ਚੰਡੀਗੜ੍ਹ, 26 ਜੁਲਾਈ 2024: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 25ਵੇਂ ਕਾਰਗਿਲ ਵਿਜੇ ਦਿਹਾੜੇ (Kargil Vijay Diwas) ਦੇ ਮੌਕੇ ‘ਤੇ ਦਰਾਸ ਸਥਿਤ ਕਾਰਗਿਲ ਯੁੱਧ ਸਮਾਰਕ ‘ਤੇ ਕਾਰਗਿਲ ਜੰਗ ਦੇ ਨਾਇਕਾਂ ਨੂੰ ਸ਼ਰਧਾਂਜਲੀ ਦਿੱਤੀ। ਜਿਕਰਯੋਗ ਹੈ ਕਿ 26 ਜੁਲਾਈ 1999 ਨੂੰ ਭਾਰਤ ਨੇ ਕਾਰਗਿਲ ਜੰਗ ਜਿੱਤੀ ਸੀ। ਇਸ ਦਿਨ ਨੂੰ ਹਰ ਸਾਲ ਕਾਰਗਿਲ ਵਿਜੇ ਦਿਵਸ ਵਜੋਂ ਮਨਾਇਆ ਜਾਂਦਾ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਕਾਰਗਿਲ ਵਿਜੇ ਦਿਹਾੜਾ (Kargil Vijay Diwas) ਸਾਨੂੰ ਦੱਸਦਾ ਹੈ ਕਿ ਦੇਸ਼ ਲਈ ਕੀਤੀਆਂ ਕੁਰਬਾਨੀਆਂ ਅਮਰ ਹਨ। ਪੀਐਮ ਮੋਦੀ ਨੇ ਕਿਹਾ ਕਿ ਮੈਨੂੰ ਯਾਦ ਹੈ ਕਿ ਕਿਵੇਂ ਸਾਡੀਆਂ ਫੌਜਾਂ ਨੇ ਇੰਨੀ ਉੱਚਾਈ ‘ਤੇ ਅਜਿਹੇ ਮੁਸ਼ਕਿਲ ਯੁੱਧ ਆਪਰੇਸ਼ਨ ਕੀਤੇ। ਮੈਂ ਅਜਿਹੇ ਸਾਰੇ ਬਹਾਦਰਾਂ ਨੂੰ ਸਤਿਕਾਰ ਨਾਲ ਸਲਾਮ ਕਰਦਾ ਹਾਂ ਜਿਨ੍ਹਾਂ ਨੇ ਦੇਸ਼ ਨੂੰ ਜਿੱਤ ਦਿਵਾਈ। ਮੈਂ ਉਨ੍ਹਾਂ ਸ਼ਹੀਦਾਂ ਨੂੰ ਸਲਾਮ ਕਰਦਾ ਹਾਂ, ਜਿਨ੍ਹਾਂ ਨੇ ਕਾਰਗਿਲ ‘ਚ ਮਾਤ ਭੂਮੀ ਦੀ ਰੱਖਿਆ ਲਈ ਮਹਾਨ ਕੁਰਬਾਨੀ ਦਿੱਤੀ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਅਸੀਂ ਸਿਰਫ ਕਾਰਗਿਲ ਦੀ ਜੰਗ ਨਹੀਂ ਜਿੱਤੀ, ਸਗੋਂ ਸੱਚ ਦੀ ਵੀ ਜਿੱਤ ਹੋਈ ਹੈ। ਉਸ ਸਮੇਂ ਭਾਰਤ ਸ਼ਾਂਤੀ ਲਈ ਕੰਮ ਕਰ ਰਿਹਾ ਸੀ ਪਰ ਪਾਕਿਸਤਾਨ ਨੇ ਦੁਨੀਆ ਨਾਲ ਧੋਖਾ ਕੀਤਾ ਅਤੇ ਹਾਰ ਦਾ ਮੂੰਹ ਦੇਖਣਾ ਪਿਆ। ਪਾਕਿਸਤਾਨ ਨੇ ਆਪਣੇ ਇਤਿਹਾਸ ਤੋਂ ਕੁਝ ਨਹੀਂ ਸਿੱਖਿਆ।
ਉਨ੍ਹਾਂ ਕਿਹਾ ਕੁਝ ਹੀ ਦਿਨਾਂ ‘ਚ ਧਾਰਾ 370 ਨੂੰ ਰੱਦ ਕੀਤੇ ਪੰਜ ਸਾਲ ਹੋ ਜਾਣਗੇ। ਅੱਜ ਜੰਮੂ-ਕਸ਼ਮੀਰ ਵਿੱਚ ਜੀ-20 ਵਰਗੀਆਂ ਕਾਨਫਰੰਸਾਂ ਹੋ ਰਹੀਆਂ ਹਨ। ਕਸ਼ਮੀਰ ‘ਚ ਦਹਾਕਿਆਂ ਬਾਅਦ ਸਿਨੇਮਾ ਹਾਲ ਖੁੱਲ੍ਹੇ ਹਨ। ਸ਼੍ਰੀਨਗਰ ‘ਚ ਤਿੰਨ ਦਹਾਕਿਆਂ ਬਾਅਦ ਤਾਜੀਆ ਨਿਕਲਿਆ ਹੈ। ਜੰਮੂ-ਕਸ਼ਮੀਰ ਸ਼ਾਂਤੀ ਅਤੇ ਸਦਭਾਵਨਾ ਦੇ ਰਾਹ ‘ਤੇ ਤੇਜ਼ੀ ਨਾਲ ਅੱਗੇ ਵੱਧ ਰਿਹਾ ਹੈ।