ਬਾਬਾ ਬਕਾਲਾ, 19 ਅਗਸਤ 2024: ਮੁੱਖ ਮੰਤਰੀ ਭਗਵੰਤ ਮਾਨ ਅੱਜ ਰੱਖੜ ਪੁੰਨਿਆ ਮੌਕੇ ਰਾਜ ਪੱਧਰੀ ਸਮਾਗਮ ‘ਚ ਪਹੁੰਚੇ | ਇਸ ਦੌਰਾਨ ਉਨ੍ਹਾਂ ਨੇ ਬਾਬਾ ਬਕਾਲਾ ਦੇ ਗੁਰਦੁਆਰਾ ਨੌਵੀਂ ਪਾਤਸ਼ਾਹੀ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਸਰਬੱਤ ਦਾ ਭਲਾ ਮੰਗਿਆ | ਇਸ ਦੌਰਾਨ ਮੁੱਖ ਮੰਤਰੀ ਨੇ ਸ਼੍ਰੋਮਣੀ ਅਕਾਲੀ ਦਲ ‘ਤੇ ਤਿੱਖਾ ਸ਼ਬਦੀ ਹਮਲਾ ਕਰਦਿਆਂ ਕਿਹਾ ਕਿ ਪੰਥ ਦੇ ਨਾਂ ‘ਤੇ ਵੋਟਾਂ ਮੰਗਣ ਵਾਲੀ ਇਸ ਪਾਰਟੀ ਨੇ ਸੰਸਦ ‘ਚ ਕਦੇ ਵੀ ਪੰਜਾਬ (Punjab) ਦੀ ਗੱਲ ਨਹੀਂ ਕੀਤੀ।
ਉਨ੍ਹਾਂ ਕਿਹਾ ਕਿ ਇਸ ਪਾਰਟੀ ਦੇ ਆਗੂ ਸੰਸਦ ‘ਚ ਪੰਜਾਬ ਦੇ ਮਸਲਿਆਂ ‘ਤੇ ਮੂਕ ਦਰਸ਼ਕ ਬਣੇ ਰਹੇ | ਸੀਐੱਮ ਭਗਵੰਤ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ 26 ਦਸੰਬਰ, 2018 ਨੂੰ ਲੋਕ ਸਭਾ ਮੈਂਬਰ ਵਜੋਂ ਆਪਣੇ ਕਾਰਜਕਾਲ ਦੌਰਾਨ ਤਤਕਾਲੀ ਲੋਕ ਸਭਾ ਸਪੀਕਰ ਸੁਮਿੱਤਰਾ ਮਹਾਜਨ ਕੋਲ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਨੂੰ ਉਨ੍ਹਾਂ ਦੇ ਸ਼ਹੀਦੀ ਦਿਹਾੜੇ ‘ਤੇ ਸ਼ਰਧਾਂਜਲੀ ਦੇਣ ਦੀ ਅਪੀਲ ਕੀਤੀ ਸੀ।
ਇਸ ਦੌਰਾਨ ਲੋਕ ਸਭਾ ਸਪੀਕਰ ਨੇ ਉਨ੍ਹਾਂ ਦੀ ਅਪੀਲ ਨਾਲ ਸਹਿਮਤ ਹੁੰਦਿਆਂ ਸੰਸਦ ਦੇ ਇਤਿਹਾਸ ‘ਚ ਪਹਿਲੀ ਵਾਰ ਸਤਿਕਾਰ ਵਜੋਂ ਸਾਹਿਬਜ਼ਾਦਿਆਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ | ਉਨ੍ਹਾਂ ਕਿਹਾ ਕਿ ਅਕਾਲੀ ਦਲ ਨੇ ਕਦੇ ਵੀ ਸਾਹਿਬਜ਼ਾਦਿਆਂ ਨੂੰ ਸੰਸਦ ‘ਚ ਸਤਿਕਾਰ ਭੇਂਟ ਕਰਨ ਬਾਰੇ ਅਰਜ਼ੀ ਤੱਕ ਨਹੀਂ ਦਿੱਤੀ ਅਤੇ ਇਹ ਪਾਰਟੀ ਪੰਥਪ੍ਰਸਤ ਅਤੇ ਪੰਜਾਬਪ੍ਰਸਤ ਹੋਣ ਦਾ ਦਾਅਵਾ ਕਰ ਰਹੀ ਹੈ।
ਉਨ੍ਹਾਂ ਕਿਹਾ ਕਿ ਪੰਜਾਬ (Punjab) ਨੂੰ ਅਮਨ-ਕਾਨੂੰਨ ਦਾ ਪਾਠ ਪੜ੍ਹਾਉਣ ਵਾਲੀ ਭਾਜਪਾ ਨੂੰ ਕਿਸੇ ‘ਤੇ ਉਂਗਲ ਚੁੱਕਣ ਤੋਂ ਪਹਿਲਾਂ ਆਪਣੀ ਪੀੜ੍ਹੀ ਹੇਠ ਸੋਟਾ ਫੇਰਨਾ ਚਾਹੀਦਾ ਹੈ।ਉਨ੍ਹਾਂ ਕਿਹਾ ਕਿ ਉੱਤਰ ਪ੍ਰਦੇਸ਼ ਅਤੇ ਹਰਿਆਣਾ ‘ਚ ਭਾਜਪਾ ਦੀ ਅਗਵਾਈ ਵਾਲੀਆਂ ਸਰਕਾਰਾਂ ਨੂੰ ਰਾਮ ਨੌਮੀ ਵਰਗੇ ਤਿਉਹਾਰਾਂ ਮੌਕੇ ਕਰਫਿਊ ਲਗਾਉਣਾ ਪੈਂਦਾ ਹੈ, ਜੋ ਕਿ ਉਥੋਂ ਦੀ ਕਾਨੂੰਨ ਵਿਵਸਥਾ ਦੀ ਮਾੜੀ ਸਥਿਤੀ ਦੀ ਜਿਉਂਦੀ ਜਾਗਦੀ ਮਿਸਾਲ ਹੈ। ਉਨ੍ਹਾਂ ਨੇ ਭਾਜਪਾ ਨੂੰ ਹਰਿਆਣਾ ਦੇ ਨੂੰਹ ਇਲਾਕੇ ‘ਚ ਲਗਾਏ ਗਏ ਕਰਫਿਊ ਦੀ ਗੱਲ ਦੁਹਰਾਈ |
