ਚੰਡੀਗੜ੍ਹ, 22 ਅਗਸਤ 2024: ਹਰਿਆਣਾ (Haryana) ਦੇ ਮੁੱਖ ਚੋਣ ਅਧਿਕਾਰੀ ਪੰਕਜ ਅਗਰਵਾਲ ਨੇ ਦੱਸਿਆ ਕਿ ਭਾਰਤੀ ਚੋਣ ਕਮਿਸ਼ਨ ਵੱਲੋਂ ਹਰਿਆਣਾ ਵਿਧਾਨ ਸਭਾ ਦੀਆਂ ਆਮ ਚੋਣਾਂ ਦਾ ਪ੍ਰੋਗਰਾਮ ਐਲਾਨ ਦਿੱਤਾ ਗਿਆ ਹੈ। ਇਸ ਸਬੰਧੀ ਨੋਟੀਫਿਕੇਸ਼ਨ 5 ਸਤੰਬਰ, 2024 ਨੂੰ ਜਾਰੀ ਕੀਤਾ ਜਾਵੇਗਾ।
ਹਰਿਆਣਾ ਦੇ ਮੁੱਖ ਚੋਣ ਅਫ਼ਸਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਾਮਜ਼ਦਗੀ ਫਾਰਮ 12 ਸਤੰਬਰ, 2024 ਤੱਕ ਭਰੇ ਜਾ ਸਕਦੇ ਹਨ, 13 ਸਤੰਬਰ, 2024 ਨੂੰ ਨਾਮਜ਼ਦਗੀ ਪੱਤਰਾਂ ਦੀ ਸਮੀਖਿਆ ਕੀਤੀ ਜਾਵੇਗੀ | ਨਾਮਜ਼ਦਗੀ ਪੱਤਰ 16 ਸਤੰਬਰ, 2024 ਤੱਕ ਵਾਪਸ ਲਏ ਜਾ ਸਕਦੇ ਹਨ। ਸੂਬੇ ‘ਚ 1 ਅਕਤੂਬਰ, 2024 ਨੂੰ ਵੋਟਾਂ ਪੈਣਗੀਆਂ ਅਤੇ ਵੋਟਾਂ ਦੀ ਗਿਣਤੀ 4 ਅਕਤੂਬਰ, 2024 ਨੂੰ ਹੋਵੇਗੀ।
ਉਨ੍ਹਾਂ ਦੱਸਿਆ ਕਿ ਵੋਟਰ ਸੂਚੀ ਦੀ ਅੰਤਿਮ ਪ੍ਰਕਾਸ਼ਨਾ 27 ਅਗਸਤ, 2024 ਨੂੰ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜੇਕਰ 1 ਜੁਲਾਈ 2024 ਨੂੰ 18 ਸਾਲ ਦੀ ਉਮਰ ਪੂਰੀ ਕਰ ਚੁੱਕੇ ਨੌਜਵਾਨਾਂ ਦਾ ਨਾਮ ਵੋਟਰ ਸੂਚੀ ‘ਚ ਨਹੀਂ ਹੈ ਤਾਂ ਉਹ ਸਬੰਧਤ ਬੀ.ਐਲ.ਓ ਨਾਲ ਸੰਪਰਕ ਕਰਕੇ ਨਿਰਧਾਰਿਤ ਫਾਰਮ ਭਰ ਕੇ ਆਪਣੀ ਰਜਿਸਟਰੇਸ਼ਨ ਕਰਵਾਉਣ।
ਜੇਕਰ 27 ਅਗਸਤ ਨੂੰ ਪ੍ਰਕਾਸ਼ਿਤ ਵਿਸ਼ੇਸ਼ ਸੋਧੀ ਹੋਈ ਵੋਟਰ ਸੂਚੀ ‘ਚ ਨਾਮ ਨਹੀਂ ਹੈ ਤਾਂ ਉਹ ਬੀਐੱਲਓ ਨਾਲ ਸੰਪਰਕ ਕਰਕੇ ਫਾਰਮ 6 ਭਰ ਕੇ ਆਪਣੀ ਵੋਟ ਬਣਵਾ ਸਕਦੇ ਹਨ। ਨਾਮਜ਼ਦਗੀ ਪੱਤਰ ਪ੍ਰਾਪਤ ਕਰਨ ਦੀ ਆਖਰੀ ਮਿਤੀ 12 ਸਤੰਬਰ ਹੈ, ਤੁਸੀਂ ਆਖਰੀ ਮਿਤੀ ਤੋਂ 10 ਦਿਨ ਪਹਿਲਾਂ ਭਾਵ 2 ਸਤੰਬਰ ਤੱਕ ਵੋਟਿੰਗ ਲਈ ਅਪਲਾਈ ਕਰ ਸਕਦੇ ਹੋ।
