Vigilance Bureau

ਤਨਖ਼ਾਹਾਂ ਦੀ ਵੰਡ ‘ਚ 14.46 ਲੱਖ ਰੁਪਏ ਦੇ ਘਪਲੇ ਦੋਸ਼ ਹੇਠ ਵਿਜੀਲੈਂਸ ਵੱਲੋਂ ਸੇਵਾਮੁਕਤ SMO ਤੇ ਉਸਦਾ ਕਲਰਕ ਗ੍ਰਿਫ਼ਤਾਰ

ਕਪੂਰਥਲਾ, 31 ਜੁਲਾਈ, 2024: ਪੰਜਾਬ ਵਿਜੀਲੈਂਸ ਬਿਊਰੋ (Vigilance Bureau) ਨੇ ਮੁੱਢਲੇ ਸਿਹਤ ਕੇਂਦਰ (PHC), ਢਿੱਲਵਾਂ ਦੇ ਕਰਮਚਾਰੀਆਂ ਦੀਆਂ ਤਨਖ਼ਾਹਾਂ ਦੀ ਵੰਡ ‘ਚ ਹੋਏ ਘਪਲੇ ਦੀ ਜਾਂਚ ਤੋਂ ਬਾਅਦ ਸੇਵਾਮੁਕਤ SMO ਡਾ. ਲਖਵਿੰਦਰ ਸਿੰਘ ਚਾਹਲ ਅਤੇ ਸੀਨੀਅਰ ਸਹਾਇਕ ਰਣਜੀਤ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ।

ਇਸ ਬਾਰੇ ਵਿਜੀਲੈਂਸ ਨੇ ਦੱਸਿਆ ਕਿ ਮੁਕੱਦਮੇ ਦੇ ਇੱਕ ਮੁਲਜ਼ਮ ਕਲਰਕ ਰਾਜਵਿੰਦਰ ਸਿੰਘ ਪਹਿਲਾਂ ਹੀ ਖ਼ਿਲਾਫ਼ ਸਬ-ਡਿਵੀਜ਼ਨਲ ਹਸਪਤਾਲ ਵਿਖੇ ਤਨਖ਼ਾਹਾਂ ‘ਚ ਘਪਲੇ ਦੇ ਮਾਮਲੇ ‘ਚ ਸ਼ਾਮਲ ਸੀ | ਵਿਜੀਲੈਂਸ ਨੇ ਉਨ੍ਹਾਂ ਖ਼ਿਲਾਫ ਸਾਲ 2013 ‘ਚ ਅੰਮ੍ਰਿਤਸਰ ਰੇਂਜ ਵਿਖੇ ਕੇਸ ਵੀ ਦਰਜ ਕੀਤਾ ਸੀ। ਇਸਤੋਂ ਬਾਅਦ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੇ ਡਾਇਰੈਕਟਰ ਨੇ ਮੁਲਜ਼ਮ ਕਲਰਕ ਦਾ ਤਬਾਦਲਾ ਸਾਲ 2016 ‘ਚ ਪੀ.ਐਚ.ਸੀ. ਢਿੱਲਵਾਂ ‘ਚ ਕਰ ਦਿੱਤਾ ਸੀ |

ਉਨ੍ਹਾਂ (Vigilance Bureau) ਦੱਸਿਆ ਕਿ ਢਿੱਲਵਾਂ ਦੇ ਐਸ.ਐਮ.ਓ. ਡਾ. ਲਖਵਿੰਦਰ ਸਿੰਘ ਚਹਿਲ ਨੇ ਉਕਤ ਮੁਲਜ਼ਮ ਖ਼ਿਲਾਫ ਤਨਖ਼ਾਹਾਂ ‘ਚ ਘਪਲਾ ਕਰਨ ਸਬੰਧੀ ਕੇਸ ਦਰਜ ਹੋਣ ਦੀ ਜਾਣਕਾਰੀ ਸੀ, ਇਸਦੇ ਬਾਵਜੂਦ ਵੀ ਇਸ ਮੁਲਜ਼ਮ ਕਲਰਕ ਨੂੰ ਤਨਖ਼ਾਹਾਂ ਦਾ ਹਿਸਾਬ ਰੱਖਣ ਲਈ ਆਪਣੇ ਜ਼ੁਬਾਨੀ ਹੁਕਮਾਂ ‘ਤੇ ਇੱਕ ਹੋਰ ਕਰਮਚਾਰੀ ਬਿੱਲ ਕਲਰਕ ਰਣਜੀਤ ਸਿੰਘ ਨਾਲ ਸਹਾਇਕ ਵਜੋਂ ਤਾਇਨਾਤ ਕੀਤਾ ਗਿਆ ਸੀ।

