ਚੰਡੀਗੜ੍ਹ, 25 ਜੁਲਾਈ 2024: ਹਰਿਆਣਾ (Haryana) ਦੇ ਮੁੱਖ ਚੋਣ ਅਧਿਕਾਰੀ ਪੰਕਜ ਅਗਰਵਾਲ ਨੇ ਕਿਹਾ ਕਿ ਭਾਰਤੀ ਚੋਣ ਕਮਿਸ਼ਨ ਨੇ ਵੋਟਰ ਸੂਚੀ (Voter list) ਵਿਚ ਵਿਸ਼ੇਸ਼ ਸੰਖੇਪ ਸੋਧ ਪ੍ਰੋਗਰਾਮ ‘ਚ ਬਦਲਾਅ ਕੀਤਾ ਹੈ। ਇਸ ਬਾਰੇ ਮੁੱਖ ਚੋਣ ਅਫ਼ਸਰ ਨੇ ਦੱਸਿਆ ਕਿ ਕਮਿਸ਼ਨ ਵੱਲੋਂ ਜਾਰੀ ਕੀਤੇ ਗਏ ਸੋਧੇ ਹੋਏ ਸ਼ਡਿਊਲ ਅਨੁਸਾਰ 25 ਜੂਨ ਤੋਂ 1 ਅਗਸਤ, 2024 ਤੱਕ ਪੂਰਵ ਸੰਸ਼ੋਧਿਤ ਗਤੀਵਿਧੀਆਂ ਕੀਤੀਆਂ ਜਾਣਗੀਆਂ। ਡਰਾਫਟ ਵੋਟਰ ਸੂਚੀ 2 ਅਗਸਤ, 2024 ਨੂੰ ਪ੍ਰਕਾਸ਼ਿਤ ਕੀਤੀ ਜਾਵੇਗੀ।
ਪੰਕਜ ਅਗਰਵਾਲ ਨੇ ਦੱਸਿਆ ਕਿ ਦਾਅਵੇ ਅਤੇ ਇਤਰਾਜ਼ 2 ਤੋਂ 16 ਅਗਸਤ 2024 ਤੱਕ ਦਰਜ ਕਰਵਾਏ ਜਾ ਸਕਦੇ ਹਨ। ਦਾਅਵਿਆਂ ਅਤੇ ਇਤਰਾਜ਼ਾਂ ਦਾ ਨਿਪਟਾਰਾ 26 ਅਗਸਤ ਤੱਕ ਕੀਤਾ ਜਾਵੇਗਾ। ਮੁੱਖ ਚੋਣ ਅਫ਼ਸਰ ਦੇ ਦਫ਼ਤਰ ਵੱਲੋਂ ਬੀ.ਐਲ.ਓਜ਼ ਨੂੰ ਪੋਲਿੰਗ ਸਟੇਸ਼ਨ ‘ਤੇ ਹਾਜ਼ਰ ਰਹਿਣ ਲਈ 3, 4, 10 ਅਤੇ 11 ਅਗਸਤ ਦੀਆਂ ਵਿਸ਼ੇਸ਼ ਮਿਤੀਆਂ ਜਾਰੀ ਕੀਤੀਆਂ ਗਈਆਂ ਹਨ।
ਉਨ੍ਹਾਂ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਆਪਣੇ ਬੂਥ ਲੈਵਲ ਏਜੰਟਾਂ ਨੂੰ ਇਨ੍ਹਾਂ ਮਿਤੀਆਂ ‘ਤੇ ਬੀ.ਐਲ.ਓਜ਼ ਨਾਲ ਸੰਪਰਕ ਕਰਨ ਲਈ ਕਹਿਣ ਅਤੇ ਉਹ ਪੋਲਿੰਗ ਸਟੇਸ਼ਨਾਂ ‘ਤੇ ਮੌਜੂਦ ਰਹਿਣ। ਵੋਟਰ ਸੂਚੀ ‘ਚ ਆਪਣਾ ਨਾਮ ਦਰਜ ਹੋਣ ਤੋਂ ਬਿਨਾਂ ਕੋਈ ਵੀ ਨਾਗਰਿਕ ਆਪਣੀ ਵੋਟ ਨਹੀਂ ਪਾ ਸਕਦਾ, ਇਸ ਲਈ ਯੋਗ ਨਾਗਰਿਕ ਆਪਣੀ ਵੋਟ ਜ਼ਰੂਰ ਬਣਵਾਉਣ। ਉਨ੍ਹਾਂ ਦੱਸਿਆ ਕਿ ਵੋਟਰ ਸੂਚੀ ਦੀ ਅੰਤਿਮ ਪ੍ਰਕਾਸ਼ਨਾ 27 ਅਗਸਤ 2024 ਨੂੰ ਕੀਤੀ ਜਾਵੇਗੀ। ਪਹਿਲੀ ਸੋਧੀ ਹੋਈ ਵੋਟਰ ਸੂਚੀ 25 ਜੁਲਾਈ ਨੂੰ ਪ੍ਰਕਾਸ਼ਿਤ ਕੀਤੀ ਜਾਣੀ ਸੀ। ਹੁਣ ਕਮਿਸ਼ਨ ਨੇ ਇਸ ਪ੍ਰੋਗਰਾਮ ‘ਚ ਸੋਧ ਕੀਤੀ ਹੈ।




