ਨਵੀਂ ਦਿੱਲੀ/ਚੰਡੀਗੜ੍ਹ, 27 ਜੁਲਾਈ 2024: ਆਮ ਆਦਮੀ ਪਾਰਟੀ ਦੇ ਸੰਗਰੂਰ ਤੋਂ ਲੋਕ ਸਭਾ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ (Meet Hayer) ਨੇ ਕੇਂਦਰੀ ਸੜਕ ਤੇ ਆਵਾਜਾਈ ਮੰਤਰੀ ਨਿਤਿਨ ਗਡਕਰੀ ਕੋਲ ਸੰਸਦੀ ਹਲਕੇ ਨਾਲ ਸੰਬੰਧਿਤ 3 ਅਹਿਮ ਹਾਈਵੇ ਪ੍ਰਾਜੈਕਟਾਂ (Highway Projects) ਦੇ ਮੁੱਦੇ ਮੁਲਾਕਾਤ ਕੀਤੀ ਹੈ |
ਮੀਤ ਹੇਅਰ (Meet Hayer) ਨੇ ਕੇਂਦਰੀ ਮੰਤਰੀ ਕੋਲ ਬਰਨਾਲਾ-ਮੋਗਾ ਕੌਮੀ ਮਾਰਗ 703 ‘ਤੇ ਚੀਮਾ-ਜੋਧਪੁਰ ਵਿਖੇ ਫਲਾਈਓਵਰ ਬਣਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਦੱਸਿਆ ਕਿ ਸੜਕ ਦੇ ਦੋਵੇਂ ਪਾਸੇ ਦੋ ਪਿੰਡ ਚੀਮਾ ਤੇ ਜੋਧਪੁਰ ਪੈਂਦੇ ਹੋਣ ਕਾਰਨ ਪਿੰਡ ਵਾਸੀਆਂ ਨੂੰ ਬੱਸ ਅੱਡੇ ਨੇੜੇ ਉਸ ਪਾਰ ਜਾਣ ‘ਚ ਮੁਸ਼ਕਿਲਾਂ ਆਉਂਦੀਆਂ ਹਨ | ਉਨ੍ਹਾਂ ਕਿਹਾ ਕਿ ਉੱਥੇ ਫਲਾਈਓਵਰ ਨਾ ਹੋਣ ਕਾਰਨ ਹਾਦਸਿਆਂ ਦਾ ਖਤਰਾ ਬਣਿਆ ਰਹਿੰਦਾ ਹੈ।
ਇਸਦੇ ਨਾਲ ਹੀ ਦੂਜਾ ਮਸਲੇ ਬਾਰੇ ਉਨ੍ਹਾਂ ਕਿਹਾ ਕਿ ਬਰਨਾਲਾ-ਸੰਗਰੂਰ ਕੌਮੀ ਮਾਰਗ 64 ‘ਤੇ ਬਡਬਰ ਪਿੰਡ ਵਿਖੇ ਫਲਾਈਓਵਰ ਦੀ ਬਹੁਤ ਲੋੜ ਹੈ। ਇਸ ਥਾਂ ਤੋਂ ਲੌਂਗੋਵਾਲ-ਸੁਨਾਮ ਵੱਲ ਵੱਖਰੀ ਰੋਡ ਨਿਕਲਦੀ ਹੈ, ਜਿਸ ਕਰਕੇ ਜਾਮ ਲੱਗਿਆ ਰਹਿੰਦਾ ਹੈ | ਇਸ ਲਈ ਫਲਾਈਓਵਰ ਬਣਾਉਣ ਦੀ ਤੁਰੰਤ ਲੋੜ ਹੈ।
ਮੀਤ ਹੇਅਰ ਨੇ ਤੀਜਾ ਮਸਲੇ ਬਾਰੇ ਕਿਹਾ ਕਿ ਬਰਨਾਲਾ ਤੋਂ ਮੋਗਾ, ਸੰਗਰੂਰ ਅਤੇ ਬਠਿੰਡਾ ਵੱਲ ਜਾਂਦੇ ਕੌਮੀ ਮਾਰਗਾਂ ‘ਤੇ ਸ਼ਹਿਰ ਤੋਂ ਬਾਈਪਾਸ ਨਾਲ ਜੋੜਦੀਆਂ ਦੋ ਸੜਕਾਂ ਨੂੰ ਚੌੜਾ ਕਰਨ ਦੀ ਵੀ ਮੰਗ ਰੱਖੀ ਹੈ । ਇਸ ‘ਚ ਪਹਿਲੀ ਸੜਕ ਸਾਢੇ ਸੱਤ ਕਿਲੋਮੀਟਰ ਹੈ, ਜੋ ਜੇਲ੍ਹ ਤੋਂ ਬਰਨਾਲਾ ਸ਼ਹਿਰ ‘ਚ ਕਚਹਿਰੀ, ਆਈ.ਟੀ.ਆਈ ਚੌਕ ‘ਚੋਂ ਗੁਜ਼ਰਦੀ ਹੰਢਿਆਇਆ ਚੌਕ ਤੱਕ ਜਾਂਦੀ ਹੈ ਅਤੇ ਦੂਜੀ ਸੜਕ ਆਈ.ਟੀ.ਆਈ ਚੌਕ ਤੋਂ ਹੰਢਿਆਇਆ ਤੱਕ ਸਾਢੇ ਤਿੰਨ ਕਿਲੋਮੀਟਰ ਹੈ। ਇਹ ਕੁੱਲ 10 ਕਿਲੋਮੀਟਰ ਸੜਕ ਨੂੰ ਚੌੜਾ ਕਰਨ ਦੀ ਲੋੜ ਹੈ ਤਾਂ ਜੋ ਟ੍ਰੈਫਿਕ ਵਿਵਸਥਾ ਹੋਰ ਸੁਖਾਲੀ ਹੋ ਸਕੇ। ਇਸ ਦੌਰਾਨ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਲੋਕ ਸਭਾ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਵੱਲੋਂ ਉਠਾਏ ਤਿੰਨੇ ਮਾਮਲਿਆਂ ਦੇ ਹੱਲ ਦਾ ਵਿਸ਼ਵਾਸ ਦਿਵਾਇਆ ਹੈ ।