ਵਿਜੀਲੈਂਸ ਨੇ ਦੱਸਿਆ ਕਿ ਪੜਤਾਲ ‘ਚ ਪਤਾ ਲੱਗਿਆ ਕਿ ਮੁਲਜ਼ਮ ਕਲਰਕ ਰਾਜਵਿੰਦਰ ਸਿੰਘ ਦੇ ਵੱਖ-ਵੱਖ ਬੈਂਕਾਂ ਤੋਂ ਪ੍ਰਾਪਤ ਹੋਈਆਂ ਬੈਂਕ ਸਟੇਟਮੈਂਟਾਂ ਤੋਂ ਸਾਬਤ ਹੋਇਆ ਹੈ ਕਿ ਮੁਲਜ਼ਮ ਨੇ ਲੰਮੀ ਛੁੱਟੀ ’ਤੇ ਚੱਲ ਰਹੇ ਮੁਲਾਜ਼ਮਾਂ ਦੀਆਂ ਜਾਅਲੀ ਤਨਖ਼ਾਹਾਂ ਅਤੇ ਮਹਿੰਗਾਈ ਭੱਤੇ ਦੇ ਬਿੱਲ ਤਿਆਰ ਕੀਤੇ ਸਨ | ਇਨਾ ’ਤੇ ਉਕਤ ਮੁਲਜ਼ਮ ਰਣਜੀਤ ਸਿੰਘ ਵੱਲੋਂ ਕਾਊਂਟਰ ਦਸਤਖ਼ਤ ਕੀਤੇ ਹੋਏ ਸਨ ਅਤੇ ਐਸ.ਐਮ.ਓ. ਡਾ. ਚਾਹਲ ਨੇ ਪ੍ਰਵਾਨਗੀ ਦਿੱਤੀ ਸੀ । ਵਿਜੀਲੈਂਸ ਨੇ ਦੱਸਿਆ ਕਿ ਉਕਤ ਕਲਰਕ ਰਾਜਵਿੰਦਰ ਸਿੰਘ ਨੇ ਖਜ਼ਾਨਾ ਦਫ਼ਤਰ ਭੁਲੱਥ ਤੋਂ ਇਹ ਜਾਅਲੀ ਬਿੱਲ ਪਾਸ ਕਰਵਾ ਕੇ ਆਪਣੇ ਨਿੱਜੀ ਬੈਂਕ ਖਾਤਿਆਂ ‘ਚ ਜਮ੍ਹਾਂ ਕਰਵਾਕੇ ਕੁੱਲ 14,46,550 ਰੁਪਏ ਘਪਲਾ ਕੀਤਾ ਸੀ।

ਵਿਜੀਲੈਂਸ ਬਿਊਰੋ ਥਾਣਾ, ਜਲੰਧਰ ਰੇਂਜ ਵਿਖੇ ਇਨ੍ਹਾਂ 3 ਮੁਲਜ਼ਮਾਂ ਡਾ. ਲਖਵਿੰਦਰ ਚਾਹਲ, ਰਣਜੀਤ ਸਿੰਘ ਅਤੇ ਰਾਜਵਿੰਦਰ ਸਿੰਘ ਦੇ ਖ਼ਿਲਾਫ਼ ਆਈਪੀਸੀ ਦੀ ਧਾਰਾ 409, 467, 468, 471, 201, 120-ਬੀ ਅਤੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ 13 (1)ਏ ਅਤੇ 13 (2) ਤਹਿਤ ਕੇਸ ਦਰਜ ਕੀਤਾ ਹੈ। ਡਾ. ਚਾਹਲ ਅਤੇ ਰਣਜੀਤ ਸਿੰਘ ਨੂੰ ਅੱਜ ਅਦਾਲਤ ‘ਚ ਪੇਸ਼ ਕੀਤਾ ਅਤੇ ਦੋਵਾਂ ਮੁਲਜ਼ਮਾਂ ਨੂੰ ਨਿਆਂਇਕ ਹਿਰਾਸਤ ‘ਚ ਭੇਜ ਦਿੱਤਾ ਹੈ ਅਤੇ ਇਸ ਕੇਸ ਦੀ ਅਗਲੇਰੀ ਜਾਂਚ ਜਾਰੀ ਸੀ।

Scroll to Top