ਬਰਨਾਲਾ, 17 ਅਗਸਤ 2024: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਰੱਖੜੀ ਦੇ ਮੌਕੇ ‘ਤੇ ਪੰਜਾਬ ਦੀਆਂ ਬੀਬੀਆਂ ਨੂੰ ਵੱਡਾ ਤੋਹਫਾ ਦਿੰਦਿਆਂ ਆਂਗਣਵਾੜੀ ਵਰਕਰਾਂ (Anganwadi workers) ਦੀਆਂ 3000 ਨਵੀਂਆਂ ਭਰਤੀਆਂ ਅਤੇ ਬੀਬੀਆਂ ਲਈ ਰੁਜ਼ਗਾਰ ਦੇ ਵੱਡੇ ਮੌਕੇ ਪੈਦਾ ਦਾ ਐਲਾਨ ਕੀਤਾ ਹੈ।
ਮੁੱਖ ਮੰਤਰੀ ਨੇ ਰੱਖੜੀ ਦੇ ਮੌਕੇ ‘ਤੇ ਰਾਜ ਪੱਧਰੀ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਨੇ ਇਸ ਸਬੰਧੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ ਅਤੇ ਛੇਤੀ ਹੀ ਇਨ੍ਹਾਂ ਅਸਾਮੀਆਂ ‘ਤੇ ਭਰਤੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਕਦਮ ਨਾਲ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਹੋਣਗੇ ਜੋ ਬੀਬੀਆਂ ਦੇ ਹੋਰ ਅਧਿਕਾਰਾਂ ਲਈ ਬੇਹੱਦ ਸਹਾਈ ਹੋਣਗੇ। ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਆਂਗਣਵਾੜੀ ਵਰਕਰਾਂ (Anganwadi workers) ਦੀਆਂ ਹੱਕੀ ਮੰਗਾਂ ਵੱਲ ਹਮਦਰਦੀ ਨਾਲ ਵਿਚਾਰ ਕਰ ਰਹੀ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਬੀਬੀਆਂ ਦੇ ਸਸ਼ਕਤੀਕਰਨ ਲਈ ਕਈ ਉਪਰਾਲੇ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਦੇ ਛੇ ਜ਼ਿਲ੍ਹਿਆਂ ‘ਚ ਸੀਨੀਅਰ ਪੁਲਿਸ ਕਪਤਾਨ ਅਤੇ ਅੱਠ ਜ਼ਿਲ੍ਹਿਆਂ ‘ਚ ਡਿਪਟੀ ਕਮਿਸ਼ਨਰਾਂ ਵਜੋਂ ਬੀਬੀ ਅਧਿਕਾਰੀਆਂ ਨੂੰ ਨਿਯੁਕਤ ਕੀਤਾ ਹੈ। ਪੰਜਾਬ ‘ਚ ਅੱਗ ਬੁਝਾਊ ਸਟਾਫ ‘ਚ ਬੀਬੀਆਂ ਦੀ ਭਰਤੀ ਲਈ ਫਿਜ਼ੀਕਲ ਟੈਸਟ ਦੇ ਮੌਜੂਦਾ ਮਾਪਦੰਡ ਬਦਲਣ ਲਈ ਨਿਯਮਾਂ ‘ਚ ਲੋੜੀਂਦੀਆਂ ਸੋਧਾਂ ਕੀਤੀਆਂ ਜਾ ਰਹੀਆਂ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਆਪਣੀ ਕਿਸਮ ਦੀ ਪਹਿਲੀ ਸੜਕ ਸੁਰੱਖਿਆ ਫੋਰਸ ਕਾਇਮ ਕੀਤੀ ਹੈ ਤਾਂ ਕਿ ਸੜਕ ਹਾਦਸਿਆਂ ‘ਚ ਕੀਮਤੀ ਜਾਨਾਂ ਬਚਾਈਆਂ ਜਾ ਸਕਣ | ਇਸ ‘ਚ ਨਵੇਂ ਭਰਤੀ 1597 ਮੁਲਾਜ਼ਮ ਕੰਮ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਅਤਿ-ਆਧੁਨਿਕ ਮਸ਼ੀਨਰੀ ਨਾਲ ਲੈਸ 144 ਵਾਹਨ ਮੁਹੱਈਆ ਕੀਤੇ ਹਨ। ਇਸ ਫੋਰਸ ਪਿਛਲੇ ਸਾਲ ਦੇ ਮੁਕਾਬਲੇ ਸੜਕ ਹਾਦਸਿਆਂ ‘ਚ ਲਗਭਗ 1300 ਕੀਮਤੀ ਜਾਨਾਂ ਬਚਾਈਆਂ ਹਨ | ਇਸ ਤੋਂ ਇਲਾਵਾ ਹਾਦਸਿਆਂ ‘ਚ ਫੱਟੜ ਹੋਣ ਵਾਲਿਆਂ ਦੇ 90 ਲੱਖ ਰੁਪਏ ਦੀ ਕੀਮਤ ਦੇ ਰੂਪ ‘ਚ ਨਕਦੀ ਅਤੇ ਵਸਤਾਂ ਨੂੰ ਸੁਰੱਖਿਅਤ ਵਾਪਸ ਕੀਤਾ ਹੈ। ਇਹ ਫੋਰਸ ਸ਼ਾਹਰਾਹਾਂ ਦੇ 4200 ਕਿਲੋਮੀਟਰ ਉਤੇ ਤਾਇਨਾਤ ਕੀਤੀ ਗਈ ਹੈ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਹੁਣ ਤੱਕ 44700 ਨੌਜਵਾਨਾਂ ਨੂੰ ਵੱਖ-ਵੱਖ ਵਿਭਾਗਾਂ ‘ਚ ਸਰਕਾਰੀ ਨੌਕਰੀਆਂ ਦਿੱਤੀਆਂ ਹਨ।