੀ ਖੇਡ ਦਿਹਾੜਾ ਵੀ ਹੈ |
ਇਸ ਵਾਰ ਕੁੱਲ 37 ਖੇਡਾਂ ‘ਚ 9 ਉਮਰ ਵਰਗਾਂ ਦੇ ਮੁਕਾਬਲੇ ਹੋਣਗੇ ਤੇ 9 ਕਰੋੜ ਰੁਪਏ ਤੋਂ ਵੱਧ ਦੀ ਨਕਦ ਇਨਾਮ ਰਾਸ਼ੀ ਜੇਤੂਆਂ ਨੂੰ ਵੰਡੀ ਜਾਵੇਗੀ | ਮੁੱਖ ਮੰਤਰੀ ਨੇ ਇਨ੍ਹਾਂ ਖੇਡਾਂ ‘ਚ ਨੌਜਵਾਨਾਂ ਨੂੰ ਵੱਧ ਤੋਂ ਵੱਧ ਇਸ ‘ਚ ਹਿੱਸਾ ਲੈਣ ਦੀ ਅਪੀਲ ਕੀਤੀ ਹੈ | ‘ਖੇਡਾਂ ਵਤਨ ਪੰਜਾਬ ਦੀਆਂ’ ‘ਚ ਪੈਰਾ ਖੇਡਾਂ ‘ਚ ਪਹਿਲੀ ਵਾਰ ਅਥਲੈਟਿਕਸ, ਬੈਡਮਿੰਟਨ ਅਤੇ ਪਾਵਰ ਲਿਫਟਿੰਗ ਖੇਡ ਨੂੰ ਵੀ ਸ਼ਾਮਲ ਕੀਤਾ ਹੈ। ਇਨ੍ਹਾਂ ‘ਚ ਖੇਡਾਂ ਦੇ ਤਿੰਨਾਂ ਵਰਗਾਂ ‘ਚ ਪੰਜਾਬ ਦੇ ਪੈਰਾ ਅਥਲੀਟ ਪੈਰਿਸ ਪੈਰਾਲੰਪਿਕਸ ‘ਚ ਭਾਗ ਲੈਣਗੇ | ਮੁੱਖ ਮੰਤਰੀ ਨੇ ਦੱਸਿਆ ਕਿ ਇਨ੍ਹਾਂ ਖੇਡਾਂ ਦੌਰਾਨ ਬਲਾਕ ਪੱਧਰੀ ਮੁਕਾਬਲੇ 1 ਤੋਂ 10 ਸਤੰਬਰ ਤੱਕ, ਜ਼ਿਲ੍ਹਾ ਪੱਧਰੀ ਮੁਕਾਬਲੇ 15 ਸਤੰਬਰ ਤੋਂ 22 ਸਤੰਬਰ ਤੱਕ ਅਤੇ ਸੂਬਾ ਪੱਧਰੀ ਮੁਕਾਬਲੇ 11 ਅਕਤੂਬਰ ਤੋਂ 9 ਨਵੰਬਰ ਤੱਕ ਕਰਵਾਏ ਜਾਣੇ ਹਨ ।
ਸੀਐੱਮ ਭਗਵੰਤ ਮਾਨ ਨੇ ਕਿਹਾ ਕਿ ‘ਖੇਡਾਂ ਵਤਨ ਪੰਜਾਬ ਦੀਆਂ’ ਦਾ ਦੂਜਾ ਸੀਜ਼ਨ ਸਾਲ 2023 ‘ਚ ਹੋਇਆ ਸੀ, ਇਸ ‘ਚ 4.5 ਲੱਖ ਖਿਡਾਰੀਆਂ ਨੇ ਭਾਗ ਲਿਆ ਸੀ ਅਤੇ 12,500 ਜੇਤੂ ਖਿਡਾਰੀਆਂ ਨੂੰ 8.87 ਕਰੋੜ ਰੁਪਏ ਦੇ ਇਨਾਮ ਵੰਡੇ ਸਨ।