ਉਨ੍ਹਾਂ ਕਿਹਾ ਕਿ ਪੰਜਾਬ (Punjab) ‘ਚ ਸਾਰੇ ਧਰਮਾਂ ਦੇ ਤਿਉਹਾਰ ਸਾਂਝੇ ਤੌਰ ਉਤੇ ਮਨਾਏ ਜਾਂਦੇ ਹਨ ਅਤੇ ਮੇਰੇ ਕਾਰਜਕਾਲ ਦੌਰਾਨ ਇਕ ਦਿਨ ਵੀ ਇੱਥੇ ਕਰਫਿਊ ਨਹੀਂ ਲੱਗਿਆ ਕਿਉਂਕਿ ਸਾਡੀ ਧਰਤੀ ਗੁਰੂਆਂ ਅਤੇ ਸ਼ਹੀਦਾਂ ਦੀ ਧਰਤੀ ਹੈ | ਜਿਸ ਕਰਕੇ ਪੰਜਾਬੀਆਂ ਨੂੰ ਦੁਨੀਆ ਭਰ ‘ਚ ਆਪਸੀ ਪਿਆਰ ਅਤੇ ਭਾਈਚਾਰਕ ਸਾਂਝ ਕਰਕੇ ਜਾਣਿਆ ਜਾਂਦਾ ਹੈ।”
ਮੁੱਖ ਮੰਤਰੀ ਨੇ ਕਿਹਾ ਕਿ ਇਸ ਜਲੰਧਰ ਪੱਛਮੀ ਜ਼ਿਮਨੀ ਚੋਣ ਤੋਂ ਬਾਅਦ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਅਤੇ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ‘ ਤੰਜ ਕੱਸਿਆ | ਉਨ੍ਹਾਂ ਕਿਹਾ ਕਿ ਪ੍ਰਤਾਪ ਬਾਜਵਾ ਅਤੇ ਸੁਨੀਲ ਜਾਖੜ ਸਿਆਸੀ ਖੇਤਰ ‘ਚੋਂ ‘ਲਾਪਤਾ’ ਹੀ ਹੋ ਗਏ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਵਾਸੀਆਂ ਨੂੰ ਮਿਆਰੀ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਪੰਜਾਬ ਸਰਕਾਰ ਨੇ ਸੂਬਾ ਭਰ ‘ਚ 842 ਆਮ ਆਦਮੀ ਕਲੀਨਿਕ ਸਥਾਪਤ ਕੀਤੇ ਹਨ | ਇਨ੍ਹਾਂ ‘ਚ ਹੁਣ ਤੱਕ 2 ਕਰੋੜ ਤੋਂ ਵੱਧ ਲੋਕ ਇਨ੍ਹਾਂ ਕਲੀਨਿਕਾਂ ਦਾ ਲਾਭ ਲੈ ਚੁੱਕੇ ਹਨ | ਇਸਦੇ ਨਾਲ ਹੀ ਇਨ੍ਹਾਂ ਕਲੀਨਿਕਾਂ ‘ਚ ਹਰ ਰੋਜ਼ ਆਉਂਦੇ 95 ਫੀਸਦੀ ਮਰੀਜ਼ ਆਪਣੀਆਂ ਬਿਮਾਰੀਆਂ ਤੋਂ ਛੁਟਕਾਰਾ ਪਾ ਚੁੱਕੇ ਹਨ। ਮੁੱਖ ਮੰਤਰੀ ਨੇ ਦੱਸਿਆ ਕਿ 30 ਹੋਰ ਅਜਿਹੇ ਆਮ ਆਦਮੀ ਕਲੀਨਿਕ ਸਥਾਪਤ ਕੀਤੇ ਜਾ ਰਹੇ ਹਨ
ਮੁਖ ਮੰਤਰੀ ਨੇ ਕਿਹਾ ਕਿ ਪੰਜਾਬ ਦੇ 90 ਫੀਸਦੀ ਘਰਾਂ ਨੂੰ ਬਿਜਲੀ ਮੁਫ਼ਤ ਮਿਲ ਰਹੀ ਹੈ | ਪੰਜਾਬ ਸਰਕਾਰ ਨੇ ਆਪਣੇ ਸਿਰਫ਼ 880 ਦਿਨਾਂ ਦੇ ਕਾਰਜਕਾਲ ‘ਚ 44700 ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ ਹਨ |