ਉਨ੍ਹਾਂ ਦੱਸਿਆ ਕਿ ਸੂਬੇ (Haryana) ‘ਚ 2,03,27,631 ਵੋਟਰ ਆਪਣੀ ਵੋਟ ਦਾ ਇਸਤੇਮਾਲ ਕਰ ਸਕਣਗੇ, ਜਿਨ੍ਹਾਂ ‘ਚੋਂ 1,08,19,021 ਪੁਰਸ਼, 95,08,155 ਬੀਬੀਆਂ ਅਤੇ 455 ਥਰਡ ਜੈਂਡਰ ਦੇ ਵੋਟਰ ਹਨ। ਉਨ੍ਹਾਂ ਦੱਸਿਆ ਕਿ 18 ਤੋਂ 19 ਸਾਲ ਦੀ ਉਮਰ ਦੇ 4,82,896 ਨੌਜਵਾਨ ਵੋਟਰ ਹਨ। ਇਸੇ ਤਰ੍ਹਾਂ 1,49,387 ਦਿਵੀਆਂਗ ਵੋਟਰ, 2,42,818 ਵੋਟਰ 85 ਸਾਲ ਤੋਂ ਵੱਧ ਉਮਰ ਦੇ ਹਨ। ਇਸ ਤੋਂ ਇਲਾਵਾ 100 ਸਾਲ ਤੋਂ ਵੱਧ ਉਮਰ ਦੇ ਵੋਟਰਾਂ ਦੀ ਗਿਣਤੀ 9,554 ਹੈ। ਇਸੇ ਤਰ੍ਹਾਂ 20 ਤੋਂ 29 ਸਾਲ ਦੀ ਉਮਰ ਦੇ 41,52,806 ਵੋਟਰ ਹਨ।
ਪਕੰਜ ਅਗਰਵਾਲ ਨੇ ਦੱਸਿਆ ਕਿ ਇਸ ਵਾਰ ਸੂਬੇ ‘ਚ ਕੁੱਲ 20629 ਪੋਲਿੰਗ ਬੂਥ ਹੋਣਗੇ, ਜਿਨ੍ਹਾਂ ‘ਚੋਂ 7132 ਸ਼ਹਿਰੀ ਖੇਤਰਾਂ ‘ਚ ਅਤੇ 13497 ਪੇਂਡੂ ਖੇਤਰਾਂ ‘ਚ ਹੋਣਗੇ। ਸੂਬੇ ‘ਚ 10495 ਥਾਵਾਂ ’ਤੇ ਇਹ ਪੋਲਿੰਗ ਬੂਥ ਬਣਾਏ ਗਏ ਹਨ।
ਉਨ੍ਹਾਂ ਦੱਸਿਆ ਕਿ ਸੂਬੇ (Haryana) ‘ਚ ਕੁੱਲ 90 ਵਿਧਾਨ ਸਭਾ ਹਲਕੇ ਹਨ, ਜਿਨ੍ਹਾਂ ਵਿੱਚੋਂ 17 ਵਿਧਾਨ ਸਭਾ ਹਲਕੇ ਰਾਖਵੇਂ ਹਨ। ਇਸ ਤੋਂ ਇਲਾਵਾ ਉਮੀਦਵਾਰ ਚੋਣਾਂ ‘ਚ 40 ਲੱਖ ਰੁਪਏ ਤੱਕ ਖਰਚ ਕਰ ਸਕਦਾ ਹੈ | ਇਸ ਲਈ ਉਸ ਨੂੰ ਜ਼ਿਲਾ ਚੋਣ ਅਫਸਰ ਰਾਹੀਂ ਵੱਖਰੇ ਬੈਂਕ ਖਾਤੇ ਦੀ ਜਾਣਕਾਰੀ ਦੇਣੀ ਪਵੇਗੀ।
ਇਸ ਤੋਂ ਇਲਾਵਾ ਚੋਣ ਲੜ ਰਹੇ ਉਮੀਦਵਾਰਾਂ ਅਤੇ ਸਿਆਸੀ ਪਾਰਟੀਆਂ ਨੂੰ ਆਪਣੇ ਉਮੀਦਵਾਰਾਂ ਦੇ ਅਪਰਾਧਿਕ ਪਿਛੋਕੜ ਬਾਰੇ ਜਾਣਕਾਰੀ ਜਨਤਕ ਕਰਨੀ ਹੋਵੇਗੀ, ਜਿਸ ਨੂੰ ਉਨ੍ਹਾਂ ਨੂੰ ਤਿੰਨ ਵਾਰ ਅਖ਼ਬਾਰਾਂ ਅਤੇ ਟੀਵੀ ਨਿਊਜ਼ ਚੈਨਲਾਂ ‘ਚ ਪ੍ਰਕਾਸ਼ਿਤ ਕਰਨਾ ਹੋਵੇਗਾ। ਇਹ 16 ਅਗਸਤ ਤੋਂ 30 ਸਤੰਬਰ ਤੱਕ ਦੇਣਾ ਹੋਵੇਗਾ। ਇਸ ਤੋਂ ਇਲਾਵਾ ਸਿਆਸੀ ਪਾਰਟੀਆਂ ਨੂੰ ਇਹ ਜਾਣਕਾਰੀ ਆਪਣੀਆਂ ਅਧਿਕਾਰਤ ਵੈੱਬਸਾਈਟਾਂ ‘ਤੇ ਮੁਹੱਈਆ ਕਰਵਾਉਣੀ ਹੋਵੇਗੀ